5 Dariya News

ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਮੁਹਿੰਮ ਵਿੱਢੀ

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ 17-Feb-2017

ਜਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਤੇ ਟਰੈਫਿਕ ਪੁਲਿਸ ਕੁਰਾਲੀ ਦੇ ਇੰਚਾਰਜ ਰਜਿੰਦਰ ਸਿੰਘ ਦੀ ਅਗਵਾਈ ਵਿਚ ਟਰੈਫਿਕ ਪੁਲਿਸ ਦੇ ਕਰਮਚਾਰੀਆਂ ਵੱਲੋਂ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਇੱਕ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਖਾਸ ਤੌਰ ਤੇ ਦੋ ਪਹੀਆ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਪੁਲਿਸ ਕੁਰਾਲੀ ਦੇ ਇੰਚਾਰਜ ਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਆਏ ਸਰਵੇਖਣ ਅਨੁਸਾਰ ਜੋ ਅੰਕੜੇ ਸੜਕੀ ਹਾਦਸਿਆਂ ਵਿਚ ਹੋਈਆਂ ਮੌਤਾਂ ਦੇ ਸਾਹਮਣੇ ਆਏ ਹਨ ਉਨ੍ਹਾਂ ਵਿਚ 90 ਫ਼ੀਸਦੀ ਚਾਲਕਾਂ ਦੀ ਮੌਤ ਸਿਰ ਵਿਚ ਸੱਟ ਲੱਗਣ ਕਾਰਨ ਹੋਈ ਜਿਸ ਤੋਂ ਸਾਫ ਹੁੰਦਾ ਹੈ ਕਿ ਦੋ ਪਹੀਆ ਵਾਹਨ ਚਾਲਕ ਹੈਲਮਟ ਨਹੀਂ ਪਹਿਨਦੇ ਜਿਸ ਕਾਰਨ ਜਿਆਦਾਤਰ ਵਾਹਨ ਚਾਲਕਾਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਕਤ ਅੰਕੜਿਆਂ ਨੂੰ ਮੁਖ ਰੱਖਦਿਆਂ ਹੁਣ ਦੋ ਪਹੀਆ ਵਾਹਨਾਂ ਦੀ ਖਾਸ ਤੌਰ ਤੇ ਨਾਕੇਬੰਦੀ ਕਰਕੇ ਥਾਂ ਥਾਂ ਜਾਂਚ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਹੈਲਮਟ ਨਾ ਪਹਿਨਣ ਵਾਲੇ ਅਤੇ ਤਿੰਨ ਤਿੰਨ ਬੈਠਣ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ ਤਾਂ ਜੋ ਸੜਕੀ ਹਾਦਸਿਆਂ ਨੂੰ ਨੱਥ ਪਾਈ ਜਾ ਸਕੀ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਦਿਨਾਂ ਵਿਚ ਟਰੈਫਿਕ ਪੁਲਿਸ ਵੱਲੋਂ 186 ਦੇ ਕਰੀਬ ਚਲਾਨ ਕੀਤੇ ਜਾ ਚੁੱਕੇ ਹਨ ਤੇ ਆਉਣ ਵਾਲੇ ਸਮੇਂ ਵਿਚ ਇਹ ਮੁਹਿੰਮ ਜਾਰੀ ਰਹੇਗੀ। ਇਸ ਮੌਕੇ ਮੁਨਸ਼ੀ ਰਣਜੀਤ ਸਿੰਘ ਭੱਕੂ, ਗੁਰਵਿੰਦਰ ਸਿੰਘ, ਰਾਜਕੁਮਾਰ, ਚਰਨਜੀਤ ਸ਼ਰਮਾ, ਗੁਰਧਿਆਨ ਆਦਿ ਹਾਜ਼ਰ ਸਨ।