5 Dariya News

ਇਮਾਨਦਾਰੀ ਜ਼ਿੰਦਾ ਹੈ, ਦੁੱਲਵਾਂ ਦੇ ਨੌਜੁਆਨ ਨੇ ਲਭੇ ਪੈਸੇ ਕੀਤੇ ਮਾਲਕ ਨੂੰ ਵਾਪਸ

5 Dariya News (ਰਜਨੀਕਾਂਤ ਗਰੋਵਰ)

ਮਾਜਰੀ 19-Mar-2017

ਨੇੜਲੇ ਪਿੰਡ ਦੁੱਲਵਾਂ ਖੱਦਰੀ ਦੇ ਨੌਜੁਆਨ ਕਰਨਵੀਰ ਸਿੰਘ ਨੇ ਚੰਡੀਗੜ੍ਹ ਦੇ ਆਰਮੀ ਹਸਪਤਾਲ ਵਿਚ ਡਿੱਗੇ ਨਗਦ ਪੈਸੇ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸ਼ਾਲ ਕਾਇਮ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਪਾਲ ਸਿੰਘ ਘੋਲਾ ਦੁੱਲਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਕਰਨਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਦੁੱਲਵਾਂ ਕਿਸੇ ਕੰਮ ਲਈ ਆਰਮੀ ਹਸਪਤਾਲ ਸੈਕਟਰ 47 ਚੰਡੀਗੜ੍ਹ ਵਿਖੇ ਗਿਆ ਸੀ ਜਿਥੇ ਉਸ ਨੂੰ ਨਗਦ ਰਾਸ਼ੀ 13320 ਰੁਪਏ ਡਿੱਗੇ ਮਿਲੇ ਜਿਸ ਸਬੰਧੀ ਨੌਜੁਆਨ ਵੱਲੋਂ ਸ਼ੋਸਲ ਮੀਡੀਆ ਰਾਂਹੀ ਇਸ ਰਾਸ਼ੀ ਦੀ ਪਹਿਚਾਣ ਦੱਸਕੇ ਲੈਣ ਦੀ ਅਪੀਲ ਕੀਤੀ ਸੀ। ਜਿਸ ਉਪਰੰਤ ਮਦਨ ਲਾਲ ਵਾਸੀ ਸੈਕਟਰ 46 ਚੰਡੀਗੜ੍ਹ ਨੇ ਉਨ੍ਹਾਂ ਨਾਲ ਸੰਪਰਕ ਕਰਦਿਆਂ ਰਾਸ਼ੀ ਆਪਣੀ ਦੱਸਕੇ ਲੈਣ ਦੀ ਮੰਗ ਕੀਤੀ। ਜਿਸ ਉਪਰੰਤ ਮਦਨ ਲਾਲ ਖੁੱਦ ਪਿੰਡ ਦੁੱਲਵਾਂ ਵਿਖੇ ਆਪਣੀ ਰਾਸ਼ੀ ਜਿਸ ਵਿਚ ਪਰਸ਼ ਵਿਚ ਪਾਈ ਨੌਜੁਆਨ ਨੂੰ ਡਿੱਗੀ ਮਿਲੀ ਸੀ ਦੀ ਪਹਿਚਾਣ ਦੱਸਕੇ ਆਪਣੇ 13320 ਰੁਪਏ ਲੈਣ ਪਹੁੰਚਿਆ ਜਿਥੇ ਨੌਜੁਆਨ ਕਰਨਵੀਰ ਸਿੰਘ ਤੇ ਉਸਦੇ ਚਾਚਾ ਹਰਪਾਲ ਸਿੰਘ ਘੋਲਾ ਨੇ ਉਕਤ ਰਾਸ਼ੀ ਮਾਲਕ ਦੇ ਸਪੁਰਦ ਕਰ ਦਿੱਤੀ। ਇਸ ਘਟਨਾ ਦੀ ਇਲਾਕੇ ਵਿਚ ਖੂਬ ਚਰਚਾ ਹੋ ਰਹੀ ਹੈ ਤੇ ਰਾਸ਼ੀ ਲੈਣ ਪਹੁੰਚੇ ਮਦਨ ਲਾਲ ਨੇ ਨੌਜੁਆਨ ਦਾ ਧੰਨਵਾਦ ਕੀਤਾ।