5 Dariya News

ਮੁੱਖ ਮੰਤਰੀ ਨੇ ਜੇਲ੍ਹਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਮੀਟਿੰਗ ਸੱਦੀ

ਗੁਰਦਾਸਪੁਰ ਜੇਲ੍ਹ ਹਿੰਸਾ ਦੇ ਮੱਦੇਨਜ਼ਰ ਲਿਆ ਫੈਸਲਾ, ਮੁੱਖ ਮੰਤਰੀ ਵੱਲੋਂ ਜੇਲ੍ਹਾਂ ਵਿੱਚ ਲਗਾਤਾਰ ਵਾਪਰ ਰਹੀਆਂ ਘਟਨਾਵਾਂ 'ਤੇ ਚਿੰਤਾ ਜ਼ਾਹਰ

5 Dariya News

ਚੰਡੀਗੜ੍ਹ 25-Mar-2017

ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ ਵਾਪਰੀ ਹਿੰਸਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਗਲੇ ਹਫਤੇ ਪੁਲੀਸ ਅਤੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਦੀ ਉਚ ਪੱਧਰੀ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਜੇਲ੍ਹਾਂ ਵਿੱਚ ਲਗਾਤਾਰ ਵਾਪਰੀਆਂ ਹਿੰਸਾ ਅਤੇ ਮੁੱਠਭੇੜ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਜੇਲ੍ਹਾਂ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਜਾਵੇਗਾ।ਮੁੱਖ ਮੰਤਰੀ ਨੇ ਸੂਬੇ ਵਿੱਚ ਜੇਲ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਦੀ ਹਦਾਇਤ ਕਰਦਿਆਂ ਪਿਛਲੇ 10 ਸਾਲਾਂ ਦੇ ਬਾਦਲ ਸਰਕਾਰ ਦੇ ਕੁਸ਼ਾਸਨ ਦੌਰਾਨ ਜੇਲ੍ਹ ਸਿਸਟਮ ਵਿੱਚ ਆਏ ਨਿਘਾਰ ਨੂੰ ਖਤਮ ਕਰਕੇ ਵੱਡੇ ਸੁਧਾਰ ਲਿਆਉਣ ਦਾ ਵਾਅਦਾ ਕੀਤਾ।ਅਗਲੇ ਹਫਤੇ ਹੋਣ ਵਾਲੀ ਮੀਟਿੰਗ ਵਿੱਚ ਸਰਕਾਰ ਵੱਲੋਂ ਜੇਲ੍ਹ ਸੁਧਾਰਾਂ ਬਾਰੇ ਉਚ ਤਾਕਤੀ ਕਮੇਟੀ ਵੱਲੋਂ ਹਾਲ ਹੀ ਵਿੱਚ ਸੌਂਪੀ ਗਈ ਰਿਪੋਰਟ ਦੀ ਸਮੀਖਿਆ ਕੀਤੀ ਜਾਵੇ ਅਤੇ ਪੰਜਾਬ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਸੁਧਾਰ ਲਈ ਕਦਮ ਚੁੱਕੇ ਜਾਣਗੇ।ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ ਨੇ ਇਕ ਬਿਆਨ ਰਾਹੀਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਜੇਲ੍ਹ ਵਿੱਚ ਸਥਿਤੀ ਨਾਲ ਨਿਪਟਣ ਲਈ ਲੋੜੀਂਦੇ ਕਦਮ ਚੁੱਕਣ ਅਤੇ ਜੇਲ੍ਹ ਵਿੱਚ ਫੌਰੀ ਤੌਰ 'ਤੇ ਅਮਨ-ਕਾਨੂੰਨ ਦੀ ਸਥਿਤੀ ਬਹਾਲ ਕਰਨ ਨੂੰ ਯਕੀਨੀ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ।

ਪੰਜਾਬ ਦੀਆਂ ਜੇਲ੍ਹਾਂ ਵਿੱਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ 'ਤੇ ਫਿਕਰਮੰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰਦਾਸਪੁਰ ਜੇਲ੍ਹ ਵਿੱਚ ਹਿੰਸਾ ਪੈਦਾ ਹੋਣ ਤੋਂ ਬਾਅਦ ਉਹ ਪੁਲੀਸ, ਜੇਲ੍ਹ ਵਿਭਾਗ ਅਤੇ ਖੁਫੀਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਸਥਿਤੀ ਹੁਣ ਕਾਬੂ ਹੇਠ ਹੈ।ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਪਿਛਲੀ ਅਕਾਲੀ ਸਰਕਾਰ ਦੀ ਇਸ ਖਤਰਨਾਕ ਵਿਰਾਸਤ ਨੂੰ ਮਲੀਆਮੇਟ ਕਰਨ ਲਈ ਪੂਰੇ ਯਤਨ ਕਰੇਗੀ ਜਿਨ੍ਹਾਂ ਨੇ ਅਪਰਾਧੀਆਂ, ਮਾਫੀਆ ਅਤੇ ਗੁੰਡਿਆਂ ਨੂੰ ਬਿਨਾਂ ਕਿਸੇ ਡਰ-ਭੈਅ ਤੋਂ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਖੁੱਲ੍ਹ ਦਿੱਤੀ ਹੋਈ ਸੀ।ਗੁਰਦਾਸਪੁਰ ਜੇਲ੍ਹ ਘਟਨਾ ਦੀ ਮੁੱਢਲੀ ਰਿਪੋਰਟ ਵਿੱਚ ਸੂਬੇ ਦੇ ਗ੍ਰਹਿ ਸਕੱਤਰ ਸ੍ਰੀ ਐਨ.ਐਸ. ਕਲਸੀ ਨੇ ਦੱਸਿਆ ਕਿ 24 ਤੇ 25 ਮਾਰਚ ਦੀ ਰਾਤ ਦਰਮਿਆਨ ਪੁਲੀਸ ਦੀ ਦਖ਼ਲਅੰਦਾਜ਼ੀ ਰਾਹੀਂ ਸਥਿਤੀ ਨੂੰ ਸੁਲਝਾ ਲਿਆ ਹੈ। ਰਿਪੋਰਟ ਮੁਤਾਬਕ ਕਈ ਕਤਲ ਕੇਸਾਂ ਦਾ ਸਾਹਮਣਾ ਕਰ ਰਹੇ ਕੁਝ ਗੈਂਗਸਟਰਾਂ ਨੇ ਡਿਊਟੀ 'ਤੇ ਤਿੰਨ ਜੇਲ੍ਹ ਵਾਰਡਨਾਂ ਉਪਰ ਹਮਲਾ ਕਰਨ ਉਪਰੰਤ ਇਕ ਬੈਰਕ ਦੇ ਕੈਦੀਆਂ ਨੂੰ ਜੇਲ੍ਹ ਸਟਾਫ ਨਾਲ ਟਕਰਾਅ ਲਈ ਭੜਕਾਇਆ ਸੀ।

ਸ੍ਰੀ ਠੁਕਰਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਡਿਊਟੀ 'ਤੇ ਤਾਇਨਾਤ ਜੇਲ੍ਹ ਸਟਾਫ ਵੱਲੋਂ ਇਸ ਸਥਿਤੀ ਵਿੱਚ ਜ਼ਬਤ 'ਚ ਰਹਿਣ ਦੀ ਸ਼ਲਾਘਾ ਕੀਤੀ ਜਿਸ ਨਾਲ ਕਿਸੇ ਕੈਦੀ ਨੂੰ ਨੁਕਸਾਨ ਨਹੀਂ ਪਹੁੰਚਿਆ ਜਦਕਿ ਗੁੰਡਾ ਅਨਸਰਾਂ ਨੂੰ ਖਿੰਡਾਉਣ ਲਈ ਹਵਾ ਵਿੱਚ ਗੋਲੀਆਂ ਚਲਾਉਣੀਆਂ ਪਈਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਖਿਲਾਫ਼ ਜੇਲ੍ਹ ਸਟਾਫ 'ਤੇ ਹਮਲਾ ਕਰਨ, ਫਸਾਦ ਕਰਨ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤੇ ਗਏ ਹਨ।ਇਕ ਰਿਪੋਰਟ ਵਿੱਚ ਗ੍ਰਹਿ ਸਕੱਤਰ ਨੇ ਦੱਸਿਆ ਕਿ ਇਹ ਘਟਨਾ ਕਈ ਵਰ੍ਹਿਆਂ ਤੋਂ ਜੇਲ੍ਹ ਪ੍ਰਸ਼ਾਸਨ ਨੂੰ ਅਣਗੌਲਿਆ ਕਰਨ ਦਾ ਨਤੀਜਾ ਹੈ। ਇਨ੍ਹਾਂ ਵਿੱਚ ਜੇਲ੍ਹ ਸਟਾਫ ਦੀਆਂ ਪ੍ਰਵਾਨਿਤ ਅਸਾਮੀਆਂ ਵਿੱਚ 50 ਫੀਸਦੀ ਘਾਟ, ਜੇਲ੍ਹਾਂ ਵਿੱਚ ਨਿਕੰਮਾ ਪ੍ਰਸ਼ਾਸਨਿਕ ਢਾਂਚਾ ਅਤੇ ਲੋੜੀਂਦੇ ਸਾਜ਼ੋ-ਸਾਮਾਨ ਦੀ ਕਮੀ ਹੈ।ਰਿਪੋਰਟ ਮੁਤਾਬਕ ਸਾਲ 2011 ਤੋਂ ਸੂਬਾ ਭਰ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਹੰਗਾਮਾ ਅਤੇ ਹਿੰਸਾ ਦੀਆਂ ਦਰਜਨ ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਰਿਪੋਰਟ ਵਿੱਚ ਮਾਡਰਨ ਜੇਲ੍ਹ ਕਪੂਰਥਲਾ (2011), ਮਾਡਰਨ ਜੇਲ੍ਹ ਫਰੀਦਕੋਟ (2013, 2016, 2016), ਕੇਂਦਰੀ ਜੇਲ੍ਹ ਹੁਸ਼ਿਆਰਪੁਰ (2013), ਉਚ ਸੁਰੱਖਿਆ ਜੇਲ੍ਹ ਨਾਭਾ (2016), ਜ਼ਿਲ੍ਹਾ ਜੇਲ੍ਹ ਮਾਨਸਾ (2013), ਕੇਂਦਰੀ ਜੇਲ੍ਹ ਬਠਿੰਡਾ (2010, 2015, 2016, 2016) ਅਤੇ ਜ਼ਿਲ੍ਹਾ ਜੇਲ੍ਹ ਬਰਨਾਲਾ (2015, 2015) ਵਿੱਚ ਵਾਪਰੀਆਂ ਘਟਨਾਵਾਂ ਦਰਜ ਹਨ।ਸ੍ਰੀ ਠੁਕਰਾਲ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਅਗਲੇ ਹਫਤੇ ਹੋਣ ਜਾ ਰਹੀ ਮੀਟਿੰਗ ਵਿੱਚ ਇਨ੍ਹਾਂ ਸਾਰੇ ਮਾਮਲਿਆਂ 'ਤੇ ਵਿਸਥਾਰਤ ਰਿਪੋਰਟ ਪੇਸ਼ ਕਰਨ ਲਈ ਆਖਿਆ ਹੈ।