5 Dariya News

ਅਜ਼ਾਦੀ ਘੁਲਾਟੀਏ ਗੁਰਬਚਨ ਸਿੰਘ ਕਾਦੀਮਾਜਰਾ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਸੰਸਕਾਰ

5 Dariya News (ਜਸਪ੍ਰੀਤ ਜੱਸੀ)

ਕੁਰਾਲੀ 27-Mar-2017

ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਅਜ਼ਾਦੀ ਘੁਲਾਟੀਏ ਗੁਰਬਚਨ ਸਿੰਘ ਕਾਦੀਮਾਜਰਾ (95) ਦਾ ਉਨਾਂ੍ਹ ਦੇ ਜੱਦੀ ਪਿੰਡ ਕਾਦੀਮਾਜਰਾ ਵਿਖੇ ਦਿਹਾਂਤ ਹੋ ਗਿਆ। ਉਨ੍ਹਾਂ ਦਾ ਜਨਮ  15 ਜੂਨ 1922 ਨੂੰ ਭਗਵਾਨ ਸਿੰਘ ਦੇ ਗ੍ਰਹਿ ਵਿਖੇ ਪਿੰਡ ਕਾਦੀਮਾਜਰਾ ਵਿਖੇ ਹੋਇਆ ਸੀ। ਉਹ ਆਪਣੇ ਪੰਜ ਲੜਕੇ ਅਤੇ ਤਿੰਨ ਲੜਕੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਅਜ਼ਾਦੀ ਘੁਲਾਟੀਏ ਗੁਰਬਚਨ ਸਿੰਘ ਕਾਦੀਮਾਜਾਰਾ ਦਾ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਜਿਲਾ੍ਹ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ ਅਮਨਿੰਦਰ ਕੌਰ ਅਤੇ ਤਹਿਸੀਲਦਾਰ ਗੁਰਮਿੰਦਰ ਸਿੰਘ ਨੇ ਮ੍ਰਿਤਕ ਦੇਹ ਤੇ ਰੀਥ ਰੱਖਕੇ  ਉਨ੍ਹਾਂ ਨੂੰ ਸਰਧਾਂਜ਼ਲੀ ਭੇਂਟ ਕੀਤੀ। ਇਸ ਤੋਂ ਪਹਿਲਾਂ ਮ੍ਰਿਤਕ ਦੇਹ ਨੂੰ ਪੰਜਾਬ ਪੁਲਿਸ ਦੇ ਜਵਾਨਾਂ ਦੀ ਟੁਕੜੀ ਵੱਲੋਂ ਹਥਿਆਰ ਪੁੱਠੇ ਕਰਕੇ ਸਲਾਮੀ ਦਿੱਤੀ ਗਈ। ਇਸ ਮੌਕੇ ਪਿੰਡ ਕਾਦੀਮਾਜਰਾ ਅਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਅੰਤਿਮ ਸਸਕਾਰ ਵਿਚ ਸ਼ਾਮਲ ਹੋਏ। ਇਥੇ ਇਹ ਵਰਨਣ ਯੋਗ ਹੈ ਕਿ ਸਾਲ 1942 ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਵੱਲੋਂ ਬਣਾਈ ਅਜ਼ਾਦ ਹਿੰਦ ਫੌਜ ਵਿਚ ਭਰਤੀ ਹੋ ਗਏ ਸਨ। ਉਨਾਂ੍ਹ ਨੇ 1945 ਵਿਚ ਰੰਗੂਣ ਜੇਲ੍ਹ ਬ੍ਰਹਮਾ ਵਿਖੇ 9 ਮਹੀਨੇ 11 ਦਿਨ ਦੀ ਜੇਲ੍ਹ ਵੀ ਕੱਟੀ ਸੀ। ਸਵਰਗੀ ਗੁਰਬਚਨ ਸਿੰਘ ਕਾਦੀਮਾਜਰਾ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਪੈਨਸ਼ਨ ਵੀ ਦਿੱਤੀ ਜਾਂਦੀ ਸੀ।