5 Dariya News

ਪੰਜਾਬ ਵਿੱਚ ਮੁਫ਼ਤ ਪ੍ਰੀਵੈਨਟਿਵ ਹੈਲਥ ਚੈਕਅੱਪ ਅਧੀਨ 11178 ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਦੀ ਕੀਤੀ ਗਈ ਜਾਂਚ - ਬ੍ਰਹਮ ਮਹਿੰਦਰਾ

ਜਿਆਦਾ ਤਰ ਔਰਤਾਂ ਨੂੰ ਪਹਿਲੀ ਵਾਰ ਬਿਮਾਰੀ ਦੀ ਪਹਿਚਾਣ ਹੋਈ, 10 ਲੀਵਰ, 2 ਬ੍ਰੈਸਟ ਕੈਂਸਰ, 7 ਸਰਵਿਕਸ ਕੈਂਸਰ ਦਾ ਸ਼ੱਕੀ ਕੇਸ ਸਾਹਮਣੇ ਆਏ

5 Dariya News

ਚੰਡੀਗੜ੍ਹ 26-Mar-2017

ਪੰਜਾਬ ਵਿੱਚ ਮੁਫ਼ਤ ਪ੍ਰੀਵੈਨਟਿਵ ਹੈਲਥ ਚੈਕਅੱਪ ਅਧੀਨ 11178 ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਦੀ ਜਾਂਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਇਸ ਚੈਕਅੱਪ ਦਾ ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਵਿੱਚ ਬਲੱਡ ਪ੍ਰੈਸ਼ਰ, ਅਨੀਮੀਆ, ਸ਼ੂਗਰ, ਜਿਗਰ ਦੀਆਂ ਬਿਮਾਰੀਆਂ ਅਤੇ ਗੁਰਦੇ ਦੀਆਂ ਬਿਮਾਰੀਆਂ ਦੇ ਚੈਕਅੱਪ ਕੀਤੇ ਗਏ। ਇਸ ਜਾਂਚ ਮੌਹਿਮ ਦੌਰਾਨ ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਨੇ ਦਿਲਚਸਪੀ ਦਿਖਾਈ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਦੌਰਾਨ ਸੁਰੂ ਕੀਤੇ ਗਏ ਹੈਲਥ ਚੈਕਅੱਪ  ਦਾ ਮੁੱਖ ਉਦੇਸ ਖਾਸ ਕਰਕੇ ਮਹਿਲਾਵਾਂ ਨੂੰ ਜਾਗਰੁਕ ਕਰਨਾ ਹੈ।ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਇਸ ਵਿਸ਼ੇਸ਼ ਉਪਰਾਲੇ ਅਧੀਨ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 2924 ਔਰਤਾਂ, ਲੁਧਿਆਣਾ ਵਿੱਚ 1049, ਜਲੰਧਰ ਵਿੱਚ 1024 ਔਰਤਾਂ ਦਾ ਚੈਕਅੱਪ ਕੀਤਾ ਗਿਆ। ਇਨਾਂ ਕੁੱਲ 11178 ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਵਿੱਚੋਂ 1663 ਨੂੰ ਅਨੀਮੀਆ, 516 ਨੂੰ ਮੋਟਾਪੇ, 1396 ਨੂੰ ਬਲੱਡ ਪ੍ਰੈਸ਼ਰ (ਹਾਈਪਰਟੈਂਸ਼ਨ), 642 ਨੂੰ ਸ਼ੂਗਰ ਦੇ ਕੇਸ ਸਾਹਮਣੇ ਆਏ ਹਨ। 

ਇਨਾਂ ਤੋਂ ਇਲਾਵਾ 10 ਲੀਵਰ, 2 ਬ੍ਰੈਸਟ ਕੈਂਸਰ, 7 ਸਰਵਿਕਸ ਕੈਂਸਰ ਦਾ ਸ਼ੱਕੀ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਨੂੰ ਪਹਿਲੀ ਵਾਰ ਬਿਮਾਰੀ ਦੀ ਪਹਿਚਾਣ ਹੋਈ ਹੈ।ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਮੰਤਰੀ ਨੇ ਅਪੀਲ ਕੀਤੀ ਹੈ ਕਿ ਸਲਾਨਾ ਸਿਹਤ ਜਾਂਚ  ਅਧੀਨ 30 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਦਾ ਉਪਰੋਕਤ ਬਿਮਾਰੀਆਂ ਤੋਂ ਬਚਾਅ ਲਈ ਮੁਫ਼ਤ ਸਲਾਨਾ ਪ੍ਰੀਵੈਨਟਿਵ ਚੈਕਅੱਪ ਦਾ ਲੋਕ ਵੱਧ ਤੋਂ ਵੱਧ ਲਾਭ ਉਠਾਉਣ। ਇਸ ਅਧੀਨ 30 ਸਾਲ ਤੋਂ ਜਿਆਦਾ ਉਮਰ ਦੇ ਹਰ ਵਿਅਕਤੀਆਂ ਦੀ ਜਾਂਚ ਡਾਕਟਰਾਂ ਵੱਲੋਂ ਸਾਰੇ ਸਮੂਹਦਾਇਕ ਸਿਹਤ ਕੇਂਦਰਾਂ ਵਿੱਚ ਹਰ ਸ਼ਨੀਵਾਰ ਨੂੰ ਮੁਫ਼ਤ ਕੀਤੀ ਜਾਂਦੀ ਹੈ।ਪੰਜਾਬ ਸਰਕਾਰ ਦੀ ਵਧੀਕ ਮੁੱਖ ਸਕੱਤਰ (ਸਿਹਤ) ਸ਼੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਚੰਗੀ ਸਿਹਤ ਲਈ ਖਾਣ-ਪੀਣ ਦੇ ਤੌਰ ਤਰੀਕਿਆਂ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ। ਇਸ ਲਈ ਨਿਰੰਤਰ ਕਸਰਤ ਕੀਤੀ ਜਾਣੀ ਚਾਹੀਦੀ ਹੈ। ਫ਼ਲ ਅਤੇ ਸਬਜ਼ੀਆਂ ਦਾ ਜ਼ਿਆਦਾ ਇਸਤੇਮਾਲ ਅਤੇ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖਾਣੇ ਵਿੱਚ ਆਇਓਡੀਨ ਯੁਕਤ ਨਮਕ ਅਤੇ ਜੇਕਰ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਮਰੀਜ ਹੈ ਤਾਂ ਨਮਕ ਘੱਟ ਖਾਣਾ ਚਾਹੀਦਾ ਹੈ। ਇਸੇ ਤਰ੍ਹਾਂ ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।