ਨਿਊ ਚੰਡੀਗੜ੍ਹ ਦੇ ਲਾਗਲੇ ਪਿੰਡਾਂ ਦੇ ਵਿਕਾਸ ਨੂੰ ਸ਼ਿਖਰਾਂ 'ਤੇ ਪਹੁੰਚਾਇਆ ਜਾਵੇਗਾ; ਕੰਵਰ ਸੰਧੂ
ਸੜਕਾਂ ਤੇ ਹੋਰ ਪ੍ਰੋਜੈਕਟਾਂ ਨੂੰ ਸਮੇਂ ਸਿਰ ਕਰਵਾਇਆ ਜਾਵੇਗਾ ਪੂਰਾ: ਕੰਵਰ ਸੰਧੂ
5 Dariya News
ਖਰੜ 25-Jan-2017
ਆਮ ਆਦਮੀ ਪਾਰਟੀ ਦੇ ਖਰੜ ਤੋਂ ਉਮੀਦਵਾਰ ਅਤੇ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਕੰਵਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਖਰੜ ਹਲਕੇ ਦਾ ਪਹਿਲ ਦੇ ਆਧਾਰ 'ਤੇ ਵਿਕਾਸ ਕਰਵਾਇਆ ਜਾਵੇਗਾ ਅਤੇ ਸੜਕਾਂ ਤੇ ਹੋਰ ਚੱਲ ਰਹੇ ਪ੍ਰੋਜੈਕਟਾਂ ਨੂੰ ਸਮੇ ਸਿਰ ਪੂਰਾ ਕਰਵਾਉਣ ਦੇ ਲਈ ਉਪਰਾਲੇ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਮੁੱਦਾਹੀਣ ਹੋਏ ਵਿਰੋਧੀ ਹੁਣ ਇਹ ਕੂੜ ਪ੍ਰਚਾਰ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਇਲਾਕੇ ਚ ਚੱਲ ਰਹੇ ਵਿਕਾਸ ਕਾਰਜ ਰੋਕ ਦਿੱਤੇ ਜਾਣਗੇ ਜਦਕਿ ਅਜਿਹਾ ਕੁਝ ਵੀ ਨਹੀਂ ਹੈ, ਸਗੋਂ ਆਮ ਆਦਮੀ ਪਾਰਟੀ ਨੇ ਹਲਕੇ ਦਾ ਵਿਕਾਸ ਕਰਨ ਦੇ ਲਈ ਇਕ ਵੱਖਰਾ ਮੈਨੀਫੈਸਟੋ ਤਿਆਰ ਕੀਤਾ ਹੈ। ਉਨ੍ਹਾਂ ਇਹ ਵੀ ਸ਼ਪੱਸ਼ਟ ਕੀਤਾ ਕਿ ਸੱਤਾਧਾਰੀਆਂ ਵੱਲੋਂ ਜੋ ਪ੍ਰੋਜੈਕਟ ਸਿਰਫ ਵਪਾਰਿਕ ਹਿੱਤਾਂ ਖਾਤਿਰ ਸ਼ੁਰੂ ਕੀਤੇ ਗਏ ਸਨ, ਉਨ੍ਹਾਂ ਨੂੰ ਆਮ ਆਦਮੀ ਪਾਰਟੀ ਜਨਤਕ ਹਿੱਤਾਂ ਦੀ ਵਰਤੋਂ ਚ ਲਿਆਉਣ ਲਈ ਉਪਰਾਲੇ ਕਰੇਗੀ ।ਕੰਵਰ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮਕਸਦ ਜਨਤਕ ਖਜ਼ਾਨੇ ਦੀ ਬਾਦਲਾਂ ਵੱਲੋਂ ਕੀਤੀ ਜਾ ਰਹੀ ਦੁਰਵਰਤੋਂ ਨੂੰ ਰੋਕਣਾ ਹੈ ਨਾ ਕਿ ਵਿਕਾਸ ਕਾਰਜ ਰੋਕਣਾ ਹੈ ਅਤੇ ਖਜ਼ਾਨੇ ਦੀ ਵਰਤੋਂ ਸਿਰਫ ਤੇ ਸਿਰਫ ਲੋਕ ਹਿੱਤਾਂ ਤੇ ਵਿਕਾਸ ਕਾਰਜਾਂ ਲਈ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਲੋਕਾਂ ਨੇ ਸਿਆਸੀ ਵਿਰੋਧੀਆਂ ਨੂੰ ਚੋਣ ਮੈਦਾਨ ਚੋਂ ਤਾਂ ਲਗਭਗ ਲਾਂਭੇ ਕਰ ਦਿੱਤਾ ਹੈ ਅਤੇ ਹੁਣ ਉਹ ਸਿਰਫ ਕੂੜ ਪ੍ਰਚਾਰ ਚ ਰੁੱਝੇ ਹੋਏ ਪਰ ਲੋਕ ਆਮ ਆਦਮੀ ਨੂੰ ਪੰਜਾਬ ਦੀ ਦਸ਼ਾ ਸੁਧਾਰਨ ਦਾ ਮੌਕਾ ਦੇਣ ਦਾ ਮਨ ਬਣਾ ਚੁੱਕੇ ਨੇ ।