ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਵਿਚ ਕਾਂਗਰਸੀ ਆਗੂ ਦੁਆਰਾ ਅਕਾਲੀ ਆਗੂ ਦੀ ਕੀਤੀ ਹੱਤਿਆ ਦੀ ਕੀਤੀ ਨਿਖੇਧੀ
ਕੈਪਟਨ ਅਮਰਿੰਦਰ ਸਿੰਘ ਆਪਣੇ ਕਾਂਗਰਸੀ ਗੁੰਡਿਆ ਉਤੇ ਲਗਾਮ ਲਗਾਵੇ- ਸੁਖਪਾਲ ਖਹਿਰਾ
5 Dariya News
ਚੰਡੀਗੜ 14-Mar-2017
ਗੁਰਦਾਸਪੁਰ ਜਿਲੇ ਵਿਚ ਕਾਂਗਰਸੀ ਆਗੂ ਦੁਆਰਾ ਰਾਜਨੀਤਿਕ ਰੰਜਿਸ਼ ਕਾਰਨ ਗੋਲੀਆਂ ਮਾਰ ਕੇ ਅਕਾਲੀ ਆਗੂ ਦੀ ਕੀਤੀ ਹੱਤਿਆ ਦਾ ਸਖਤ ਨੋਟਿਸ ਲੈਂਦਿਆਂ ਹੋਇਆਂ ਆਮ ਆਦਮੀ ਪਾਰਟੀ ਨੇ ਇਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਆਮ ਆਦਮੀ ਪਾਰਟੀ ਆਗੂਆਂ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲਾਂ ਹੀ ਕਾਂਗਰਸੀ ਆਗੂਆਂ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ।ਚੰਡੀਗੜ ਤੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਆਪ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਲੋਕਾਂ ਵਿਚ ਭੈਅ ਪੈਦਾ ਕਰਨ ਲਈ ਬਰਾਬਰ ਹੱਕਦਾਰ ਹਨ ਅਤੇ ਉਨਾਂ ਦਾ ਰਾਜਨੀਤਿਕ ਸਭਿਆਚਾਰ ਇਕੋ ਜਿਹਾ ਹੈ। ਖਹਿਰਾ ਨੇ ਕਿਹਾ ਕਿ ਅਕਾਲੀ ਸਰਕਾਰ ਦੇ 10 ਸਾਲਾ ਦੇ ਰਾਜ ਦੌਰਾਨ ਅਕਾਲੀ ਆਗੂਆਂ ਨੇ ਆਮ ਲੋਕਾਂ ਉਤੇ ਅਤਿਆਚਾਰ ਕਰਨ ਦੀ ਹੱਦ ਕੀਤੀ ਹੈ ਅਤੇ ਹੁਣ ਕਾਂਗਰਸ ਆਗੂਆਂ ਦੀ ਅਜਿਹਾ ਕਰਨ ਦੀ ਵਾਰੀ ਹੈ।ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਅਤੇ ਨਿਆ ਵਿਵਸਥਾ ਪੂਰੀ ਤਰਾਂ ਬਿਖਰ ਚੁੱਕੀ ਹੈ ਅਤੇ ਇਸਨੂੰ ਦਰੁਸਤ ਕਰਨ ਦੀ ਥਾਂ ਕਾਂਗਰਸੀ ਆਗੂ ਅਕਾਲੀਆਂ ਵਾਂਗ ਵਿਵਹਾਰ ਕਰ ਰਹੇ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲਈ ਕਾਨੂੰਨ ਅਤੇ ਨਿਆ ਵਿਵਸਥਾ ਨੂੰ ਠੀਕ ਕਰਨਾ ਕੋਈ ਅਸਾਨ ਕਾਰਜ ਨਹੀਂ ਹੋਵੇਗਾ ਕਿਉ ਜੋ ਉਨਾਂ ਦੇ ਖੁਦ ਦੇ ਕਾਂਗਰਸੀ ਆਗੂ ਅਨੇਕਾ ਤਰਾਂ ਦੀਆਂ ਅਪਰਾਧਿਕ ਘਟਨਾਵਾਂ ਵਿਚ ਸ਼ਾਮਲ ਰਹੇ ਹਨ।
ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਮੁੱਦਿਆ ਸੰਬੰਧੀ ਚੁੱਪ ਨਹੀਂ ਬੈਠੇਗੀ ਅਤੇ ਸਰਕਾਰ ਅਤੇ ਰਾਜਸੀ ਆਗੂਆਂ ਦੁਆਰਾ ਕੀਤੇ ਜਾ ਰਹੇ ਗਲਤ ਕਾਰਜਾਂ ਖਿਲਾਫ ਸੂਬੇ ਭਰ ਵਿਚ ਅਵਾਜ ਉਠਾਉਦੀ ਰਹੇਗੀ। ਉਨਾਂ ਕਿਹਾ ਕਿ ਸੂਬੇ ਦੇ ਲੋਕਾਂ ਦੀ ਸਹਾਇਤਾ ਨਾਲ ‘ਆਪ’ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਵਿਰੋਧੀ ਧਿਰ ਦੀ ਜਬਰਦਸਤ ਭੂਮਿਕਾ ਨਿਭਾਉਦੀ ਰਹੇਗੀ।ਕੰਵਰ ਸੰਧੂ ਨੇ ਮੰਗ ਕੀਤੀ ਕਿ ਇਸ ਕਤਲ ਲਈ ਜਿੰਮੇਵਾਰ ਕਾਂਗਰਸੀ ਆਗੂਆਂ ਨੂੰ ਫੌਰੀ ਤੋਰ ਤੇ ਗਿ੍ਰਫਤਾਰ ਕਰਕੇ ਉਨਾਂ ਨੂੰ ਜੇਲ ਵਿਚ ਡੱਕਿਆ ਜਾਵੇ। ਉਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਰਾਜਨੀਤਿਕ ਦਬਾਅ ਤੋਂ ਮੁਕਤ ਕਰਕੇ ਆਪਣੀ ਡਿੳਟੀ ਕਰਨ ਦੇਣਾ ਸਮੇਂ ਦੀ ਮੁੱਖ ਮੰਗ ਹੈ ਅਤੇ ਪੁਲਿਸ ਨੂੰ ਆਪਣਾ ਕਾਰਜ ਕਰਨ ਵਿਚ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ ਹੈ।ਸੰਧੂ ਨੇ ਕਿਹਾ ਕਿ ਸੂਬੇ ਭਰ ਵਿਚ ਰਾਜਨੀਤਿਕ ਅਤੇ ਸਮਾਜਿਕ ਢਾਂਚਾ ਟੁਟਣ ਦੀ ਕਗਾਰ ਤੇ ਹੈ ਅਤੇ ਆਮ ਆਦਮੀ ਪਾਰਟੀ ਅਜਿਹੇ ਮੁੱਦਿਆ ਸੰਬੰਧੀ ਅਵਾਜ ਉਠਾਉਦੀ ਰਹੇੇਗੀ। ਉਨਾਂ ਮੰਗ ਕੀਤੀ ਕਿ ਨਵੀਂ ਸਰਕਾਰ ਅਕਾਲੀ ਰਾਜ ਦੇ 10 ਸਾਲਾ ਦੌਰਾਨ ਲੋਕਾਂ ਉਤੇ ਹੋਏ ਅਤਿਆਚਾਰਾਂ ਸੰਬੰਧੀ ਕੇਸ ਮੁੜ ਖੋਲ ਕੇ ਇਨਾਂ ਦੀ ਜਾਂਚ ਕਿਸੇ ਏਜੰਸੀ ਤੋਂ ਕਰਵਾਵੇ। ਉਨਾਂ ਮੰਗ ਕੀਤੀ ਕਿ ਅਕਾਲੀਆਂ ਦੀ ਗੁੰਡਾਗਰਦੀ ਕਾਰਨ ਮਾਰੇ ਗਏ ਮਾਸੂਮ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।