5 Dariya News

ਭੂਸਰੇ ਸਾਂਡ ਨੇ ਚੱਲਦੀਆਂ ਕਾਰਾਂ ਦਾ ਕੀਤਾ ਨੁਕਸਾਨ

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ 09-Mar-2017

ਸਥਾਨਕ ਸ਼ਹਿਰ ਵਿਚੋਂ ਗੁਜਰਦੇ ਨੈਸ਼ਨਲ ਹਾਈਵੇ 21 'ਤੇ ਇੱਕ ਅਵਾਰਾ ਭੂਸਰੇ ਸਾਂਡ ਨੇ ਕਈ ਚੱਲਦੇ ਵਾਹਨਾਂ ਨੂੰ ਟੱਕਰ ਮਾਰਦਿਆਂ ਨੁਕਸਾਨ ਕਰ ਦਿੱਤਾ ਜਿਸ ਕਾਰਨ ਲੰਮਾ ਸਮਾਂ ਸ਼ਹਿਰ ਵਿਚ ਜਾਮ ਵਰਗੀ ਸਥਿਤੀ ਬਣੀ ਰਹੀ ਜਦਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਕੱਤਰ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ਤੇ ਗੁੱਗਾ ਮਾੜੀ ਦੇ ਨਜਦੀਕ ਇੱਕ ਭੂਸਰੇ ਸਾਂਡ ਨੇ ਅਚਾਨਕ ਚੱਲਦੇ ਵਾਹਨਾਂ ਨੂੰ ਟੱਕਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਤਕਰੀਬਨ ਅੱਧੀ ਦਰਜਨ ਵਾਹਨ ਨੁਕਸਾਨੇ ਗਏ। ਇਸ ਦੌਰਾਨ ਭੂਸਰੇ ਸਾਂਡ ਨੇ ਇੱਕ ਕਾਰ ਦੇ ਅਗਲੇ ਬੰਪਰ ਵਿਚ ਸਿੰਗ ਫਸਾ ਕੇ ਕਾਰ ਨੂੰ ਪਲਟਾਉਣ ਦੀ ਕੋਸ਼ਿਸ ਕੀਤੀ ਪਰ ਬੰਪਰ ਟੁੱਟਣ ਕਾਰਨ ਕਾਰ ਨਹੀਂ ਪਲਟੀ ਤੇ ਕਾਰ ਵਿਚ ਬੈਠੇ ਲੋਕਾਂ ਦਾ ਬਾਲ ਬਾਲ ਬਚਾਅ ਹੋ ਗਿਆ। ਇਸ ਦੌਰਾਨ ਸੜਕ ਤੇ ਦੋਨੋ ਪਾਸੇ ਲੰਮੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਭੂਸਰਿਆ ਸਾਂਡ ਕੁਝ ਮਿੰਟਾਂ ਬਾਅਦ ਆਪਣੇ ਆਪ ਹੀ ਸੜਕ ਦੇ ਨਾਲ ਲੱਗਦੀ ਨਗਰ ਕੌਂਸਲ ਰੋਡ ਤੇ ਖੜ ਗਿਆ। ਮੌਕੇ ਤੇ ਪਹੁੰਚੇ ਟਰੈਫਿਕ ਪੁਲਿਸ ਦੇ ਕਰਮਚਾਰੀਆਂ ਨੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ। 

ਨਗਰ ਕੌਂਸਲ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਵਿਚ ਅਸਫਲ 

ਸ਼ਹਿਰ ਵਿਚ ਘੁੰਮਦੇ ਦਰਜਨਾਂ ਅਵਾਰਾ ਪਸ਼ੂਆਂ ਕਾਰਨ ਸ਼ਹਿਰ ਵਾਸੀਆਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ ਜਿਸ ਸਬੰਧੀ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਨਗਰ ਕੌਂਸਲ ਨੂੰ ਲਿਖਤ ਸ਼ਿਕਾਇਤ ਦੇ ਕੇ ਇਨ੍ਹਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਗਈ ਪਰ ਸ਼ਹਿਰ ਵਿਚ ਅੱਜ ਕਈ ਥਾਂਈ ਦਰਜਨਾਂ ਪਸ਼ੂ ਘੁੰਮ ਰਹੇ ਹਨ।

 

ਕੀ ਕਹਿਣਾ ਨਗਰ ਕੌਂਸਲ ਪ੍ਰਧਾਨ ਦਾ 

ਇਸ ਸਬੰਧੀ ਸੰਪਰਕ ਕਰਨ ਤੇ ਨਗਰ ਕੌਂਸਲ ਪ੍ਰਧਾਨ ਬੀਬੀ ਕ੍ਰਿਸ਼ਨਾ ਦੇਵੀ ਧੀਮਾਨ ਨੇ ਕਿਹਾ ਕਿ ਸ਼ਹਿਰ ਵਿਚ ਅਵਾਰਾ ਘੁੰਮ ਰਹੇ ਪਸ਼ੂਆਂ ਬਾਰੇ ਉਹ ਕਈ ਵਾਰ ਉੱਚ ਅਧਿਕਾਰੀਆਂ ਨੂੰ ਲਿਖ ਚੁੱਕੇ ਹਨ ਤੇ ਕਈ ਵਾਰ ਸ਼ਹਿਰ ਵਿਚੋਂ ਅਵਾਰਾ ਪਸ਼ੂਆਂ ਨੂੰ ਮੋਹਾਲੀ ਤੋਂ ਆਈ ਟੀਮ ਕਾਬੂ ਕਰਕੇ ਗਊਸ਼ਾਲਾ ਵਿਚ ਭੇਜ ਚੁੱਕੀ ਹੈ ਤੇ ਹੁਣ ਵੀ ਇਨ੍ਹਾਂ ਨੂੰ ਕਾਬੂ ਕਰਨ ਬਾਰੇ ਕਾਰਵਾਈ ਕੀਤੀ ਜਾਵੇਗੀ।

 

ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਦੇ ਪੁਖਤਾ ਪ੍ਰਬੰਧ ਕਰਨ ਦੀ ਮੰਗ 

ਇਸ ਸਬੰਧੀ ਗਲਬਾਤ ਕਰਦਿਆਂ ਸ਼ਹਿਰ ਦੇ ਉਘੇ ਸਮਾਜ ਸੇਵੀ ਤੇ ਕੌਂਸਲ ਬਹਾਦਰ ਸਿੰਘ ਓ.ਕੇ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਗਊਸੈਸ ਲਗਾਉਣ ਦੇ ਬਾਵਜੂਦ ਵੀ ਅਵਾਰਾ ਪਸ਼ੂਆਂ ਨੂੰ ਸਾਂਭਣ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਅਵਾਰਾ ਪਸ਼ੂਆਂ ਨੂੰ ਕਾਬੂ ਕਰਕੇ ਗਊਸ਼ਾਲਾ ਜਾਂ ਹੋਰ ਢੁਕਵੀਂ ਥਾਂ ਰੱਖਣ ਦੇ ਪ੍ਰਬੰਧ ਕੀਤੇ ਜਾਣ।