5 Dariya News

ਹਲਕਾ ਖਰੜ ਵਿਚ ਅਕਾਲੀ-ਭਾਜਪਾ ਤੇ ਕਾਂਗਰਸੀ ਉਮੀਦਵਾਰ ਦੀ ਹਾਲਤ ਪਤਲੀ

ਲੋਕਾਂ ਦਾ ਵੱਧ ਰੁਝਾਨ ਆਮ ਆਦਮੀ ਪਾਰਟੀ ਵੱਲ

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ 25-Jan-2017

ਵਿਧਾਨ ਸਭਾ ਹਲਕਾ ਖਰੜ ਵਿਚ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਿਆ ਹੈ, ਜਿਥੇ ਕਾਂਗਰਸੀ ਉਮੀਦਵਾਰ ਜਗਮੋਹਨ ਸਿੰਘ ਕੰਗ ਨੇ ਰੁੱਸਿਆਂ ਨੂੰ ਮਨਾਉਣ ਵਿਚ ਕਾਫੀ ਹੱਦ ਤੱਕ ਸਫਲਤਾ ਪ੍ਰਾਪਤ ਕਰ ਲਈ ਹੈ ਪਰ ਜੇ ਦੂਸਰੇ ਬੰਨੇ ਵੇਖਿਆ ਜਾਵੇ ਤਾਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਆਪਣੀ ਹੀ ਪਾਰਟੀ ਦੇ ਰੁੱਸੇ ਆਗੂਆਂ ਨੂੰ ਮਨਾਉਣ ਵਿਚ ਉਲਝੇ ਹੋਏ ਹਨ ਜਿਸ ਦਾ ਸਿੱਧਾ ਫਾਇਦਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਵਰ ਸੰਧੂ ਨੂੰ ਹੁੰਦਾ ਵਿਖਾਈ ਦੇ ਰਿਹਾ ਹੈ। ਜਿਸ ਤੋਂ ਸਾਫ ਝਲਕਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਮੁਕਾਬਲਾ ਹੋਰ ਰੌਚਕ ਹੋਵੇਗਾ ਕਿਉਂਕਿ ਜਿਆਦਾਤਰ ਵੋਟਰਾਂ ਨੇ ਚੁੱਪੀ ਸਾਧੀ ਹੋਈ ਹੈ। ਜੇ ਚੋਣ ਮੁਹਿੰਮ ਦੀ ਗੱਲ ਕਰੀਏ ਤਾਂ 'ਆਪ' ਦੇ ਵਰਕਰਾਂ ਨੇ ਜਿਥੇ ਲਗਭਗ ਦੋ ਵਾਰ ਘਰ ਘਰ ਵੋਟਰਾਂ ਨਾਲ ਸੰਪਰਕ ਕਰਨ ਵਿਚ ਸਭ ਤੋਂ ਅੱਗੇ ਹੈ ਉਥੇ ਕਾਂਗਰਸ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਵੀ ਇੱਕ ਗੇੜ ਘਰ ਘਰ ਲਾ ਚੁੱਕੇ ਹਨ। ਜੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਸ. ਗਿੱਲ ਨੂੰ ਅਕਾਲੀਆਂ ਦੇ ਵਿਚ ਆਪਸੀ ਫ਼ੁੱਟ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ,  ਜਿਸ ਕਾਰਨ ਉਹ ਚੋਣ ਪ੍ਰਚਾਰ ਵਿਚ ਕਾਫੀ ਪਿੱਛੇ ਹਨ। ਜੇ ਗੱਲ ਹਲਕਾ ਖਰੜ ਦੇ ਵੋਟਰਾਂ ਦੀ ਗੱਲ ਕਰੀਏ ਤਾਂ ਪਿਛਲੇ ਦਸ ਸਾਲਾਂ ਦੌਰਾਨ ਇਲਾਕੇ ਵਿਚ ਨਜਾਇਜ਼ ਮਾਈਨਿੰਗ ਦੋਨੋਂ ਪਾਰਟੀਆਂ ਦੀ ਮਿਲੀਭੁਗਤ ਨਾਲ ਚੱਲਦੀ ਰਹੀ ਹੈ । ਜਿਸ ਕਾਰਨ ਘਾੜ ਇਲਾਕੇ ਦੇ ਵੋਟਰ ਅਕਾਲੀ-ਭਾਜਪਾ ਅਤੇ ਕਾਂਗਰਸ ਤੋਂ ਤੰਗ ਵਿਖਾਈ ਦੇ ਰਹੇ ਹਨ। ਕਿਉਂਕਿ ਇਸ ਅਤੇ ਸੜਕਾਂ ਦਾ ਟਿੱਪਰਾਂ ਨੇ ਸੱਤਿਆਨਾਸ ਕਰਕੇ ਰੱਖ ਦਿੱਤਾ ਹੈ ਜਿਸ ਕਾਰਨ ਘਾੜ ਹਲਕੇ ਦੇ ਜਿਆਦਾਤਰ ਲੋਕਾਂ ਦਾ ਰੁਝਾਨ ਆਪ ਵੱਲ ਵਧਦਾ ਵਿਖਾਈ ਦੇ ਰਿਹਾ ਹੈ।  

ਰਣਜੀਤ ਸਿੰਘ ਗਿੱਲ ਦੀ ਅਜੇ ਤੱਕ ਪਾਰਟੀ ਅਹੁਦੇਦਾਰਾਂ ਦੇ ਘੇਰੇ ਵਿਚ ਫਸੇ ਵਿਖਾਈ ਦੇ ਰਹੇ ਹਨ ਜਦਕਿ ਆਮ ਵਰਕਰ, ਵੋਟਰ ਤੇ ਲੋਕ ਉਨ੍ਹਾਂ ਦੀ ਪਹੁੰਚ ਤੋਂ ਕਾਫੀ ਦੂਰ ਹਨ ਜਿਸ ਦਾ ਖਮਿਆਜਾ ਉਨ੍ਹਾਂ ਨੂੰ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ ਨਾਲ ਹੀ ਅਜੇ ਤੱਕ ਜਥੇਦਾਰ ਉਜਾਗਰ ਸਿੰਘ ਬਡਾਲੀ ਦਾ ਉਨ੍ਹਾਂ ਦੇ ਹੱਕ ਵਿਚ ਨਾ ਤੁਰਨਾ ਵੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਆਗੂਆਂ ਦਾ ਅਪਣਾ ਨਿੱਜੀ ਵੋਟ ਬੈਂਕ ਹੈ। ਇਥੇ ਗੱਲ ਹਲਕੇ ਦੇ ਸ਼ਹਿਰ ਕੁਰਾਲੀ ਵਿਚ ਬਣੇ ਓਵਰਬ੍ਰਿਜ ਦੀ ਕਰੀਏ ਤਾਂ ਉਸਦਾ ਨੁਕਸਾਨ ਕਾਂਗਰਸੀ ਉਮੀਦਵਾਰ ਜਗਮੋਹਨ ਸਿੰਘ ਕੰਗ ਨੂੰ ਹੁੰਦਾ ਵਿਖਾਈ ਦੇ ਰਿਹਾ ਹੈ ਕਿਉਂਕਿ ਲੋਕਾਂ ਦਾ ਮੰਨਣਾ ਹੈ ਅਗਰ ਦਸ ਸਾਲ ਪਹਿਲਾਂ ਕੁਰਾਲੀ ਬਾਈਪਾਸ ਬਣਾ ਦਿੱਤਾ ਜਾਂਦਾ ਤਾਂ ਸ਼ਹਿਰ ਦੋ ਹਿੱਸਿਆਂ ਵਿਚ ਵੰਡਣ ਤੋਂ ਬਚ ਜਾਂਦਾ ਤੇ ਨਾਲ ਹੀ ਸੈਂਕੜੇ ਲੋਕਾਂ ਨੂੰ ਆਪਣੀ ਜਾਨ ਨਾ ਗਵਾਉਣੀ ਪੈਂਦੀ ਤੇ ਨਾਲ ਹੀ ਸਿਸਵਾਂ ਰੋਡ ਤੇ ਪਿੰਡ ਬੜੌਦੀ ਨੇੜੇ ਬਣੇ ਟੋਲ ਪਲਾਜ਼ਾ ਦਾ ਨੁਕਸਾਨ ਦੋਨਂੋ ਪਾਰਟੀਆਂ ਨੂੰ ਉਠਾਉਣਾ ਪਵੇਗਾ। ਸ਼ਹਿਰ ਕੁਰਾਲੀ ਵਿਚ ਸਿਵਲ ਹਸਪਤਾਲ ਵਿਚ ਲੋਕਾਂ ਨੂੰ ਮੁਢਲੀਆਂ ਸਿਹਤ ਸਹੂਲਤਾਂਨਾ ਮਿਲਣਾ ਵੀ ਦੋਨੋ ਪਾਰਟੀਆਂ ਦੇ ਖਿਲਾਫ ਜਾ ਰਿਹਾ ਹੈ। ਕੁਲ ਮਿਲਾਕੇ ਸ਼ਹਿਰ ਕੁਰਾਲੀ ਅਤੇ ਇਲਾਕੇ ਵਿਚ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ 'ਆਪ' ਵੱਲੋਂ ਸਿੱਧੀ ਟੱਕਰ ਮਿਲ ਰਹੀ ਹੈ ਕਿਉਂਕਿ ਲੋਕ ਹੁਣ ਵੱਡੇ ਇੱਕ ਬਦਲਾਅ ਦੇ ਰੂਪ ਵਿਚ 'ਆਪ' ਨਾਲ ਤੁਰਦੇ ਦਿਸ ਰਹੇ ਹਨ। ਇਨ੍ਹਾਂ ਮੁੱਦਿਆਂ ਤੇ ਲੋਕਾਂ ਦੀ ਰਾਏ ਅਨੁਸਾਰ ਪਿਛਲੇ 70 ਸਾਲਾਂ ਤੋਂ ਵਾਰੀ ਵਾਰੀ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਨੁਮਾਇੰਦੇ ਲੋਕਾਂ ਨੂੰ ਸਿਹਤ, ਸਿਖਿਆ ਅਤੇ ਰੁਜਗਾਰ ਦੇਣ ਦੀ ਥਾਂ ਕੇਵਲ ਤੇ ਕੇਵਲ ਗਲੀਆਂ-ਨਾਲੀਆਂ ਅਤੇ ਸੜਕਾਂ ਬਣਾਉਣ ਦੇ ਕੰਮ ਨੂੰ ਵਿਕਾਸ ਦਾ ਨਾਮ ਦਿੰਦੇ ਆ ਰਹੇ ਹਨ, ਆਮ ਲੋਕਾਂ ਦੇ ਰੁਝਾਨ ਅਨੁਸਾਰਂ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰਾਂ ਲਈ ਵਿਧਾਨ ਸਭਾ ਦਾ ਦਰਵਾਜਾ ਦੂਰ ਹੁੰਦਾ ਵਿਖਾਈ ਦੇ ਰਿਹਾ ਹੈ।