5 Dariya News

ਕੁਰਾਲੀ ਜਾਮਾ ਵਾਲਾ ਸ਼ਹਿਰ ਬਣਿਆ , ਰੋਜ਼ਾਨਾਂ ਲੱਗਣ ਵਾਲੇ ਜਾਮ ਲੋਕਾਂ ਲਈ ਬਣ ਰਹੇ ਨੇ ਸਿਰਦਰਦੀ ਦਾ ਕਾਰਨ

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ 21-Feb-2017

ਸਥਾਨਕ ਸ਼ਹਿਰ ਵਿਚੋਂ ਗੁਜਰਦੇ ਨੈਸ਼ਨਲ ਹਾਈਵੇ '21 ਤੇ ਬਣੇ ਪੁੱਲ ਤੇ ਰੋਜ਼ਾਨਾ ਹੋਣ ਵਾਲੇ ਹਾਦਸਿਆਂ ਕਾਰਨ ਸ਼ਹਿਰ ਅੰਦਰ ਜਾਮ ਵਾਲੀ ਸਥਿਤੀ ਬਣੀ ਰਹਿੰਦੀ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਕਰਯੋਗ ਹੈ ਕਿ ਲਗਭਗ ਇੱਕ ਦਹਾਕਾ ਪਹਿਲਾਂ ਸ਼ਹਿਰ ਵਿਚੋਂ ਗੁਜਰਦੇ ਨੈਸ਼ਨਲ ਹਾਈਵੇ ਤੇ ਸ਼ਹਿਰ ਅੰਦਰ ਰੇਲਵੇ ਲਾਈਨ ਤੇ ਇੱਕ ਪੁੱਲ ਦਾ ਨਿਰਮਾਣ ਕੀਤਾ ਗਿਆ ਸੀ ਜੋ ਬਹੁਤ ਤੰਗ ਹੈ ਇਸ ਪੁਲ ਤੇ ਰੋਜ਼ਾਨਾ ਹੋਣ ਵਾਲੇ ਸੜਕ ਹਾਦਸੇ ਲੋਕਾਂ ਲਈ ਮੁਸੀਬਤ ਬਣਦੇ ਹਨ ।ਉਸ ਵੇਲੇ ਦੀ ਸਰਕਾਰ ਨੇ ਬਹੁਤ ਤੰਗ ਪੁੱਲ ਦਾ ਨਿਰਮਾਣ ਕਰਵਾਇਆ ਸੀ ਜਿਸ ਕਾਰਨ ਜਿਥੇ ਹਜ਼ਾਰਾਂ ਲੋਕ ਇਸ ਪੁਲ ਤੇ ਹੋਏ ਸੜਕੀ ਹਾਦਸਿਆਂ ਕਾਰਨ ਜਖਮੀ ਹੋਏ ਉਥੇ ਸੈਂਕੜੇ ਘਰਾਂ ਦੇ ਚਿਰਾਗ ਵੀ ਬੁਝ ਗਏ ਜਿਸ ਬਾਰੇ ਸਰਕਾਰ ਤੇ ਪ੍ਰਸ਼ਾਸਨ ਦੀ ਚੁੱਪੀ ਸਵਾਲੀਆ ਨਿਸ਼ਾਨ ਖੜੇ ਕਰਦੀ ਹੈ। ਇਸ ਪੁਲ ਤੇ ਹੋਣ ਵਾਲੇ ਸੜਕ ਹਾਦਸਿਆਂ ਕਾਰਨ ਰੋਜ਼ਾਨਾਂ ਕੋਈ ਛੋਟਾ-ਵੱਡਾ ਸੜਕ ਹਾਦਸਾ ਵਾਪਰ ਜਾਂਦਾ ਹੈ ਜਿਸ ਕਾਰਨ ਸੜਕ ਦੇ ਦੋਨੋ ਪਾਸੇ ਲੰਮੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਤੇ ਵਾਹਨ ਚਾਲਕ ਇੱਕ ਦੂਸਰੇ ਤੋਂ ਪਹਿਲਾਂ ਨਿਕਲਣ ਦੀ ਤੱਕ ਵਿਚ ਜਾਮ ਦੀ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੰਦੇ ਹਨ ਅਤੇ ਇਸ ਥਾਂ ਤੇ ਚਾਰ ਚਾਰ ਲਾਈਨਾਂ ਲੱਗ ਜਾਂਦੀਆਂ ਹਨ ਜਿਸ ਕਾਰਨ ਦੋ ਪਹੀਆ ਵਾਹਨ ਚਾਲਕ ਵੀ ਜਾਮ ਵਿਚ ਫਸਕੇ ਰਹਿ ਜਾਂਦੇ ਹਨ। 

ਬੇਸ਼ਕ ਟਰੈਫਿਕ ਪੁਲਿਸ ਦੇ ਇੰਚਾਰਜ ਰਜਿੰਦਰ ਸਿੰਘ ਅਤੇ ਥਾਣਾ ਕੁਰਾਲੀ ਦੇ ਐਸ.ਐਚ.ਓ ਇਨ੍ਹਾਂ ਜਾਮਾ ਨੂੰ ਖੁਲਵਾਉਣ ਲਈ ਦਿਨ ਰਾਤ ਮੁਸ਼ੱਕਤ ਕਰਦੇ ਹਨ ਪਰ ਕਾਹਲੇ ਲੋਕ ਪੁਲਿਸ ਦੀ ਵੀ ਪ੍ਰਵਾਹ ਨਹੀਂ ਕਰਦੇ।  ਇਸ ਸਮੱਸਿਆ ਦੇ ਹੱਲ ਲਈ ਸ਼ਹਿਰ ਦੇ ਬਾਹਰੋਂ ਬਾਈਪਾਸ ਦਾ ਨਿਰਮਾਣ ਜੋਰਾਂ ਤੇ ਚੱਲ ਰਿਹਾ ਹੈ ਅਗਰ ਇਹੋ ਬਾਈਪਾਸ ਦਾ ਨਿਰਮਾਣ ਦਹਾਕਾ ਪਹਿਲਾ ਹੋ ਜਾਂਦਾ ਤਾਂ ਇਸ ਥਾਂ ਨਾ ਤਾਂ ਲੋਕ ਅਜਾਂਈ ਜਾਨ ਗਵਾਉਂਦੇ ਤੇ ਨਾਲ ਹੀ ਜਖਮੀ ਹੋ ਕੇ ਨਕਾਰਾ ਨਾ ਹੁੰਦੇ। ਇਸ ਸਬੰਧੀ ਗਲਬਾਤ ਕਰਦਿਆਂ ਯੂਥ ਆਗੂ ਲੱਕੀ ਕਲਸੀ ਨੇ ਕਿਹਾ ਕਿ ਅਗਰ ਜਿਸ ਸਮੇਂ ਸ਼ਹਿਰ ਵਿਚ ਪੁਲ ਬਣਾਕੇ ਸ਼ਹਿਰ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ ਉਸੇ ਸਮੇਂ ਬਾਈਪਾਸ ਬਣਾ ਦਿੱਤਾ ਜਾਂਦਾ ਤਾਂ ਇੰਨੀਆਂ ਪ੍ਰੇਸ਼ਾਨੀਆਂ ਲੋਕਾਂ ਨੂੰ ਨਾ ਆਉਂਦੀਆਂ।ਇਸ ਸਬੰਧੀ ਗਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਆਗੂ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਕੁਰਾਲੀ ਵਿਚ ਬਾਈਪਾਸ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਤੇ ਕੁਝ ਸਮੇਂ ਵਿਚ ਇਹ ਮੁਕੰਮਲ ਹੋ ਜਾਵੇਗਾ ਤੇ ਸ਼ਹਿਰ ਵਿਚ ਜਾਮ ਦੀ ਸਮੱਸਿਆ ਦਾ ਪੁਖਤਾ ਹੱਲ ਹੋ ਜਾਵੇਗਾ।