5 Dariya News

ਪਪਰਾਲੀ ਰੋਡ ਤੇ ਸੀਵਰੇਜ ਦੇ ਪਾਣੀ ਦੀ ਨਾਲ ਫਸਲਾਂ ਦਾ ਹੋ ਰਿਹਾ ਨੁਕਸਾਨ

ਕਾਰਜ ਸਾਧਕ ਅਫਸਰ ਨੂੰ ਦਿੱਤਾ ਮੰਗ ਪੱਤਰ

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ 17-Feb-2017

ਸਥਾਨਕ ਸ਼ਹਿਰ ਦੇ ਪਪਰਾਲੀ ਰੋਡ ਤੇ ਸੀਵਰੇਜ ਪਾਈਪਾਂ ਦੇ ਮੇਨ ਹੋਲਾਂ ਵਿਚੋਂ ਪਾਣੀ ਨਿਕਲਣ ਕਾਰਨ ਫਸਲਾਂ ਖਰਾਬ ਹੋ ਰਹੀਆਂ ਹਨ ਤੇ ਇਲਾਕੇ ਵਿਚ ਕੋਈ ਭਿਆਨਕ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਪੀੜਤ ਕਿਸਾਨਾਂ ਨੇ ਭਾਜਪਾ ਆਗੂਆਂ ਅਨਿਲ ਪਰਾਸ਼ਰ ਮੈਂਬਰ ਪੰਜਾਬ ਭਾਜਪਾ ਅਤੇ ਗੋਲਡੀ ਸ਼ੁਕਲਾ ਮੀਤ ਪ੍ਰਧਾਨ ਮੰਡਲ ਕੁਰਾਲੀ ਦੀ ਅਗਵਾਈ ਵਿਚ ਸੀਵਰੇਜ ਪਾਈਪਾਂ ਦੀ ਮੁਰੰਮਤ ਕਰਕੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਕਰਨ ਦੀ ਮੰਗ ਕੀਤੀ। ਇਸ ਸਬੰਧਜੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨਾਂ ਰਾਣਾ ਰਾਜਕੁਮਾਰ, ਯਸ਼ਪਾਲ, ਬਲਰਾਮ ਰਾਣਾ, ਪ੍ਰੇਮ ਸਿੰਘ ਆਦਿ ਨੇ ਦੱਸਿਆ ਕਿ ਪਪਰਾਲੀ ਰੋਡ ਤੇ ਅਨਾਜ਼ ਮੰਡੀ ਤੋਂ ਆਉਣ ਵਾਲੀ ਸੀਵਰੇਜ ਦੀ ਪਾਈਪ ਦੇ ਮੇਨ ਹੋਲਾਂ ਵਿਚ ਥਾਂ ਥਾਂ ਤੋਂ ਗੰਦਾ ਪਾਣੀ ਓਵਰਫਲੋ ਹੋ ਕੇ ਉਨ੍ਹਾਂ ਦੇ ਖੇਤਾਂ ਵਿਚ ਵੜ ਰਿਹਾ ਹੈ ਜਿਸ ਨਾਲ ਜਿਥੇ ਉਨ੍ਹਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਹਨ ਉਥੇ ਉਸ ਇਲਾਕੇ ਵਿਚ ਕੋਈ ਭਿਆਨਕ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਇਸ ਮੌਕੇ ਜਗਜੀਤ ਸਿੰਘ ਸ਼ਾਹੀ ਕਾਰਜ ਸਾਧਕ ਅਫਸਰ ਕੁਰਾਲੀ ਨੂੰ ਪੱਤਰ ਦਿੰਦੇ ਹੋਏ ਅਨਿਲ ਪਰਾਸ਼ਰ ਮੈਂਬਰ ਪੰਜਾਬ ਭਾਜਪਾ, ਗੋਲਡੀ ਸ਼ੁਕਲਾ ਮੀਤ ਪ੍ਰਧਾਨ ਭਾਜਪਾ ਮੰਡਲ ਕੁਰਾਲੀ, ਮੀਤ ਪ੍ਰਧਾਨ ਨਗਰ ਕੌਂਸਲ ਲਖਵੀਰ ਲੱਕੀ, ਕੌਂਸਲਰ ਗੁਰਚਰਨ ਸਿੰਘ ਰਾਣਾ ਨੇ ਪੀੜਤ ਕਿਸਾਨਾਂ ਨਾਲ ਸਹਿਮਤ ਹੁੰਦਿਆਂ ਇਸ ਇਲਾਕੇ ਵਿਚ ਸੀਵਰੇਜ ਪਾਈਪਾਂ ਦੀ ਸਫਾਈ ਅਤੇ ਮੁਰੰਮਤ ਵੱਲ ਤੁਰੰਤ ਧਿਆਨ ਦੇ ਕੇ ਇਸ ਸਮੱਸਿਆ ਦਾ ਪੁਖਤਾ ਹੱਲ ਕਰਨ ਦੀ ਮੰਗ ਕੀਤੀ ਹੈ। ਗੋਲਡੀ ਸ਼ੁਕਲਾ ਨੇ ਕਿਹਾ ਕਿ ਕਿਸਾਨਾਂ ਦੇ ਹੋ ਰਹੇ ਨੁਕਸਾਨ ਨੂੰ ਮੁਖ ਰੱਖਦਿਆਂ ਨਗਰ ਕੌਂਸਲ ਕੌਂਸਲ ਸੋਮਵਾਰ ਤੱਕ ਇਸ ਸਮੱਸਿਆ ਦਾ ਪੁਖਤਾ ਹੱਲ ਕਰੇ ਤਾਂ ਜੋ ਪਹਿਲਾਂ ਹੀ ਮੰਡੀ ਦੀ ਮਾਰ ਝੱਲ ਰਿਹਾ ਕਿਸਾਨ ਹੋਰ ਬੇਹਾਲ ਨਾ ਹੋਵੇ। 

ਕੀ ਕਹਿਣਾ ਕਾਰਜ ਸਾਧਕ ਅਫਸਰ ਦਾ 

ਇਸ ਸਬੰਧੀ ਸੰਪਰਕ ਕਰਨ ਤੇ ਜਗਜੀਤ ਸਿੰਘ ਸ਼ਾਹੀ ਕਾਰਜ ਸਾਧਕ ਅਫਸਰ ਕੁਰਾਲੀ ਨੇ ਕਿਹਾ ਕਿ ਉਕਤ ਮਾਮਲੇ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਤੇ ਇਸਦੇ ਹੱਲ ਲਈ ਉਨ੍ਹਾਂ ਤੁਰੰਤ ਕਰਮਚਾਰੀਆਂ ਦੀ ਡਿਊਟੀ ਲਗਾ ਦਿੱਤੀ ਹੈ।