ਆਮ ਆਦਮੀ ਪਾਰਟੀ ਦੇ ਐਨਆਰਆਈ ਸਮਰਥਕਾਂ ਨੂੰ ਲੈ ਕੇ ਇੱਕ ਜਹਾਜ ਅੰਮਿ੍ਰਤਸਰ ਪਹੁੰਚਿਆ
ਪਾਰਟੀ ਦੇ ਸੀਨੀਅਰ ਆਗੂਆਂ ਸੰਜੇ ਸਿੰਘ, ਗੁਰਪ੍ਰੀਤ ਵੜੈਚ, ਹਿੰਮਤ ਸਿੰਘ ਸ਼ੇਰਗਿੱਲ ਅਤੇ ਜਰਨੈਲ ਸਿੰਘ ਨੇ ਕੀਤਾ ਭਰਵਾਂ ਸਵਾਗਤ
5 Dariya News
ਅੰਮਿ੍ਰਤਸਰ 24-Jan-2017
ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਐਨਆਰਆਈ ਸਮਰਥਕਾਂ ਨਾਲ ਭਰਿਆ ਇੱਕ ਜਹਾਜ ‘ਉਮੀਦ ਦੀ ਮਿਸ਼ਾਲ’ ਨਾਲ ਅੰਮਿ੍ਰਤਸਰ ਹਵਾਈ ਅੱਡੇ ਉਤੇ ਉਤਰਿਆ, ਜਿੱਥੇ ਉਨਾਂ ਦਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਉਤਸ਼ਾਹ ਨਾਲ ਭਰੇ ਹੋਏ ਪ੍ਰਵਾਸੀ ਪੰਜਾਬੀਆਂ ਦਾ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਸੰਜੇ ਸਿੰਘ, ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਕੋ-ਇੰਚਾਰਜ ਜਰਨੈਲ ਸਿੰਘ ਅਤੇ ਹੋਰ ਸੀਨੀਅਰ ਆਗੂਆਂ ਪ੍ਰੀਤੀ ਸ਼ਰਮਾ ਮੈਮਨ, ਡਾ. ਸਾਰਿਕਾ ਵਰਮਾ, ਸੁਰਿੰਦਰ ਮਾਵੀ, ਰਾਜੇਸ਼ ਸ਼ਰਮਾ ਅਤੇ ਜੋਬਨ ਰੰਧਾਵਾ ਨੇ ਸਵਾਗਤ ਕੀਤਾ। ਆਮ ਆਦਮੀ ਪਾਰਟੀ ਦੀਆਂ ਸਫੇਦ ਟੀ-ਸ਼ਰਟਾਂ ਪਹਿਨੇ ਹੋਏ ਸਾਰੇ ਪ੍ਰਵਾਸੀਆਂ ਨੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਇਸ ਪਿੱਛੋਂ ਉਹ ਇੱਕ ਵੱਡੀ ਰੈਲੀ ਲਈ ਮਜੀਠਾ, ਜੋ ਕਿ 2017 ਦੀਆਂ ਚੋਣਾਂ ਵਿੱਚ ਇੱਕ ਅਹਿਮ ਸੀਟ ਹੈ, ਲਈ ਨਿਕਲ ਗਏ। ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰਨ ਲਈ ਉਨਾਂ ਵਿੱਚ ਕਾਫੀ ਉਤਸ਼ਾਹ ਭਰਿਆ ਹੋਇਆ ਸੀ। ਆਰਾਮ ਕਰਨ ਦੀ ਬਜਾਏ ਉਨਾਂ ਨੇ ਤੁਰੰਤ ਚੋਣ ਪ੍ਰਚਾਰ ਲਈ ਜੁਟਣ ਨੂੰ ਤਰਜੀਹ ਦਿੱਤੀ। ਆਮ ਆਦਮੀ ਪਾਰਟੀ ਦੀ ਜੁਆਇੰਟ ਸਕੱਤਰ ਡਾ. ਸਾਰਿਕਾ ਵਰਮਾ ਨੇ ਦੱਸਿਆ ਕਿ ਪ੍ਰਚਾਰ ਲਈ ਪਹੁੰਚੇ ਪ੍ਰਵਾਸੀ ਪੰਜਾਬੀਆਂ ਦੀਆਂ ਕੁੱਝ ਟੀਮਾਂ ਬਣਾਈਆਂ ਗਈਆਂ ਅਤੇ ਚਲੋ ਪੰਜਾਬ ਮੁਹਿੰਮ ਲਈ ਤਿਆਰ ਕੀਤੀਆਂ ਗਈਆਂ ਖਾਸ ਬੱਸਾਂ ਵਿੱਚ ਸਵਾਰ ਹੋ ਕੇ ਉਹ ਵੱਖ-ਵੱਖ ਹਲਕਿਆਂ ਵਿੱਚ ਨਿਕਲ ਗਏ।
ਆਮ ਆਦਮੀ ਪਾਰਟੀ ਦੇ ਐਨਆਰਆਈ ਸਮਰਥਕਾਂ ਵੱਲੋਂ ਮਜੀਠਾ ਵਿਖੇ ਇੱਕ ਰੋਡ ਸ਼ੋਅ ਕੱਢਿਆ ਗਿਆ ਅਤੇ ਇਸਦੇ ਨਾਲ ਹੀ ਉਨਾਂ ਨੇ ਘਰ-ਘਰ ਜਾ ਕੇ ਪਾਰਟੀ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਦੇ ਹੱਕ ਵਿੱਚ ਪ੍ਰਚਾਰ ਕੀਤਾ, ਤਾਂ ਕਿ ਬਹੁ-ਕਰੋੜੀ ਡਰੱਗ ਰੈਕੇਟ ਦੇ ਆਰੋਪਾਂ ਵਿੱਚ ਘਿਰੇ ਬਿਕਰਮ ਸਿੰਘ ਮਜੀਠੀਆ ਨੂੰ ਹਰਾਇਆ ਜਾ ਸਕੇ। ਇਨਾਂ ਵਿੱਚੋਂ ਇੱਕ ਟੀਮ ਚੱਬੇਵਾਲ ਹਲਕੇ ਵਿੱਚ ਗਈ, ਜਿੱਥੇ ਉਨਾਂ ਨੇ ਪੂਰਾ ਦਿਨ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਪ੍ਰਵਾਸੀ ਪੰਜਾਬੀ ਅਤੇ ਹਲਕੇ ਦੇ ਲੋਕ ਵਿਸ਼ੇਸ਼ ਪ੍ਰਚਾਰ ਨੂੰ ਵੇਖ ਕੇ ਕਾਫੀ ਖੁਸ਼ ਹੋਏ, ਸ਼ਾਇਦ ਇਹ ਪੰਜਾਬ ਵਿੱਚ ਪਹਿਲੀ ਵਾਰ ਸੀ। ਇਸ ਤੋਂ ਇਲਾਵਾ ਕੁੱਝ ਟੀਮਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਚ ਚੋਣ ਪ੍ਰਚਾਰ ਕਰਨ ਲਈ ਸਿੱਧੀਆਂ ਬਰਨਾਲਾ, ਮਾਨਸਾ ਅਤੇ ਬਠਿੰਡਾ ਲਈ ਨਿਕਲ ਗਈਆਂ। ਡਾ ਸਾਰਿਕਾ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਹੋਰ ਪ੍ਰਵਾਸੀ ਭਾਰਤੀ ਚੋਣ ਪ੍ਰਚਾਰ ਵਿੱਚ ਸ਼ਾਮਿਲ ਹੋਣਗੇ। ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਆਗੂ ਹਰਸਿਮਰਤ ਕੌਰ ਦਵਾਰਾ ਪ੍ਰਵਾਸੀ ਭਾਰਤੀਆਂ ਨੂੰ ਅੱਤਵਾਦੀ ਕਹੇ ਜਾਣ ਉਤੇ ਪ੍ਰਤਿਕਿਰਿਆ ਜਾਹਿਰ ਕਰਦਿਆਂ ਡਾ. ਸਾਰਿਕਾ ਨੇ ਕਿਹਾ ਕਿ ਚਲੋ ਪੰਜਾਬ ਮੁਹਿੰਮ ਨੂੰ ਪੰਜਾਬ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਨਾਲ ਪਹਿਲਾਂ ਤੋਂ ਹੀ ਲੋਕਾਂ ਵਿੱਚ ਮਕਬੂਲ ਪਾਰਟੀ ਨੂੰ ਲੋਕਾਂ ਵੱਲੋਂ ਹੋਰ ਪਿਆਰ ਮਿਲਣਾ ਸ਼ੁਰੂ ਹੋ ਗਿਆ ਹੈ।