5 Dariya News

ਪੰਜਾਬ ਐਸ.ਸੀ. ਕਮਿਸ਼ਨ ਵਲੋਂ ਭਲਾਈ ਵਿਭਾਗ ਨੂੰ ਜਾਅਲੀ ਐਸ. ਸੀ. ਜਾਤੀ ਸਰਟੀਫਿਕੇਟਾਂ ਦੀ ਰਿਪੋਰਟ 15 ਦਿਨਾਂ 'ਚ ਪੇਸ਼ ਕਰਨ ਦੇ ਹੁਕਮ

ਪੰਜਾਬ ਪੁਲੀਸ ਦਲਿਤਾਂ 'ਤੇ ਹੁੰਦੇ ਅੱਤਿਆਚਾਰਾਂ ਵਿਰੁੱਧ ਕਾਰਵਾਈ ਰਿਪੋਰਟ ਹਰ ਮਹੀਨੇ ਪੇਸ਼ ਕਰਨ ਦੇ ਹੁਕਮ

5 Dariya News

ਚੰਡੀਗੜ੍ਹ 30-Mar-2017

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਭਲਾਈ ਵਿਭਾਗ, ਪੰਜਾਬ ਨੂੰ ਸੂਬੇ ਭਰ 'ਚ ਅਨੁਸੂਚਿਤ ਜਾਤੀ ਦੇ ਜਾਅਲੀ ਸਰਟੀਫਿਕੇਟ ਬਣਾਉਣ ਸਬੰਧੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਸਮੁੱਚੀ ਰਿਪੋਰਟ 15 ਦਿਨਾਂ 'ਚ ਕਮਿਸ਼ਨ ਸਨਮੁੱਖ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।ਕਮਿਸ਼ਨ ਦੀ ਮੀਟਿੰਗ ਮਗਰੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਐਸ.ਸੀ. ਕਮਿਸ਼ਨ ਵਲੋਂ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਅਨੇਕਾਂ ਮਸਲੇ ਜੋ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸਨ, ਨੂੰ ਵਿਚਾਰਿਆ ਗਿਆ ਅਤੇ ਉਨ੍ਹਾਂ ਮਾਮਲਿਆਂ ਨੂੰ ਸਮਾਂਬੱਧ ਢੰਗ ਨਾਲ ਨਜਿੱਠਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਭਲਾਈ ਵਿਭਾਗ, ਪੰਜਾਬ ਨੂੰ ਸੂਬੇ ਭਰ 'ਚ ਅਨੁਸੂਚਿਤ ਜਾਤੀ ਦੇ ਜਾਅਲੀ ਸਰਟੀਫਿਕੇਟ ਬਣਾਉਣ ਸਬੰਧੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਸਮੁੱਚੀ ਰਿਪੋਰਟ 15 ਦਿਨਾਂ 'ਚ ਕਮਿਸ਼ਨ ਸਨਮੁੱਖ ਪੇਸ਼ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾ ਸਕੇ। ਉਨ੍ਹਾਂ ਦੱਸਿਆ ਕਿ ਪੁਲੀਸ ਵਿਭਾਗ ਨੂੰ ਪੰਜਾਬ 'ਚ ਦਲਿਤਾਂ 'ਤੇ ਹੋ ਰਹੇ ਅੱਤਿਆਚਾਰ ਦੀ ਮਹੀਨਾਵਾਰ ਰਿਪੋਰਟ ਕਮਿਸ਼ਨ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।ਸ੍ਰੀ ਬਾਘਾ ਨੇ ਦੱਸਿਆ ਕਿ ਭਲਾਈ ਵਿਭਾਗ ਨੂੰ ਇਹ ਵੀ ਕਿਹਾ ਗਿਆ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵੱਖ-ਵੱਖ ਕਾਲਜਾਂ 'ਚ ਪੜ੍ਹ ਰਹੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੇ ਸਕਾਲਰਸ਼ਿਪ ਫੰਡਾਂ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਸਬੰਧਤ ਵਿਦਿਆਰਥੀਆਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ।

ਸ੍ਰੀ ਬਾਘਾ ਨੇ ਦੱਸਿਆ ਕਿ ਪੁਲੀਸ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਅੱਤਿਆਚਾਰ ਨਿਵਾਰਨ (ਐਟਰੋਸਿਟੀ ਐਕਟ) ਐਕਟ 'ਚ ਕੀਤੀ ਗਈ ਸੋਧ ਅਨੁਸਾਰ ਜਨਤਕ ਸਥਾਨਾਂ, ਪੁਲੀਸ ਥਾਣਿਆਂ, ਸਰਕਾਰੀ ਦਫ਼ਤਰਾਂ ਵਿਖੇ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਵੇਰਵਾ ਦਰਸਾਉਂਦੇ ਬੋਰਡਾਂ ਲਗਾਏ ਜਾਣ ਤਾਂ ਜੋ ਅਨੁਸੂਚਿਤ ਜਾਤੀ ਵਰਗ ਦੇ ਲੋਕ ਜਾਗਰੂਕ ਹੋ ਸਕਣ ਅਤੇ ਆਪਣੀਆਂ ਮੁਸ਼ਕਲਾਂ ਸਬੰਧੀ ਪੰਜਾਬ ਐਸ.ਸੀ. ਕਮਿਸ਼ਨ ਤੱਕ ਪਹੁੰਚ ਕਰ ਸਕਣ।ਇਸ ਮੌਕੇ ਕਮਿਸ਼ਨ ਦੇ ਵਾਈਸ ਚੇਅਰਮੈਨ ਸ੍ਰੀ ਰਾਜਿੰਦਰ ਸਿੰਘ ਗੁੱਡੂ ਅਤੇ ਸਾਬਕਾ ਖੇਤੀਬਾੜੀ ਮੰਤਰੀ ਸ. ਗੁਰਦੇਵ ਸਿੰਘ ਬਾਦਲ ਦੇ ਅਕਾਲ ਚਲਾਣੇ 'ਤੇ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਮੌਕੇ ਏ.ਡੀ.ਜੀ.ਪੀ. (ਕਰਾਈਮ) ਸ੍ਰੀ ਇਕਬਾਲਪ੍ਰੀਤ ਸਿੰਘ ਸਹੋਤਾ, ਸੰਯੁਕਤ ਡਾਇਰੈਕਟਰ ਸਥਾਨਕ ਸਰਕਾਰ ਵਿੰਨੀ ਭੁੱਲਰ, ਸ. ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ, ਭਲਾਈ ਵਿਭਾਗ, ਪੰਜਾਬ, ਪੰਜਾਬ ਐਸ.ਸੀ. ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਰਾਜ ਸਿੰਘ, ਡਾਇਰੈਕਟਰ ਐਸ.ਸੀ./ਬੀ.ਸੀ. ਸਬ-ਪਲਾਨ ਸ੍ਰੀ ਰਾਜ ਬਹਾਦਰ ਸਿੰਘ, ਸ੍ਰੀਮਤੀ ਭਾਰਤੀ ਕਨੇਡੀ, ਸ੍ਰੀ ਬਾਬੂ ਸਿੰਘ ਪੰਜਾਵਾ, ਸ੍ਰੀ ਗਿਆਨ ਚੰਦ ਦਿਵਾਲੀ, ਸ੍ਰੀ ਪ੍ਰਭ ਦਿਆਲ ਰਾਮਪੁਰ, ਸ੍ਰੀ ਰਾਜ ਕੁਮਾਰ ਹੰਸ, ਸ੍ਰੀ ਤਰਸੇਮ ਸਿੰਘ ਸਿਆਲਕਾ ਅਤੇ ਸ੍ਰੀ ਦਰਸ਼ਨ ਸਿੰਘ (ਸਾਰੇ ਗੈਰ-ਸਰਕਾਰੀ ਮੈਂਬਰ) ਹਾਜ਼ਰ ਸਨ।