5 Dariya News

ਸਿਰਸਾ ਡੇਰੇ ਦੇ ਮੁਖੀ ਦੀ ਹਿਮਾਇਤ ਲੈਣ ਵਾਲੇ ਸਿਖ ਉਮੀਦਵਾਰਾਂ ਦਾ ਬਾਈਕਾਟ ਕੀਤਾ ਜਾਵੇ- ਸਤਨਾਮ ਸਿੰਘ ਚਾਹਲ

5 Dariya News

ਜਲੰਧਰ 03-Feb-2017

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਸੌਦਾ ਸਾਧ ਦੀ ਹਿਮਾਇਤ ਲੈਣ ਦੀ ਪਰਵਾਸੀ ਸਿੱਖ ਭਾਈਚਾਰੇ ਵੱਲੋਂ ਵੱਡੇ ਪੱਧਰ 'ਤੇ ਨਿੰਦਾ ਹੋ ਰਹੀ ਹੈ। ਨਾਰਥ ਅਮਰੀਕਨ ਪੰਜਾਬੀ ਐਸੋਸਈਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਇੱਕ ਪ੍ਰੈਸ ਰਿਲੀਜ਼ ਰਾਹੀਂ ਕਿਹਾ ਹੈ ਕਿ ਇਸ ਕਾਰਵਾਈ ਨਾਲ ਅਕਾਲੀ ਦਲ (ਬਾਦਲ) ਨੇ ਨਾ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਛਿੱਕੇ ਟੰਗਿਆ ਹੈ ਸਗੋਂ ਸਿੱਖ ਛਵੀ ਨੂੰ ਵੀ ਭਾਰੀ ਠੇਸ ਪਹੁੰਚਾਈ ਹੈ।  ਉਨ੍ਹਾਂ ਕਿਹਾ ਕਿ ਅਕਾਲੀ ਲੀਡਰਾਂ ਵੱਲੋਂ ਸੌਦਾ ਸਾਧ ਦੀ ਉਸਤਿਤ ਵਿੱਚ ਲਗਾਏ ਗਏ ਜੈਕਾਰਿਆਂ ਨੇ ਪੂਰੀ ਕੌਮ ਦੇ ਹਿਰਦੇ ਵਲੂੰਧਰ ਦਿੱਤੇ ਹਨ।ਸ. ਚਾਹਲ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਾਹੀਦਾ ਹੈ ਕਿ ਤੁਰੰਤ ਪੰਜ ਸਿੰਘ ਸਾਹਿਬਾਨ ਦੀ ਬੈਠਕ ਸੱਦ ਕੇ ਸਰਦੂਲਗੜ੍ਹ ਤੋਂ ਅਕਾਲੀ ਉਮੀਦਵਾਰ ਦਿਲਰਾਜ ਸਿੰਘ ਭੂੰਦੜ, ਭੁੱਚੋ ਤੋਂ ਹਰਪ੍ਰੀਤ ਸਿੰਘ, ਬਠਿੰਡਾ (ਦਿਹਾਤੀ) ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ, ਮੌੜ ਮੰਡੀ ਤੋਂ ਜਨਮੇਜਾ ਸਿੰਘ ਸੇਖੋਂ, ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ ਦੇ ਬਾਈਕਾਟ ਦਾ ਐਲਾਨ ਕੀਤਾ ਜਾਵੇ। 

ਸ. ਚਾਹਲ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਵਾਲੇ ਸੌਦਾ ਸਾਧ ਨੂੰ ਸਿੱਖ ਕੌਮ ਕਦੇ ਵੀ ਮਾਫ਼ ਨਹੀਂ ਕਰ ਸਕਦੀ। ਸੰਵਾਗ ਰਚਾਉਣ ਦੀ ਘਟਨਾ ਤੋਂ ਬਿਨਾਂ ਵੀ ਉਸ ਵੱਲੋਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਦੀ ਲੜੀ ਲਗਾਤਾਰ ਜਾਰੀ ਹੈ। ਹੁਣ ਤੱਕ ਸਾਧ ਦੇ ਚੇਲੇ ਅਨੇਕਾਂ ਸਿੱਖਾਂ ਨੂੰ ਸ਼ਹੀਦ ਕਰ ਚੁੱਕੇ ਹਨ ਤੇ ਲਗਾਤਾਰ ਆਪਣੀਆਂ ਕਾਰਵਾਈਆਂ ਨਾਲ ਸਿੱਖਾਂ ਨੂੰ ਵੰਗਾਰ ਰਹੇ ਹਨ। ਚ. ਚਾਹਲ ਨੇ ਕਿਹਾ ਕਿ ਸਿੱਖਾਂ ਨੇ ਤੌਖਲੇ ਪ੍ਰਗਟਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਅਜਿਹੇ ਮਾਹੌਲ ਵਿੱਚ ਵੀ ਉਨ੍ਹਾਂ ਨੂੰ ਪੰਜਾਬ ਵਿੱਚ ਆਪਣੀਆਂ ਕਾਰਵਾਈਆਂ ਕਰਨ ਦੀ ਖੁੱਲ੍ਹ ਦੇਣ ਨਾਲ ਅਕਾਲੀ ਦਲ ਨੇ ਸਿੱਖਾਂ ਦੀਆਂ ਹੋਰ ਸ਼ਹਾਦਤਾਂ ਦੇ ਰਾਹ ਖੋਲ੍ਹ ਦਿੱਤੇ ਹਨ।  ਸ. ਚਾਹਲ ਨੇ ਕਿਹਾ ਕਿ ਇਤਹਾਸ ਗਵਾਹ ਹੈ ਕਿ ਭਾਵੇਂ ਪੰਜਾਬ 'ਚ ਵਿਚਰ ਰਹੀਆਂ ਭਗਵੀਆਂ ਪਾਰਟੀਆਂ ਦਾ ਮਾਮਲਾ ਹੋਵੇ, ਭਾਵੇਂ ਆਸੂਤੋਸ਼ ਸਾਧ ਦਾ ਜਾਂ ਸੌਦਾ ਸਾਧ ਦਾ, ਬਾਦਲ ਦੀ ਸਰਕਾਰ ਦੌਰਾਨ ਉੱਠੇ ਹਰ ਮਾਮਲੇ ਵਿੱਚ ਸਿੱਖਾਂ ਦਾ ਖ਼ੂਨ ਵਹਾ ਕੇ ਹੀ ਇਨ੍ਹਾਂ ਲੋਕਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਹੁਣ ਪਰਦੇ ਪਿੱਛੇ ਸੌਦਾ ਸਾਧ ਨਾਲ ਸਿੱਖਾਂ ਵਿਰੁੱਧ ਕਿੰਨਾ ਕੁ ਖ਼ਤਰਨਾਕ ਸੌਦਾ ਹੋਇਆ ਹੈ ਇਹ ਤਾਂ ਵਕਤ ਹੀ ਦੱਸੇਗਾ ।