ਸਿਫਰ ਕਾੱਲ ‘ਚ ਆਪ ਨੇ ਉਠਾਏ ਆਲੂ, ਵਾਟਰ ਵਰਕਸ ਬਿਜਲੀ ਕੁਨੈਕਸ਼ਨ ਅਤੇ ਅਵਾਰਾ ਪਸ਼ੂਆਂ ਸਮੇਤ ਕਈ ਅਹਿਮ ਮੁੱਦੇ
5 Dariya News
ਚੰਡੀਗੜ 29-Mar-2017
ਪੰਜਾਬ ਵਿਧਾਨ ਸਭਾ ਸ਼ੈਸਨ ਦੇ ਆਖਿਰੀ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਿਫਰ ਕਾੱਲ ਦੌਰਾਨ ਸੜਕਾਂ ਤੇ ਰੁਲ ਰਹੇ ਆਲੂ ਉਤਪਾਦਕਾਂ ਸਮੇਤ ਕਈ ਅਹਿਮ ਮੁੱਦੇ ਉਠਾਏ। ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਆਲੂ ਉਤਪਾਦਕ ਬੇਹੱਦ ਨਾਜੁਕ ਦੌਰ ਵਿਚੋਂ ਗੁਜਰ ਰਹੇ ਹਨ ਕਿਉਕਿ ਆਲੂਆਂ ਦਾ ਭਾਅ ਪ੍ਰਤੀ ਕਿਲੋ 2 ਰੁਪਏ ਤੱਕ ਗਿਰ ਗਿਆ ਹੈ। ਆਲੂ ਉਤਪਾਦਕਾਂ ਨੂੰ ਬਚਾਉਣ ਲਈ ਉਨਾਂ ਨੂੰ ਪੰਜਾਬ ਸਰਕਾਰ ਤੋਂ ਫਰੇਟ (ਟਰਾਂਸਪੋਰਟ) ਸਬਸਿਡੀ ਦੀ ਮੰਗ ਕੀਤੀ ਤਾਂਕਿ ਦੂਸਰੇ ਸੂਬਿਆਂ ਵਿਚ ਆਲੂ ਭੇਜੇ ਜਾ ਸਕਣ। ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪਾਵਰ ਕਾੱਮ ਵਲੋਂ ਪਿੰਡਾਂ ਦੇ ਵਾਟਰ ਵਰਕਸਾਂ ਦੇ ਪੰਚਾਇਤਾਂ ਵਲੋਂ ਬਿੱਲ ਨਾ ਭਰੇ ਜਾਣ ਕਾਰਨ ਕੁਨੈਕਸ਼ਨ ਕੱਟੇ ਜਾਣ ਦਾ ਮੁੱਦਾ ਉਠਾਉਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਜਦ ਤੱਕ ਕੋਈ ਠੋਸ ਫੈਸਲਾ ਨਹੀਂ ਲੈਂਦੀ ਉਦੋਂ ਤੱਕ ਪੀਣ ਯੋਗ ਪਾਣੀ ਦੀ ਸਪਲਾਈ ਜਾਰੀ ਰੱਖਣ ਲਈ ਕੱਟੇ ਗਏ ਕੁਨੈਕਸ਼ਨ ਤੁਰੰਤ ਬਹਾਲ ਕੀਤੇ ਜਾਣ। ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਅਵਾਰਾ ਪਸ਼ੂਆਂ ਅਤੇ ਖਸਤਾ ਹਾਲ ਰੋਡ ਟ੍ਰੈਫਿਕ ਵਿਵਸਥਾ ਕਾਰਨ ਵਾਪਰਦੇ ਸੜਕ ਹਾਦਸਿਆਂ ਦਾ ਮੁੱਦਾ ਉਠਾਇਆ। ਉਨਾਂ ਪਿਛਲੀ ਦਿਨੀ ਤਲਵੰਡੀ ਸਾਬੋ ਦੇ ਇਕ ਪਰਿਵਾਰ ਦੇ ਸਾਰੇ ਕਮਾਉ ਮੈਂਬਰਾ ਦੇ ਸੜਕ ਹਾਦਸੇ ਵਿਚ ਮਾਰੇ ਜਾਣ ਦਾ ਹਵਾਲਾ ਦਿੰਦੇ ਹੋਏ ਸੜਕ ਹਾਦਸਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਮਾਲੀ ਮਦਦ ਦੀ ਮੰਗ ਕੀਤੀ। ਉਨਾਂ ਤਲਵੰਡੀ ਸਾਬੋ ਹਲਕੇ ਵਿਚ ਖਸਤਾ ਸਿਹਤ ਸੇਵਾਵਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਉਸ ਇਲਾਕੇ ਵਿਚ ਬਿਹਤਰੀਨ ਸਰਕਾਰੀ ਹਸਪਤਾਲ ਹੋਣਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਉਤੇ ਪੀੜਿਤਾਂ ਨੂੰ ਤੁਰੰਤ ਇਲਾਜ ਸੰਭਵ ਹੋ ਸਕੇ।