5 Dariya News

ਖਸਤਾ ਹਾਲਤ ਸੜਕ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ 15-Feb-2017

ਸ਼ਹਿਰ ਦੀ ਹੱਦ ਵਿੱਚ ਪੈਂਦੇ ਪਿੰਡ ਚਨਾਲੋਂ ਅਧੀਨ ਪੈਂਦੀ ਝਿੰਗੜਾਂ ਰੋਡ ਦੀ ਖਸਤਾ ਹਾਲਤ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਇਸ ਸੜਕ ਕਾਰਨ ਜਿੱਥੇ ਕਈ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਉਥੇ ਇਸ ਸੜਕ ਉਤੇ ਚੱਲ ਰਹੇ ਉਦਯੋਗਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਲੋਕਾਂ ਨੇ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ।ਸੜਕ ਵਿਚਕਾਰ ਪਏ ਟੋਏ ਦਿਖਾਉਂਦਿਆਂ ਉਦਯੋਗਪਤੀਆਂ ਰਣਵੀਰ ਸਿੰਘ ਚੌਹਾਨ,ਅਰਵਿੰਦਰ ਸਿੰਘ ਭੋਗਲ,ਐਸ ਐਸ ਠੁਕਰਾਲ ਅਤੇ ਹੋਰਨਾਂ ਨੇ ਦੱਸਿਆ ਕਿ ਕੁਰਾਲੀ-ਖਰੜ ਕੌਮੀ ਮਾਰਗ ਤੋਂ ਚਨਾਲੋਂ ਪਿੰਡ ਵਿਚੋਂ ਹੋ ਕੇ ਝਿੰਗੜਾਂ ਸਮੇਤ ਇਲਾਕੇ ਦੇ ਦਰਜ਼ਨਾਂ ਪਿੰਡਾਂ ਨੂੰ ਜੋੜਨ ਵਾਲੀ ਲਿੰਕ ਸੜਕ ਦਾ ਚਨਾਲੋਂ ਅਧੀਨ ਦਾ ਹਿੱਸਾ ਕਈ ਸਾਲਾਂ ਤੋਂ ਅਤਿ ਖ਼ਸਤਾ ਹਾਲਤ ਵਿੱਚ ਹੈ। ਉਨ੍ਹਾਂ ਕਿਹਾ ਕਿ ਸੜਕ ਵਿਚਕਾਰ ਕਾਫੀ ਡੂੰਘੇ ਅਤੇ ਵੱਡੇ ਅਕਾਰ ਦੇ ਟੋਏ ਪਏ ਹੋਏ ਹਨ। ਰਣਵੀਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਸੜਕ ਦਾ ਇਹ ਹਿੱਸਾ ਨਗਰ ਕੌਂਸਲ ਅਧੀਨ ਪੈਂਦਾ ਹੈ ਜੋ ਕਿ ਪਿੰਡ ਚਨਾਲੋਂ ਦੀ ਫਿਰਨੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਖ਼ਸਤਾ ਹਾਲਤ ਵਿੱਚ ਅਣਗੌਲੀ ਇਸ ਸੜਕ ਸਬੰਧੀ ਉਹ ਅਨੇਕਾਂ ਵਾਰ ਚਨਾਲੋਂ ਦੀ ਕੌਂਸਲਰ,ਨਗਰ ਕੌਂਸਲ ਦੀ ਪ੍ਰਧਾਨ ਅਤੇ ਅਧਿਕਾਰੀਆਂ ਨੂੰ ਕਹਿ ਚੁੱਕੇ ਹਨ ਪਰ ਕੋਈ ਵੀ ਉਨ੍ਹਾਂ ਦੀ ਸੁਣਵਾਈ ਕਰਨ ਲਈ ਤਿਆਰ ਨਹੀਂ। 

ਉਨ੍ਹਾਂ ਕਿਹਾ ਕਿ ਕੌਂਸਲ ਵਲੋਂ ਸੜਕ ਦੀ ਇਸ ਹਾਲਤ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਜਿੱਥੇ ਕਈ ਪਿੰਡਾਂ ਦੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਉਥੇ ਉਨ੍ਹਾਂ ਦੇ ਉਦਯੋਗਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਅਰਵਿੰਦਰ ਸਿੰਘ ਭੋਗਲ ਤੇ ਹੋਰਨਾਂ ਨੇ ਕਿਹਾ ਕਿ ਉਹ ਨਗਰ ਕੌਂਸਲ ਨੂੰ ਹਾਊਸ ਟੈਕਸ ਤੇ ਹੋਰ ਅਦਾਇਗੀਆਂ ਕਰਦੇ ਆ ਰਹੇ ਹਨ ਪਰ ਕੌਂਸਲ ਟੈਕਸ ਵਸੂਲ ਕਰਕੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਸੁੱਕੇ ਮੌਸਮ ਵਿੱਚ ਇਸ ਸੜਕ ਤੋਂ ਉਡਦੀ ਧੂੜ ਅਤੇ ਬਾਰਿਸ਼ ਹੋਣ ਤੋਂ ਕਈ ਦਿਨਾਂ ਤੱਕ ਪਾਣੀ ਦੇ ਛੱਪੜ  ਬਣੇ ਟੋਏ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਅਨੇਕਾਂ ਹੀ ਹਾਦਸੇ ਵਾਪਰ ਚੁੱਕੇ ਹਨ ਪਰ ਪ੍ਰਸ਼ਾਸ਼ਨ ਵਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸੜਕ ਕਾਰਨ ਹੀ ਉਨ੍ਹਾਂ ਦੇ ਉਦਯੋਗਾਂ ਤੱਕ ਕੱਚਾ ਮਾਲ ਪਹੁੰਚਣਾ ਅਤੇ ਤਿਆਰ ਮਾਲ ਲਿਜਾਣ ਵਾਲੇ ਵਾਹਨਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਸੜਕ ਦੀ ਹਾਲਤ ਤੁਰੰਤ ਸੁਧਾਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਸ਼ਾਹੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਸੜਕ ਕੌਂਸਲ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਉਹ ਕੌਂਸਲ ਦੀ ਟੀਮ ਭੇਜ ਕੇ ਸੜਕ ਦੀ ਹਾਲਤ ਸਬੰਧੀ ਜਾਇਜ਼ਾ ਲੈਣਗੇ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।