5 Dariya News

ਪ੍ਰਾਈਵੇਟ ਸਕੂਲਾਂ ਵੱਲੋਂ ਲੋਕਾਂ ਦੀ ਲੁੱਟ ਜਾਰੀ

5 Dariya News (ਜਸਪ੍ਰੀਤ ਜੱਸੀ)

ਕੁਰਾਲੀ 04-Apr-2017

ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਹਰੇਕ ਸਾਲ ਦਾਖਲਿਆਂ ਦੇ ਨਾਮ ਤੇ ਹਜ਼ਾਰਾਂ ਰੁਪਏ ਭੋਲੇ ਭਾਲੇ ਲੋਕਾਂ ਨੂੰ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਸਕੂਲਾਂ ਵਾਲੇ ਬੱਚਿਆਂ ਨੂੰ ਕਿਤਾਬਾਂ ਆਪਣੇ ਚਹੇਤਿਆਂ ਤੋਂ ਲੈਣ ਲਈ ਮਜਬੂਰ ਕਰਦੇ ਹਨ ਜਿਸ ਸਬੰਧੀ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ।ਸਥਾਨਕ ਸ਼ਹਿਰ ਦੇ ਮੋਰਿੰਡਾ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਸਕੂਲ ਦੇ ਨੇੜੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੀ ਇਕ ਫਰਮ ਵੱਲੋਂ ਖੋਲ੍ਹੀ ਗਈ ਕਿਤਾਬਾਂ ਦੀ ਦੁਕਾਨ ਦੇ ਮਾਲਕ 'ਤੇ ਮਹਿੰਗੇ ਰੇਟ ਵਿਚ ਕਿਤਾਬਾਂ ਵੇਚਣ ਦਾ ਦੋਸ਼ ਲਗਾਉਂਦੇ ਹੋਏ ਇਸ ਸਬੰਧੀ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਸੂਚਿਤ ਕਰਕੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਦੱਸਿਆ ਕਿ ਮੋਰਿੰਡਾ ਰੋਡ ਉਤੇ ਚੱਲ ਰਹੇ ਸਕੂਲ ਦੀਆਂ ਕਿਤਾਬਾਂ ਸਕੂਲ ਦੇ ਨਾਲ ਇਕ ਦੁਕਾਨ ਉਤੇ ਵੇਚੀਆਂ ਜਾ ਰਹੀਆਂ ਹਨ। ਇਸ ਮਾਮਲੇ ਸਬੰਧੀ ਮਾਪਿਆਂ ਨੇ ਤੁਰੰਤ ਫੋਨ ਉਤੇ ਡਿਪਟੀ ਕਮਿਸ਼ਨਰ ਐੱਸ. ਏ. ਐੱਸ. ਨਗਰ ਅਤੇ ਐਸ. ਡੀ. ਐਮ ਖਰੜ ਨੂੰ ਸੂਚਿਤ ਕੀਤਾ, ਜਿਸ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਵਨਾ ਸੇਤੀਆ ਦੀ ਅਗਵਾਈ ਵਾਲੀ ਟੀਮ ਨੇ ਮੌਕੇ ਉਤੇ ਪੁੱਜ ਕੇ ਮਾਮਲੇ ਦੀ ਜਾਂਚ ਕੀਤੀ। ਇਸੇ ਤਰ੍ਹਾਂ ਕਈ ਹੋਰ ਪ੍ਰਾਈਵੇਟ ਸਕੂਲਾਂ ਵਾਲੇ ਆਪਣੇ ਚਹੇਤੇ ਕਿਤਾਬਾਂ ਵਾਲਿਆਂ ਤੋਂ ਕਿਤਾਬਾਂ ਲੈਣ ਲਈ ਮਾਪਿਆਂ ਨੂੰ ਮਜਬੂਰ ਕਰ ਰਹੇ ਹਨ ਤੇ ਮੇਨ ਬਜਾਰ ਦੇ ਇੱਕ ਦੁਕਾਨਦਾਰ ਵੱਲੋਂ ਮਾਪਿਆਂ ਨੂੰ ਆਪਣੀਆਂ ਕਿਤਾਬਾਂ ਸਿੱਧਾ ਗੋਦਾਮ ਵਿਚੋਂ ਦਿੱਤੀਆਂ ਜਾ ਰਹੀਆਂ ਹਨ। ਕਿਤਾਬਾਂ ਵਿਚ ਲੁੱਟ ਦੇ ਨਾਲ ਪ੍ਰਾਈਵੇਟ ਸਕੂਲ ਵਾਲੇ ਮਾਪਿਆਂ ਨੂੰ ਬਿਲਡਿੰਗ ਫੰਡ ਸਮੇਤ ਹੋਰ ਹਜ਼ਾਰਾਂ ਰੁਪਏ ਦੇ ਫੰਡ ਦੇਣ ਲਈ ਮਜਬੂਰ ਕਰਕੇ ਭੋਲੇ ਭਾਲੇ ਲੋਕਾਂ ਦੀ ਲੁੱਟ ਤੇ ਲੱਗੇ ਹੋਏ ਹਨ ਜਿਸ ਸਬੰਦੀ ਜਿਲ੍ਹਾ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਹੈ। ਇਸ ਸਬੰਧੀ ਮਾਪਿਆਂ ਨੇ ਕਿਹਾ ਕਿ ਸਕੂਲਾਂ ਵੱਲੋਂ ਲਈ ਜਾ ਰਹੀ ਨਜਾਇਜ਼ ਫੀਸ ਅਤੇ ਚਹੇਤੇ ਦੁਕਾਨਦਾਰਾਂ ਤੋਂ ਮਿਲ ਰਹੀਆਂ ਕਿਤਾਬਾਂ ਦੀ ਜਾਂਚ ਜਿਲ੍ਹਾ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ।