5 Dariya News

ਪੰਜਾਬ ਅਗੇਂਸਟ ਕਰਪਸ਼ਨ ਨੇ ਖੋਲ੍ਹਿਆ ਸਕਾਈ ਰਾਕ ਸਿਟੀ ਦੇ ਪ੍ਰਬੰਧਕਾਂ ਦੇ ਖਿਲਾਫ ਮੋਰਚਾ

1800 ਕਰੋੜ ਰੁਪਏ ਦੇ ਘਪਲੇ ਦਾ ਇਲਜਾਮ ਲਗਾਇਆ, ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 04-Mar-2017

ਭ੍ਰਿਸ਼ਟਾਚਾਰ ਦੇ ਵਿਰੁੱਧ ਕੰਮ ਕਰਨ ਵਾਲੀ ਸੰਸਥਾ ਪੰਜਾਬ ਅਗੇਂਸਟ ਕੁਰੱਪਸ਼ਨ ਵੱਲੋਂ ਅੱਜ ਐਸ.ਏ.ਐਸ. ਨਗਰ (ਮੁਹਾਲੀ) ਅਤੇ ਮੁੱਲਾਪੁਰ ਗਰੀਬਦਾਸ ਦੇ ਖੇਤਰ ਵਿੱਚ ਲੋਕਾਂ ਨੂੰ ਪਲਾਟ ਅਤੇ ਮਕਾਨ ਵੇਚਣ ਵਾਲੀ ਕੰਪਨੀ ਸਕਾਈ ਰਾਕ ਸਿਟੀ ਦੇ ਪ੍ਰਬੰਧਕਾਂ ਤੇ ਵੱਖ ਵੱਖ ਕੰਪਨੀਆਂ ਬਣਾ ਕੇ ਆਮ ਲੋਕਾਂ ਤੋੱ 1800 ਕਰੋੜ ਰੁਪਏ ਠੱਗਣ ਦਾ ਇਲਜਾਮ ਲਗਾਉੱਦਿਆਂ ਇਸ ਪੂਰੇ ਮਾਮਲੇ ਦੀ ਉੱਚ ਪੰਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।ਅੱਜ ਇੱਥੇ ਜਿਲ੍ਹਾ ਪ੍ਰੈਸ ਕੱਲਬ ਵਿਖੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਅਗੇਂਸਟ ਕੁਰੱਪਸ਼ਨ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਦਾਊ ਅਤੇ ਸਕਾਈ ਰਾਕ ਸਿਟੀ ਦੇ ਨਿਵੇਸ਼ਕਾਂ ਸਰਵਸ੍ਰੀ ਅਵਿਨਾਸ਼ ਚੌਧਰੀ, ਵਿਨੀਤ ਸੂਦ, ਅਸ਼ਵਨੀ ਕੁਮਾਰ ਅਰੋੜਾ, ਸੁਖਮੰਦਰ ਸਿੰਘ ਅਤੇ ਹੋਰਨਾਂ ਨੇ ਇਲਜਾਮ ਲਗਾਇਆ ਕਿ ਸਕਾਈ ਰਾਕ ਸਿਟੀ ਦੇ ਪ੍ਰਬੰਧਕਾਂ ਵਲੋੱ ਪਿਛਲੇ ਸਮੇੱ ਦੌਰਾਨ ਇਸ ਖੇਤਰ ਵਿੱਚ ਕੁਲ ਅੱਠ ਵੱਖ ਵੱਖ ਕੰਪਨੀਆਂ ਬਣਾ ਕੇ ਆਮ ਲੋਕਾਂ ਤੋਂ ਪੂਰੇ ਯੋਜਨਾਬੱਧ ਤਰੀਕੇ ਨਾਲ ਵਸੂਲੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਇਸ ਕੰਪਨੀ ਦੇ ਮਾਲਕਾਂ ਦੇ ਖਿਲਾਫ ਕਈ ਮਾਮਲੇ ਦਰਜ ਹੋਣ ਦੇ ਬਾਵਜੂਦ ਉਹਨਾਂ ਦੇ ਖਿਲਾਫ ਕਿਸੇ ਕਿਸਮ ਦੀ ਕਾਰਵਾਈ ਨੂੰ ਟਾਲਿਆ ਜਾਂਦਾ ਰਿਹਾ ਹੈ ਉਸ ਨਾਲ ਇਹ ਸਾਫ ਜਾਹਿਰ ਹੁੰਦਾ ਹੈ ਕਿ ਇਸ ਕੰਪਨੀ ਦੇ ਪ੍ਰਬੰਧਕ ਸਿਰਫ ਮੋਹਰੇ ਬਣ ਕੇ ਕੰਮ ਕਰਦੇ ਰਹੇ ਹਨ ਅਤੇ ਇਸ ਘਪਲੇਬਾਜੀ ਵਿੱਚ ਕਈ ਵੱਡੇ ਅਤੇ ਪ੍ਰਭਾਵਸ਼ਾਲੀ ਲੋਕ ਸ਼ਾਮਿਲ ਹੋ ਸਕਦੇ ਹਨ।

ਸ੍ਰੀ ਦਾਊ ਨੇ ਇਲਜਾਮ ਲਗਾਇਆ ਕਿ ਇਸ ਕੰਪਨੀ ਦੇ ਪ੍ਰਬੰਧਕਾਂ ਵਲੋੱ ਪਿਛਲੇ ਸਮੇੱ ਦੌਰਾਨ 1500 ਤੋੱ 1800 ਕਰੋੜ ਰੁਪਏ ਦੀ ਘਪਲੇਬਾਜੀ ਕੀਤੀ ਗਈ ਹੈ ਅਤੇ ਇਹ ਇਲਜਾਮ ਉਹ ਨਹੀਂ ਲਗਾ ਰਹੇ ਬਲਕਿ ਪੁਲੀਸ ਵਲੋੱ ਇਸ ਕੰਪਨੀ ਦੇ ਪ੍ਰਬੰਧਕਾਂ ਦੇ ਖਿਲਾਫ ਦਰਜ ਕੀਤੇ ਗਏ ਇੱਕ ਮਾਮਲੇ ਵਿੱਚ ਪੁਲੀਸ ਵਲੋੱ ਚਾਲਾਨ ਪੇਸ਼ ਕਰਨ ਦੌਰਾਨ ਅਦਾਲਤ ਵਿੱਚ ਦਿੱਤੀ ਆਪਣੀ ਜਾਂਚ ਰਿਪੋਰਟ ਵਿੱਚ ਇਹ ਗੱਲ ਲਿਖੀ ਹੈ ਕਿ ਇਹਨਾਂ ਵਿਅਕਤੀਆਂ ਵਲੋੱ 9 ਤੋੱ 10 ਹਜਾਰ ਦੇ ਕਰੀਬ ਲੋਕਾਂ ਤੋੱ ਪੈਸੇ ਲਏ ਗਏ ਹਨ ਅਤੇ ਇਸ ਮਾਮਲੇ ਵਿੱਚ 1500 ਤੋੱ 1800 ਕਰੋੜ ਰੁਪਏ ਦਾ ਲੈਣ ਦੇਣ ਹੋਇਆ ਹੈ।  ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਇਸ ਘਪਲੇਬਾਜੀ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਨਾਲ ਇਹ ਜਾਹਿਰ ਹੁੰਦਾ ਹੈ ਕਿ ਕੰਪਨੀ ਦੇ ਜਿਹੜੇ ਵਿਅਕਤੀ ਸਾਮ੍ਹਣੇ ਨਜਰ ਆਉੱਦੇ ਰਹੇ ਹਨ ਉਹਨਾਂ ਦੇ ਪਿੱਛੇ ਕੋਈ ਵੱਡਾ ਪ੍ਰਭਾਵਸ਼ਾਲੀ ਗਿਰੋਹ ਕੰਮ ਕਰਦਾ ਹੋ ਸਕਦਾ ਹੈ ਅਤੇ ਬਾਕਾਇਦਾ ਸਰਕਾਰੀ ਅਧਿਕਾਰੀਆਂ ਅਤੇ ਸੱਤਾਧਾਰੀਆਂ ਦੀ ਮਿਲੀਭੁਗਤ ਨਾਲ ਹੀ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਹੈ।

ਸ੍ਰੀ ਦਾਊੱ ਨੇ ਦੱਸਿਆ ਕਿ ਇਸ ਕੰਪਨੀ ਵਲੋੱ ਜੁਲਾਈ 1 ਜੁਲਾਈ 2011 ਵਿੱਚ ਗਮਾਡਾ ਨੂੰ ਪਿੰਡ ਬੈਰਮਪੁਰ ਦੀ 25 ਏਕੜ ਜਮੀਨ ਦਾ ਸੀ ਐਲ ਯੂ ਹਾਸਿਲ ਕਰਨ ਲਈ ਅਪਲਾਈ ਕਰਕੇ ਇਸ ਮਾਮਲੇ ਦੀ ਸ਼ੁਰੂਆਤ ਕੀਤੀ ਗਈ ਸੀ। ਉਹਨਾਂ ਕਿਹਾ ਕਿ 6 ਜੁਲਾਈ 2011 ਨੂੰ ਗਮਾਡਾ ਵਲੋੱ ਇਸ ਕੰਪਨੀ ਦੇ ਖਿਲਾਫ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਕਿ ਇਸ ਕੰਪਨੀ ਵਲੋੱ ਪੂਡਾ ਐਕਟ ਦੀ ਉਲੰਘਣਾ ਕਰਕੇ ਇਸ਼ਤਿਹਾਰਬਾਜੀ ਕੀਤੀ ਜਾ ਰਹੀ ਹੈ। ਪਰੰਤੂ ਬਾਅਦ ਵਿੱਚ ਗਮਾਡਾ ਵਲੋੱ ਇਸ ਕੰਪਨੀ ਕੋਲ ਪੂਰੀ ਜਮੀਨ ਨਾ ਹੋਣ ਦੇ ਬਾਵਜੂਦ ਉਸਨੂੰ ਸੀ ਐਲ ਯੂ ਜਾਰੀ ਕਰ ਦਿੱਤਾ ਗਿਆ ਅਤੇ ਗਮਾਡਾ ਅਤੇ ਪੁਲੀਸ ਵਲੋੱ ਇਹ ਕਹਿ ਕੇ ਅਦਾਲਤ ਵਿੱਚ ਮਾਮਲਾ ਵੀ ਖਤਮ ਕਰਵਾ ਦਿੱਤਾ ਗਿਆ ਕਿ ਇਸ ਮਾਮਲੇ ਵਿੱਚ ਚਾਲਾਨ ਪੇਸ਼ ਕਰਨ ਦੀ ਲੋੜ ਨਹੀੱ ਹੈ। ਉਹਨਾਂ ਕਿਹਾ ਕਿ ਇਸ ਨਾਲ ਜਾਹਿਰ ਹੁੰਦਾ ਹੈ ਕਿ ਪੁਲੀਸ ਅਤੇ ਗਮਾਡਾ ਦੇ ਅਧਿਕਾਰੀ ਸੱਤਾਧਾਰੀਆਂ ਦੇ ਦਬਾਅ ਵਿੱਚ ਕੰਮ ਕਰ ਰਹ ਸਨ ਅਤੇ ਇਸੇ ਕਾਰਨ ਕੰਪਨੀ ਦੇ ਖਿਲਾਫ ਕੀਤੀ ਐਫ ਆਈ ਆਰ ਖਾਰਿਜ ਕਰਵਾਈ ਗਈ।  ਉਹਨਾਂ ਕਿਹਾ ਕਿ ਇਸ ਕੰਪਨੀ ਵਲੋੱ ਸਾਲ 2013-14 ਵਿੱਚ ਆਮਦਨ ਕਰ ਵਿਭਾਗ ਕੋਲ ਜਮਾਂ ਕਰਵਾਈ ਗਈ ਰਿਟਰਨ ਵਿੱਚ 750 ਕਰੋੜ ਰੁਪਏ ਦੀ ਟਰਨਓਵਰ ਵਿਖਾਈ ਗਈ ਹੈ ਪਰੰਤੂ ਇਹ ਸਾਰਾ ਪੈਸਾ ਅਖੀਰਕਾਰ ਕਿੱਥੇ ਗਿਆ ਇਹ ਜਾਂਚ ਦਾ ਵਿਸ਼ਾ ਹੈ। 

ਉਹਨਾਂ ਕਿਹਾ ਕਿ ਕੰਪਨੀ ਦੇ ਪ੍ਰਬੰਧਕ ਨਵਜੀਤ ਸਿੰਘ (ਜਿਹਨਾਂ ਨੂੰ ਪਿਛਲੇ ਦਿਨੀ ਪੁਲੀਸ ਵੱਲੋਂ ਪਾਸਪੋਰਟ ਬਣਵਾਉਣ ਵੇਲੇ ਜਰੂਰੀ ਜਾਣਕਾਰੀ ਲੁਕਾਉਣ ਦੇ ਦੋਸ਼ ਵਿੱਚ ਕਾਬੂ ਕੀਤਾ ਗਿਆ ਸੀ) ਅਤੇ ਉਸਦੀ ਪਤਨੀ ਦੇ ਬੈਂਕ ਖਾਤਿਆਂ ਵਿੱਚ ਸਿਰਫ 50 ਹਜਾਰ ਦੇ ਕਰੀਬ ਰਕਮ ਪਈ ਹੈ ਅਤੇ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਨਿਵੇਸ਼ਕਾਂ ਤੋਂ ਲਿਆ ਗਿਆ ਪੈਸਾ ਖੁਰਦ ਬੁਰਦ ਕੀਤਾ ਜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਲੋਕਾਂ ਵੱਲੋਂ ਆਪਣੀ ਜੀਵਨ ਭਰ ਦੀ ਕਮਾਈ ਇਸ ਕੰਪਨੀ ਵਿੱਚ ਲਗਾਈ ਗਈ ਸੀ ਕਿ ਉਹਨਾਂ ਨੂੰ ਫਲੈਟ ਜਾਂ ਮਕਾਨ ਮਿਲੇਗਾ ਪਰੰਤੂ ਹੁਣ ਇਹ ਪੈਸੇ ਡੁੱਬ ਗਏ ਹਨ ਅਤੇ ਲੋਕਾਂ ਨੂੰ ਨਿਆਂ ਦੀ ਕੋਈ ਆਸ ਨਜਰ ਨਹੀੱ ਆ ਰਹੀ ਹੈ।ਸ੍ਰੀ ਦਾਊਂ ਨੇ ਮੰਗ ਕੀਤੀ ਕਿ ਨਵੀਂ ਸਰਕਾਰ ਬਣਨ ਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਇਸ ਮਾਮਲੇ ਵਿੱਚ ਸ਼ਾਮਿਲ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਪਹਿਚਾਣ ਕਰਕੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਨਿਵੇਸ਼ਕਾਂ ਨੂੰ ਉਹਨਾ ਦਾ ਪੈਸਾ ਵਾਪਿਸ ਦਿਵਾਇਆ ਜਾਵੇ ਅਤੇ ਇਸ ਗੱਲ ਦੇ ਵੀ ਪ੍ਰਬੰਧ ਕੀਤੇ ਜਾਣ ਕਿ ਅਜਿਹੀਆਂ ਬੋਗਸ ਕੰਪਨੀਆਂ ਵਲੋੱ ਭਵਿੱਚ ਵਿੱਚ ਲੋਕਾਂ ਦੀ ਇਸ ਤਰੀਕੇ ਨਾਲ ਲੁੱਟ ਨਾ ਕੀਤੀ ਜਾ ਸਕੇ।