5 Dariya News

ਅਕਾਲੀ-ਭਾਜਪਾ ਸਰਕਾਰ ਦੇ ਮਾੜੇ ਵਤੀਰੇ ਕਾਰਨ ਪ੍ਰਭਾਵਿਤ ਹੋਏ ਆਲੂ ਉਤਪਾਦਕ ਕਿਸਾਨਾਂ ਨਾਲ ਆਮ ਆਦਮੀ ਪਾਰਟੀ ਨੇ ਜਤਾਈ ਹਮਦਰਦੀ

ਆਮ ਆਦਮੀ ਪਾਰਟੀ ਆਲੂ ਅਤੇ ਹੋਰ ਫਸਲਾਂ ਦੀ ਢੁਕਵੀਂ ਮਾਰਕਿਟਿੰਗ ਨੂੰ ਯਕੀਨੀ ਬਣਾਏਗੀ - ਗੁਰਪ੍ਰੀਤ ਸਿੰਘ ਵੜੈਚ

5 Dariya News

ਚੰਡੀਗੜ੍ਹ 15-Feb-2017

ਆਮ ਆਦਮੀ ਪਾਰਟੀ ਨੇ ਪੰਜਾਬ ਦੇ ਉਨਾਂ ਆਲੂ ਉਤਪਾਦਕ ਕਿਸਾਨਾਂ ਨਾਲ ਹਮਦਰਦੀ ਜਤਾਈ ਹੈ, ਜੋ ਸਰਕਾਰ ਦੀ ਮਾੜੀ ਮਾਰਕਿਟਿੰਗ ਨੀਤੀਆਂ ਦਾ ਸ਼ਿਕਾਰ ਹੋਏ ਹਨ ਅਤੇ  ਜਿਨ੍ਹਾਂ ਦੀ ਫਸਲ ਬਾਰਿਸ਼ ਕਾਰਨ ਬਰਬਾਦ ਹੋਈ ਹੈ.ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਇੱਥੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ 10 ਸਾਲ ਪੰਜਾਬ ਉਤੇ ਰਾਜ ਕੀਤਾ ਅਤੇ ਇਨਾਂ 10 ਸਾਲਾਂ ਵਿੱਚ ਕਿਸਾਨਾਂ ਦੇ ਹਿੱਤਾਂ ਨੂੰ ਹਮੇਸ਼ਾਂ ਅੱਖੋਂ-ਪਰੋਖੇ ਕੀਤਾ.  ਉਨਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਨੇ ਅਜਿਹੀ ਕੋਈ ਵਿਓਂਤਬੰਦੀ ਨਹੀਂ ਕੀਤੀ, ਜਿਸ ਨਾਲ ਵਾਧੂ ਉਤਪਾਦਨ ਹੋਣ ਉਤੇ ਕਿਸਾਨਾਂ ਨੂੰ ਨੁਕਸਾਨ ਹੋਣ ਦੀ ਬਜਾਇ ਫਾਇਦਾ ਹੋ ਸਕੇ. ਉਨਾਂ ਕਿਹਾ ਕਿ ਆਲੂ ਉਤਪਾਦਕਾਂ ਨੂੰ ਮੁਆਵਜਾ ਦੇਣ ਲਈ ਵੀ ਕੋਈ ਯੋਜਨਾ ਨਹੀਂ ਬਣਾਈ ਗਈ.ਵੜੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਹੈ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਕਿਸਾਨਾਂ ਨੂੰ ਦਿੱਲੀ ਦੀ ਤਰਜ ਉੱਤੇ ਫਸਲ ਦਾ ਪੂਰਾ ਮੁਆਵਜਾ ਦਿੱਤਾ ਜਾਵੇਗਾ ਅਤੇ ਉਨਾਂ ਨੂੰ ਵਧੀਆ ਮਾਰਕਿਟਿੰਗ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ. ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਕਿਸਾਨਾਂ ਦੀਆਂ ਮੁਸ਼ਕਿਲਾਂ ਤੋਂ ਭਲੀ-ਭਾਂਤੀ ਜਾਣੂ ਹਨ ਅਤੇ ਆਪ ਸਰਕਾਰ ਦੇ ਗਠਨ ਮਗਰੋਂ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਯੋਜਨਾਵਾਂ ਬਣਾਈਆਂ ਜਾਣਗੀਆਂ.ਵੜੈਚ ਨੇ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਪੰਜਾਬ ਮੰਡੀ ਬੋਰਡ ਦੇ ਬਣਾਏ ਗਏ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਨੇ ਸਿਰਫ ਆਪਣੇ ਸਵਾਰਥਾਂ ਦੀ ਪੂਰਤੀ ਕੀਤੀ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਅਣਗੌਲਿਆ ਕੀਤਾ. ਵੜੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਮੰਡੀ ਬੋਰਡ ਨੂੰ ਖਾਸ ਤਵੱਜੋਂ ਦਿੱਤੀ ਜਾਵੇਗੀ.ਇਸਦੇ ਨਾਲ ਹੀ ਵੜੈਚ ਨੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਕਿ ਖਰਾਬ ਹੋਈ ਆਲੂ ਦੀ ਫਸਲ ਦੀ ਗਿਰਦਾਵਰੀ ਕਰਵਾਈ ਜਾਵੇ ਅਤੇ ਆਲੂ ਦੀ ਫਸਲ ਦੀਆਂ ਤੇਜੀ ਨਾਲ ਡਿੱਗੀਆਂ ਕੀਮਤਾਂ ਦੇ ਕਾਰਨਾਂ ਦੀ ਸੂਚੀ ਤਿਆਰ ਕੀਤੀ ਜਾਵੇ.