5 Dariya News

ਲਾਲ ਬੱਤੀ ਬਾਰੇ ਬਾਦਲ ਦਾ ਬਿਆਨ ਸੰਕੇਤਕ ਅਤੇ ਲੋਕ ਵਿਰੋਧੀ-ਸਰਕਾਰੀ ਬੁਲਾਰਾ

ਸਾਬਕਾ ਮੁੱਖ ਮੰਤਰੀ ਨੂੰ ਠੋਸ ਮੁੱਦਿਆਂ 'ਤੇ ਸਰਕਾਰ ਉਪਰ ਟਿੱਪਣੀਆਂ ਕਰਨ ਅਤੇ ਸੂਬੇ ਦੇ ਲੋਕਾਂ ਦੇ ਹਿੱਤਾਂ ਲਈ ਇੱਕਠੇ ਹੋਕੇ ਕੰਮ ਕਰਨ ਦੀ ਅਪੀਲ

5 Dariya News

ਚੰਡੀਗੜ੍ਹ 23-Mar-2017

ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਵਾਹਨਾਂ 'ਤੇ ਲਾਲ ਬੱਤੀ ਬਾਰੇ ਦਿੱਤੇ ਗਏ ਬਿਆਨ ਨੂੰ ਪੰਜਾਬ ਸਰਕਾਰ ਨੇ ਮਹਿਜ਼ ਸੰਕੇਤਕ ਕਰਾਰ ਦਿੰਦਿਆਂ ਉਨ੍ਹਾਂ ਨੂੰ ਹਲਕੀਆਂ-ਫੁਲਕੀਆਂ ਟਿੱਪਣੀਆਂ ਕਰਨ ਦੀ ਬਜਾਏ ਅਸਰਦਾਇਕ ਮੁੱਦੇ ਉਠਾਉਣ ਦੀ ਅਪੀਲ ਕੀਤੀ।ਸਾਬਕਾ ਮੁੱਖ ਮੰਤਰੀ ਦੇ ਬਿਆਨ ਨੂੰ ਉਨ੍ਹਾਂ ਦੀ ਪਾਰਟੀ ਵਿੱਚ ਲੋਕ ਵਿਰੋਧੀ ਸੱਭਿਆਚਾਰ ਦੇ ਲੱਛਣ ਦੱਸਦੇ ਹੋਏ ਸਰਕਾਰੀ ਬੁਲਾਰੇ ਨੇ ਕਿਹਾ ਕਿ ਅਕਾਲੀ ਆਗੂ ਜਨਤਕ ਭਲਾਈ ਵਿੱਚ ਵੀ.ਆਈ.ਪੀ. ਕਲਚਰ ਨੂੰ ਤੱਜਣ ਲਈ ਔਖ ਮਹਿਸੂਸ ਕਰ ਰਹੇ ਹਨ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਪੰਜਾਬ ਦੇ ਲੋਕਾਂ ਨਾਲੋਂ ਕਿਸ ਹੱਦ ਤੱਕ ਨਿੱਖੜੇ ਪਏ ਹਨ। ਇਸ ਦੇ ਕਾਰਨ ਹੀ ਹਾਲ ਹੀ ਦੀਆਂ ਚੋਣਾਂ ਦੌਰਾਨ ਅਕਾਲੀ ਪਾਰਟੀ ਨੂੰ ਬੁਰੀ ਤਰ੍ਹਾਂ ਧੂੜ ਚੱਟਣੀ ਪਈ ਹੈ।ਬੁਲਾਰੇ ਨੇ ਕਿਹਾ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਸੂਬੇ ਦੇ ਲੋਕਾਂ ਦੇ ਹਿੱਤਾਂ ਲਈ ਸਰਕਾਰ ਨਾਲ ਮਿਲ ਕੇ ਉਸਾਰੂ ਕੰਮ ਕਰਨਾ ਚਾਹੀਦਾ ਹੈ ਅਤੇ ਸਿਰਫ ਵਿਰੋਧ ਦੀ ਖਾਤਰ ਹੀ ਵਿਰੋਧ ਨਹੀਂ ਕਰਨਾ ਚਾਹੀਦਾ ਹੈ।ਬੁਲਾਰੇ ਨੇ ਬਾਦਲ ਨੂੰ ਬਦਲਿਆ ਹੋਇਆ ਸਮਾਂ ਨਰਮਦਿਲੀ ਨਾਲ ਪਰਵਾਨ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਆਧੁਨਿਕ ਦੁਨੀਆ ਖਾਸਕਰ ਜਮਹੂਰੀ ਭਾਰਤ ਵਿੱਚ ਵੀ.ਆਈ.ਪੀ. ਸੱਭਿਆਚਾਰ ਲਈ ਕੋਈ ਥਾਂ ਨਹੀਂ ਹੈ। ਭਾਰਤ ਦੇ ਸੰਵਿਧਾਨ ਨੇ ਕਿਸੇ ਨੂੰ ਵਿਸ਼ੇਸ਼ ਅਧਿਕਾਰ ਦੇਣ ਦੀ ਥਾਂ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਰਾਬਰਤਾ ਪ੍ਰਦਾਨ ਕੀਤੀ ਹੈ।

ਬੁਲਾਰੇ ਨੇ ਕਿਹਾ ਕਿ ਭਾਵੇਂ ਲਾਲ ਬੱਤੀਆਂ ਸੰਕੇਤਕ ਸਨ ਪਰ ਇਹ ਆਮ ਲੋਕਾਂ ਉਤੇ ਆਪਣਾ ਅਧਿਕਾਰ ਜਮਾਉਣ ਅਤੇ ਪ੍ਰਭਾਵ ਪਾਉਣ ਦਾ ਸਾਧਨ ਸਨ। ਇਹ ਸੰਕੇਤ ਸਿਆਸਤਦਾਨਾਂ ਨੂੰ ਲੋਕਾਂ ਨਾਲੋਂ ਨਿਖੇੜਦੇ ਹਨ ਅਤੇ ਸਿਆਸਤਦਾਨ ਆਮ ਆਦਮੀ ਅਤੇ ਆਮ ਔਰਤਾਂ ਨਾ ਹੋਣ ਦਾ ਵੀ ਸੰਕੇਤ ਦਿੰਦੇ ਹਨ। ਇਹ ਉਨ੍ਹਾਂ ਦਾ ਰੁਤਬਾ ਬਹੁਤ ਉੱਚਾ ਦਰਸਾਉਣ ਦਾ ਕੰਮ ਕਰਦੇ ਹਨ।ਬੁਲਾਰੇ ਨੇ ਅੱਗੇ ਕਿਹਾ ਕਿ ਅਖੌਤੀ ਵੀ.ਆਈ.ਪੀਜ਼ ਦੀਆਂ ਗੱਡੀਆਂ ਤੋਂ ਲਾਲ ਬੱਤੀਆਂ ਲੱਥਣ ਨਾਲ ਸੜਕਾਂ ਉਤੇ ਆਮ ਲੋਕਾਂ ਦਾ ਚੱਲਣਾ ਸੌਖਾਲਾ ਹੋਵੇਗਾ ਅਤੇ ਉਨ੍ਹਾਂ ਦੀ ਗੈਰਜ਼ਰੂਰੀ ਪ੍ਰੇਸ਼ਾਨੀ ਖ਼ਤਮ ਹੋਵੇਗੀ ਕਿਉਂਕਿ ਪਹਿਲਾਂ ਲੋਕਾਂ ਨੂੰ ਵੀ.ਆਈ.ਪੀਜ਼ ਕਾਰਨ ਲੰਮਾ ਸਮਾਂ ਵੱਖ-ਵੱਖ ਥਾਵਾਂ 'ਤੇ ਰੁਕਣਾ ਪੈਂਦਾ ਸੀ ਅਤੇ ਸਮੇਂ ਸਿਰ ਆਪਣੇ ਸਥਾਨ 'ਤੇ ਪਹੁੰਚਣ 'ਚ ਦਿੱਕਤ ਹੁੰਦੀ ਸੀ। ਵੀ.ਆਈ.ਪੀਜ਼. ਦੇ ਸੜਕਾਂ ਉਤੇ ਚੱਲਣ ਦੇ ਨਤੀਜੇ ਵਜੋਂ ਕਈ ਵਾਰੀ ਹਾਦਸੇ ਦੇ ਸ਼ਿਕਾਰ ਲੋਕ ਸਮੇਂ ਸਿਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਜਾਂਦੇ ਸਨ ਅਤੇ ਵਿਦਿਆਰੀਥਆਂ ਦਾ ਇਸੇ ਕਾਰਨ ਇਮਤਿਹਾਨ ਛੁੱਟ ਜਾਂਦੇ ਸਨ।ਬੁਲਾਰੇ ਨੇ ਅੱਗੇ ਕਿਹਾ ਕਿ ਸਰਕਾਰ ਵੀ.ਆਈ.ਪੀ. ਸੱਭਿਆਚਾਰ ਖ਼ਤਮ ਕਰਨ ਲਈ ਵਚਨਬੱਧ ਹੈ ਜਿਨ੍ਹਾਂ ਵਿੱਚੋਂ ਲਾਲ ਬੱਤੀਆਂ ਸਪਸ਼ਟ ਤੌਰ 'ਤੇ ਦਿਖਣ ਵਾਲਾ ਸੰਕੇਤ ਹਨ। ਜੇ ਸਿਆਸਤਦਾਨਾਂ ਸਣੇ ਸਾਰੇ ਜਨ ਸੇਵਕਾਂ ਨੇ ਆਪਣੀ ਸੇਵਾ ਵਧੀਆ ਤਰੀਕੇ ਨਾਲ ਨਿਭਾਉਣੀ ਹੈ ਤਾਂ ਉਨ੍ਹਾਂ ਨੂੰ  ਸਦਾ ਹੀ ਲੋਕਾਂ ਨਾਲ ਜੁੜੇ ਰਹਿਣ ਦੀ ਜ਼ਰੂਰਤ ਹੈ। ਚੰਗੀ ਸੇਵਾ ਨਿਭਾਉਣ ਵਿੱਚ ਵੀ.ਆਈ.ਪੀ. ਸੱਭਿਆਚਾਰ ਇਕ ਵੱਡੀ ਰੁਕਾਵਟ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਵੀ.ਆਈ.ਪੀ. ਸੱਭਿਆਚਾਰ ਸੂਬੇ ਦੀ ਆਰਥਕਤਾ ਨੂੰ ਵੱਡੀ ਢਾਹ ਲਾਉਣ ਵਾਲਾ ਸਿੱਧ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਫਜ਼ੂਲ ਦੀ ਚੀਜ਼ ਅਤੇ ਗੈਰ-ਜ਼ਰੂਰੀ ਖਰਚੇ ਨੂੰ ਲਗਾਤਾਰ ਜਾਰੀ ਰੱਖਣਾ ਸਹਿਣ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਭਾਰੀ ਭਰਕਮ ਕਰਜ਼ੇ ਹੇਠਾਂ ਦੱਬਿਆ ਹੋਇਆ ਹੈ ਜੋ ਕਿ ਬਾਦਲ ਸਰਕਾਰ ਦੀ ਸਭ ਤੋਂ ਵੱਡੀ ਵਿਰਾਸਤ ਹੈ।ਬੁਲਾਰੇ ਨੇ ਅੱਗੇ ਕਿਹਾ ਕਿ ਪੰਜਾਬ ਨੇ ਵੀ.ਆਈ.ਪੀ. ਸੱਭਿਆਚਾਰ ਖ਼ਤਮ ਕਰਨ ਦਾ ਫੈਸਲਾ ਲੈ ਕੇ ਇਕ ਸਿਹਤਮੰਦ ਮਿਸਾਲ ਪੇਸ਼ ਕੀਤੀ ਹੈ ਜਿਸ ਸਬੰਧ ਵਿੱਚ ਹੋਰਾਂ ਸੂਬਿਆਂ ਨੇ ਵੀ ਕਦਮ ਚੁਕਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸਾਰੇ ਸਿਆਸਤਦਾਨਾਂ ਅਤੇ ਹੋਰਨਾਂ ਵੀ.ਆਈ.ਪੀਜ਼. ਵੱਲੋਂ ਪਹਿਲਾਂ ਹੀ ਸਹਿਯੋਗ ਦੀ ਮੰਗ ਕੀਤੀ ਹੈ ਅਤੇ ਉਮੀਦ ਪ੍ਰਗਟ ਕੀਤੀ ਹੈ ਕਿ ਬਾਦਲ ਇਸ ਸਬੰਧ ਵਿੱਚ ਸਹਿਯੋਗ ਕਰਣਗੇ ਅਤੇ ਸਿਰਫ ਵਿਰੋਧ ਦੇ ਲਈ ਹੀ ਵਿਰੋਧ ਨਹੀਂ ਕਰਣਗੇ।