5 Dariya News

ਦਹਿਸ਼ਤਗਰਦਾਂ, ਅਪਰਾਧੀਆਂ ਨਾਲ ਸਬੰਧਾਂ ਬਾਰੇ ਝੂਠੇ ਦੋਸ਼ਾਂ ਬਾਰੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਨਿਖੇਧੀ

ਬਹੁਤੇ ਅਪਰਾਧੀਆਂ ਦੇ ਸਬੰਧ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨਾਲ : ਗੁਰਪ੍ਰੀਤ ਸਿੰਘ ਵੜੈਚ

5 Dariya News

ਚੰਡੀਗੜ 17-Feb-2017

ਆਮ ਆਦਮੀ ਪਾਰਟੀ (ਆਪ) ਨੇ ਅੱਜ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ - ਭਾਰਤੀ ਜਨਤਾ ਪਾਰਟੀ ਵੱਲੋਂ ਲਾਏ ਜਾ ਰਹੇ ਉਨਾਂ ਦੋਸ਼ਾਂ ਨੂੰ ਮੁੱਢੋਂ ਨਕਾਰਿਆ, ਜਿਨਾਂ ਵਿੱਚ ਆਖਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੈਂਬਰਾਂ ਦੇ ਅਪਰਾਧੀਆਂ ਤੇ ਦਹਿਸ਼ਤਗਰਦਾਂ ਨਾਲ ਸਬੰਧ ਹਨ ਅਤੇ 'ਆਪ' ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਨੇ ਨਾਭਾ ਜੇਲ-ਕਾਂਡ ਦੇ ਮੁੱਖ ਦੋਸ਼ੀ ਸਮੇਤ ਅਪਰਾਧੀਆਂ ਦੀ ਪੁਸ਼ਤ-ਪਨਾਹੀ ਕੀਤੀ ਹੈ।ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਇਹ ਆਦਤ ਬਣ ਚੁੱਕੀ ਹੈ ਕਿ ਪੰਜਾਬ ਵਿੱਚ ਭਾਵੇਂ ਕੁਝ ਵੀ ਵਾਪਰ ਜਾਵੇ, ਉਹ 'ਆਪ' ਦਾ ਨਾਮ ਲੈ ਦਿੰਦੇ ਹਨ; ਭਾਵੇਂ ਆਮ ਆਦਮੀ ਪਾਰਟੀ ਵਾਰ-ਵਾਰ ਇਹ ਸਪੱਸ਼ਟ ਕਰ ਚੁੱਕੀ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਕਿਸੇ ਵੀ ਸਮਾਜ-ਵਿਰੋਧੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੈ। ਵੜੈਚ ਦੇ ਨਾਲ ਪਾਰਟੀ ਦੇ ਸੂਬਾ ਸਕੱਤਰ ਗੁਲਸ਼ਨ ਛਾਬੜਾ ਅਤੇ ਮੀਡੀਆ ਸੈੱਲ ਦੇ ਸਹਾਇਕ-ਕੋਆਰਡੀਨੇਟਰ ਮਨਜੀਤ ਸਿੰਘ ਸਿੱਧੂ ਵੀ ਮੌਜੂਦ ਸਨ।ਉਨਾਂ ਕਿਹਾ ਕਿ ਨਾਭਾ ਜੇਲ ਤੋੜ ਕੇ ਭੱਜਣ ਵਾਲਾ ਮੁੱਖ ਦੋਸ਼ੀ ਗੁਰਪ੍ਰੀਤ ਸੇਖੋਂ ਕਾਂਗਰਸ ਦੇ ਪਰਿਵਾਰ ਨਾਲ ਸਬੰਧਤ ਹੈ ਅਤੇ ਸੇਖੋਂ ਦੇ ਸਾਥੀ ਵਿਕੀ ਗੌਂਦਰ ਨੂੰ ਅਪਰਾਧ ਜਗਤ ਵਿੱਚ ਇੱਕ ਕਾਂਗਰਸੀ ਆਗੂ ਲੈ ਕੇ ਆਇਆ ਸੀ। 

ਉਨਾਂ ਕਿਹਾ ਕਿ ਇਹ ਗੱਲ ਤਾਂ ਰਿਕਾਰਡ ਉੱਤੇ ਹੈ ਕਿ ਇਨਾਂ ਅਪਰਾਧੀਆਂ ਦੇ ਪਰਿਵਾਰਕ ਮੈਂਬਰਾਂ ਨੇ ਕਾਂਗਰਸ ਉੱਤੇ ਉਨਾਂ ਦੇ ਬੱਚਿਆਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਸਨ। ਉਨਾਂ ਅਜਿਹੇ ਦੋਸ਼ਾਂ ਦੀ ਨਿੰਦਾ ਕੀਤੀ ਕਿ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨੇ ਕਦੇ ਇਨਾਂ ਅਪਰਾਧੀਆਂ ਨੂੰ ਪਨਾਹ ਦਿੱਤੀ ਸੀ। ਉਨਾਂ ਦ੍ਰਿੜਤਾਪੂਰਬਕ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਅਹੁਦੇਦਾਰ ਕਦੇ ਕਿਸੇ ਅਪਰਾਧੀ ਨੂੰ ਪਨਾਹ ਦੇਣ ਵਿੱਚ ਸ਼ਾਮਲ ਨਹੀਂ ਰਿਹਾ।ਉਨਾਂ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਵੱਲੋਂ ਲਾਏ ਅਰਥਹੀਣ ਦੋਸ਼ਾਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਪਰਾਧੀਆਂ ਤੇ ਦਹਿਸ਼ਤਗਰਦਾਂ ਨੂੰ ਅਸਲ ਵਿੱਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਨਮ ਦਿੱਤਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਭ ਕੁਝ ਸਪੱਸ਼ਟ ਕਰ ਦੇਵੇਗੀ। ਉਨਾਂ ਕਿਹਾ ਕਿ ਇਸ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਅਤੇ ਕਾਂਗਰਸੀ ਆਗੂਆਂ ਦੀ ਨਿਰਾਸ਼ਾ ਵਿਖਾਈ ਦਿੰਦੀ ਹੈ।ਵੜੈਚ ਨੇ ਆਲੂਆਂ ਦੀਆਂ ਕੀਮਤਾਂ ਡਿੱਗਣ ਉੱਤੇ ਚਿੰਤਾ ਪ੍ਰਗਟਾਉਂਦਿਆਂ ਮੰਗ ਕੀਤੀ ਕਿ ਆਲੂ ਉਤਪਾਦਕਾਂ ਦੇ ਹਿਤਾਂ ਦੀ ਰਾਖੀ ਲਈ ਆਲੂਆਂ ਦੀ ਖ਼ਰੀਦ ਮਾਰਕਫ਼ੈੱਡ ਰਾਹੀਂ ਨੈਫ਼ੇਡ ਵੱਲੋਂ ਵੀ ਕੀਤੀ ਜਾਣੀ ਚਾਹੀਦੀ ਹੈ। ਉਨਾਂ ਇਹ ਵੀ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਆਲੂ ਉਤਪਾਦਕਾਂ ਨੂੰ ਮਾਲ-ਭਾੜੇ ਉੱਤੇ ਸਬਸਿਡੀ ਦੇਣੀ ਚਾਹੀਦੀ ਹੈ, ਤਾਂ ਜੋ ਕਿਸਾਨ ਆਪਣੀਆਂ ਫ਼ਸਲਾਂ ਹੋਰਨਾਂ ਸੂਬਿਆਂ ਤੇ ਦੇਸ਼ਾਂ ਨੂੰ ਭੇਜ ਸਕਣ।

ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਕਿਹਾ ਕਿ 1984 'ਚ ਸਿੱਖਾਂ ਦੀ ਨਸਲਕੁਸ਼ੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਲਈ ਪ੍ਰਧਾਨ ਮੰਤਰੀ ਵੱਲੋਂ ਕਾਇਮ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਫ਼ਿਜ਼ੂਲ ਹੀ ਸਿੱਧ ਹੋਈ ਹੈ ਅਤੇ ਇਸ ਦੀ ਵਰਤੋਂ ਸਿੱਖਾਂ ਦਾ ਕਤਲੇਆਮ ਕਰਨ ਵਿੱਚ ਸ਼ਾਮਲ ਰਹੇ ਕਾਂਗਰਸੀ ਤੇ ਭਾਜਪਾ ਆਗੂਆਂ ਤੇ ਹੋਰ ਅਪਰਾਧੀਆਂ ਨੂੰ 'ਕਲੀਨ ਚਿਟ' ਦੇਣ ਲਈ ਕੀਤੀ ਗਈ ਹੈ। ਉਨਾਂ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਪਹਿਲਾਂ ਹੀ ਇੱਕ ਵਿਸ਼ੇਸ਼ ਜਾਂਚ ਟੀਮ ਕਾਇਮ ਕਰ ਦਿੱਤੀ ਸੀ ਪਰ ਮੋਦੀ ਨੇ ਉਸ ਦੀ ਥਾਂ ਇੱਕ ਹੋਰ ਅਜਿਹੀ ਟੀਮ ਕਾਇਮ ਕਰ ਦਿੱਤੀ ਸੀ। ਅਜਿਹੇ ਕੁੱਲ 59 ਮਾਮਲਿਆਂ ਵਿੱਚੋਂ ਕੇਵਲ 4 ਮਾਮਲਿਆਂ ਵਿੱਚ ਦੋਸ਼-ਪੱਤਰ ਆਇਦ ਕੀਤੇ ਗਏ ਸਨ, ਜਦ ਕਿ 38 ਮਾਮਲੇ ਬੰਦ ਕਰ ਦਿੱਤੇ ਗਏ ਹਨ। ਉਨਾਂ ਕਿਹਾ ਕਿ ਕੁੱਲ 350 ਐਫ਼.ਆਈ.ਆਰਜ਼ ਦੀ ਜਾਂਚ ਹੀ ਨਹੀਂ ਕੀਤੀ ਗਈ, ਜਿਨਾਂ ਵਿੱਚ ਕਾਂਗਰਸੀ ਅਤੇ ਭਾਜਪਾ ਆਗੂਆਂ ਦੇ ਨਾਂਅ ਦਿੱਤੇ ਗਏ ਸਨ।ਵੜੈਚ ਨੇ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਤੋਂ ਆਮ ਆਦਮੀ ਪਾਰਟੀ ਪੂਰੀ ਤਰਾਂ ਸੰਤੁਸ਼ਟ ਹੈ ਅਤੇ ਸ਼ਾਂਤੀਪੂਰਨ ਢੰਗ ਨਾਲ ਚੋਣ-ਪ੍ਰਕਿਰਿਆ ਮੁਕੰਮਲ ਹੋਣ ਲਈ ਉਨਾਂ ਚੋਣ ਕਮਿਸ਼ਨ ਨੂੰ ਵਧਾਈਆਂ ਦਿੱਤੀਆਂ। ਉਨਾਂ ਕਿਹਾ ਕਿ ਪੰਜਾਬ ਵਿੱਚ ਪ੍ਰਸ਼ਾਸਕੀ ਪੱਧਰ ਉੱਤੇ ਆਮ ਆਦਮੀ ਪਾਰਟੀ ਨੇ ਕੁਝ ਗ਼ਲਤੀਆਂ ਨੂੰ ਉਜਾਗਰ ਕੀਤਾ ਸੀ ਤੇ ਚੋਣ ਕਮਿਸ਼ਨ ਨੇ ਉਹ ਸਾਰੀਆਂ ਗ਼ਲਤੀਆਂ ਸਕਾਰਾਤਮਕ ਤਰੀਕੇ ਨਾਲ ਠੀਕ ਕਰ ਦਿੱਤੀਆਂ ਸਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਾਮੇ ਚੌਕਸ ਸਨ ਅਤੇ ਸਟਰੌਂਗ ਰੂਮਜ਼ ਦੀ ਪ੍ਰਸ਼ਾਸਕੀ ਸੁਰੱਖਿਆ ਵਿੱਚ ਕਿਸੇ ਤਰਾਂ ਦੀ ਕਮੀ ਨੂੰ ਉਜਾਗਰ ਕਰਨਗੇ।