5 Dariya News

ਸੀ ਜੀ ਸੀ ਝੰਜੇੜੀ ਕਾਲਜ ਦੇ ਵਿਦਿਆਰਥੀਆਂ ਨੇ ਪਾਣੀ ਬਚਾਉਣ ਲਈ ਲੋਕਾਂ ਨੂੰ ਦਿਤਾ ਹੌਕਾ

ਸੀ ਜੀ ਸੀ ਝੰਜੇੜੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਪਾਣੀ ਬਚਾਉਣ ਦਾ ਸੁਨੇਹਾ ਦਿੰਦੇ ਹੋਏ ਰੈਲੀ ਦਾ ਆਯੋਜਨ, ਧਰਤੀ ਹੇਠਲੇ ਪਾਣੀ ਦੀ ਸਹੀ ਵਰਤੋਂ ਦਾ ਦਿਤਾ ਸੁਨੇਹਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 22-Mar-2017

ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਪਾਣੀ ਦੀ ਸਹੀ ਵਰਤੋਂ ਦਾ ਸੁਨੇਹਾ ਦੇਣ ਲਈ ਵਰਲਡ ਵਾਟਰ ਵਾਕਏਥਨ 2040 ਥੀਮ ਹੇਠ ਫ਼ੇਜ਼ 7 ਵਿਚ ਇਕ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮੁਹਾਲੀ ਵਾਸੀਆਂ ਨੇ ਵੀ ਵਿਦਿਆਰਥੀਆਂ ਦਾ ਸਾਥ ਦਿੰਦੇ ਹੋਏ ਰੈਲੀ ਵਿਚ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਹੱਥਾਂ ਵਿਚ ਬੈਨਰ ਫੜੇ ਹੋਏ ਸਨ ਜਿਨ੍ਹਾਂ ਤੇ ਪਾਣੀ ਦੀ ਸੰਭਾਲ ਅਤੇ ਸਹੀ ਤਰੀਕੇ ਨਾਲ ਵਰਤੋਂ ਦੇ ਸੁਨੇਹੇ ਲਿਖੇ ਹੋਏ ਸਨ । ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਪਾਣੀ ਬਚਾਓ ਜ਼ਿੰਦਗੀ ਬਚਾਓ ਧਰਤੀ ਬਚਾਓ ਦੇ ਨਾਅਰਿਆਂ ਨਾਲ ਰਾਹ ਜਾਂਦੇ ਲੋਕਾਂ ਨੂੰ ਇਸ ਗੰਭੀਰ ਮਸਲੇ ਨਾਲ ਸੋਚਣ ਲਈ ਮਜਬੂਰ ਕੀਤਾ।

ਇਸ ਮੌਕੇ ਤੇ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਜਿਸ ਤਰਾਂ ਨਾਲ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਘਟਦਾ ਜਾ ਰਿਹਾ ਹੈ ਉਸ ਨਾਲ ਕਿਸਾਨੀ ਦੇ ਇਲਾਵਾ ਹਰ ਮਨੁੱਖ ਲਈ ਸੋਚਣਾ ਜ਼ਰੂਰੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਪਾਣੀ ਦਾ ਮਸਲਾ ਵਿਸ਼ਵ ਪੱਧਰ ਤੇ ਗੰਭੀਰ ਹੋ ਰਿਹਾ ਹੈ ਅਤੇ ਜੇ ਕਰ ਸਮਾਂ ਰਹਿੰਦੇ ਸੰਭਾਲ ਨਾ ਕੀਤੀ ਗਈ ਤਾਂ ਅਗਲਾ ਵਿਸ਼ਵ ਯੁੱਧ ਬੇਸ਼ੱਕ ਪਾਣੀ ਲਈ ਹੀ ਹੋਵੇਗਾ। ਸੀ ਜੀ ਸੀ ਦੇ ਡਾਇਰੈਕਟਰ ਜਰਨਲ ਡਾ ਜੀ ਡੀ ਬਾਂਸਲ ਨੇ ਦੱਸਿਆਂ ਕਿ ਸੀ ਜੀ ਸੀ ਝੰਜੇੜੀ ਕਾਲਜ ਵਿਦਿਆਰਥੀਆਂ ਨੂੰ ਮਿਆਰੀ  ਸਿੱਖਿਆਂ ਦੇਣ ਦੇ ਨਾਲ ਨਾਲ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਲੋਕ ਭਲਾਈ ਦੇ ਕੰਮਾਂ ਲਈ ਅੱਗੇ ਲਿਆਂਦਾ ਜਾਂਦਾ ਹੈ। ਇਹ ਉਪਰਾਲਾ ਵੀ ਇਸੇ ਕੜੀ ਦਾ ਇਕ ਹਿੱਸਾ ਹੈ।