5 Dariya News

ਸਰਕਾਰੀ ਕੰਮਕਾਜ ਵਿੱਚ ਪਤੀ ਦੀ ਦਖ਼ਲਅੰਦਾਜ਼ੀ ਬਾਰੇ ਪ੍ਰਕਾਸ਼ਿਤ ਰਿਪੋਰਟਾਂ ਸਬੰਧੀ ਅਰੁਣਾ ਚੌਧਰੀ ਨਾਲ ਗੱਲ ਕਰਾਂਗਾ-ਮੁੱਖ ਮੰਤਰੀ

5 Dariya News

ਚੰਡੀਗੜ੍ਹ 23-Mar-2017

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਰਾਜ ਮੰਤਰੀ ਅਰੁਣਾ ਚੌਧਰੀ ਦੇ ਪਤੀ ਦੀ ਸਰਕਾਰੀ ਕੰਮਕਾਜ ਵਿੱਚ ਦਖ਼ਲਅੰਦਾਜ਼ੀ ਬਾਰੇ ਛਪੀਆਂ ਮੀਡੀਆ ਰਿਪੋਰਟਾਂ ਸਬੰਧੀ ਉਹ ਸ੍ਰੀਮਤੀ ਚੌਧਰੀ ਨਾਲ ਗੱਲ ਕਰਨਗੇ।ਇਕ ਟੈਲੀਵੀਜ਼ਨ ਚੈਨਲ ਨਾਲ ਮੁਲਾਕਾਤ ਦੌਰਾਨ ਇਕ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਮੰਨਿਆ ਕਿ ਇਹ ਸਹੀ ਤਰੀਕਾ ਨਹੀਂ ਹੈ ਅਤੇ ਨਾ ਹੀ ਇਸ ਨੂੰ ਅਣਡਿੱਠ ਕੀਤਾ ਜਾ ਸਕਦਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਸ੍ਰੀਮਤੀ ਚੌਧਰੀ ਨਾਲ ਗੱਲ ਕਰਨਗੇ ਜਿਨ੍ਹਾਂ ਨੂੰ ਨਵ-ਗਠਿਤ ਮੰਤਰੀ ਮੰਡਲ ਵਿੱਚ ਉਚੇਰੀ ਸਿੱਖਿਆ ਤੇ ਸਕੂਲ ਸਿੱਖਿਆ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਭਵਿੱਖ ਵਿੱਚ ਮੰਤਰੀ ਅਜਿਹੀ ਕਿਸੇ ਕਿਸਮ ਦੀ ਦਖ਼ਲਅੰਦਾਜ਼ੀ 'ਤੇ ਕਾਬੂ ਪਾ ਲੈਣਗੇ।ਉਪਰੋਕਤ ਸੁਆਲ ਮੀਡੀਆ ਰਿਪੋਰਟਾਂ ਨਾਲ ਸਬੰਧਤ ਸੀ ਜਿਨ੍ਹਾਂ ਮੁਤਾਬਕ ਰਾਜ ਮੰਤਰੀ ਅਰੁਣਾ ਚੌਧਰੀ ਦੇ ਪਤੀ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਮੰਤਰੀ ਵੱਲੋਂ ਸਕੱਤਰੇਤ ਵਿੱਚ ਸਿੱਖਿਆ ਵਿਭਾਗ ਦਾ ਅਹੁਦਾ ਸੰਭਾਲਣ ਵੇਲੇ ਤੋਂ ਉਹ ਵੀ ਉਨ੍ਹਾਂ ਨਾਲ ਕੰਮਕਾਜ ਭੁਗਤਾ ਰਹੇ ਹਨ।