5 Dariya News

ਕੰਵਰ ਸੰਧੂ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਮਿਲਿਆ ਹੁਲਾਰਾ

ਸੀਨੀਅਰ ਅਕਾਲੀ ਆਗੂ ਸ਼ਾਮ ਲਾਲ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਚ ਹੋਏ ਸ਼ਾਮਿਲ

5 Dariya News

ਖਰੜ 24-Jan-2017

ਖਰੜ ਚ ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਸ਼ਾਮ ਲਾਲ ਜੋ ਕਿ ਪਿਛਲੇ 35 ਸਾਲਾਂ ਤੋਂ ਸੀਨੀਅਰ ਅਕਾਲੀ ਵਰਕਰ ਸਨ, ਆਪਣੇ 100 ਦੇ ਕਰੀਬ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ । ਦੱਸ ਦੇਈਏ ਕਿ ਸ਼ਾਮ ਲਾਲ ਜਿਨ੍ਹਾਂ ਨੂੰ ਕਿ ਮਰਹੂਮ ਅਕਾਲੀ ਲੀਡਰ ਕੰਵਲਜੀਤ ਦੇ ਬਹੁਤ ਕਰੀਬੀ ਸਮਝਿਆ ਜਾਂਦਾ ਸੀ ਅਤੇ ਮੱਛਲੀ ਕਲਾਂ ਅਤੇ ਇਸਦੇ ਆਸ ਪਾਸ ਇਲਾਕਿਆਂ ਚ ਮਜਬੂਤ ਲੋਕ ਆਧਾਰ ਅਤੇ ਅਕਾਲੀ ਦਲ ਦੇ ਸਿਰਕੱਢ ਆਗੂ ਮੰਨਿਆ ਜਾਂਦਾ ਹੈ । ਆਮ ਆਦਮੀ ਪਾਰਟੀ ਦੇ ਏਸੇ ਹਲਕੇ ਤੋਂ ਉਮੀਦਵਾਰ ਅਤੇ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਕੰਵਰ ਸੰਧੂ ਨੇ ਸ਼ਾਮ ਲਾਲ ਦਾ ਆਮ ਆਦਮੀ ਪਾਰਟੀ ਚ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ । ਇਸ ਮੌਕੇ ਸ਼ਾਮ ਲਾਲ ਨੇ ਕਿਹਾ ਕਿ ਅਕਾਲੀ ਦਲ ਦੇ ਮੌਜੂਦਾ ਲੀਡਰ ਅਕਾਲੀ ਦਲ ਦੀ ਵਿਚਾਰਧਾਰਾ ਤੋਂ ਭਟਕ ਚੁੱਕੇ ਨੇ ਤੇ ਅਕਾਲੀ ਦਲ ਹੁਣ ਸਿਰਫ ਇਕ ਲਿਮਟਿਡ ਕੰਪਨੀ ਬਣ ਕੇ ਰਹਿ ਗਿਆ ਹੈ । ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਇਸ ਕਰਕੇ ਜੁਆਇਨ ਕੀਤੀ ਹੈ ਕਿਉਂਕਿ  ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀਆਂ ਚ ਇਕ ਆਸ ਦੀ ਕਿਰਨ ਨਜ਼ਰ ਆਈ ਹੈ । ਉਨ੍ਹਾਂ ਨੇ ਆਪ ਨੂੰ ਸਮਰਥਨ ਦੇਣ ਦਾ ਇਕ ਕਾਰਨ ਇਹ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਏਸ ਹਲਕੇ ਤੋਂ ਇਕ ਪੜ੍ਹੇ ਲਿਖੇ, ਸੂਝਵਾਨ, ਮੰਨੇ ਪ੍ਰਮੰਨੇ ਪੱਤਰਕਾਰ ਅਤੇ ਉੱਘੇ ਸਮਾਜ ਸੇਵੀ ਕੰਵਰ ਸੰਧੂ ਨੂੰ ਆਪਣਾ ਉਮੀਦਵਾਰ ਬਣਾਇਆ ਹੈ । ਇਸ ਮੌਕੇ ਸ਼ਾਮ ਲਾਲ ਦੇ ਨਾਲ ਐਡਵੋਕੇਟ ਰਹੀਸ਼ ਆਜ਼ਾਦ, ਸੀਨੀਅਰ ਯੂਥ ਵਰਕਰ ਅਕਾਲੀ ਦਲ, ਚੌਧਰੀ ਰਾਜ ਕੁਮਾਰ ਪੰਚ, ਨਰਾਤਾ ਸਿੰਘ ਨੰਬਰਦਾਰ, ਹੰਸ ਰਾਜ ਬਾਵਾ ਜੀ, ਚੌਧਰੀ ਜਗਮਾਲ ਸਿੰਘ, ਰਾਣਾ ਮਦਨ ਸਿੰਘ, ਸੰਜੀਵ ਕੁਮਾਰ ਪੰਚ, ਗੁਰਪਾਲ ਕੌਰ, ਕਮਲਾ ਦੇਵੀ, ਨਵਿਤਾ ਸ਼ਰਮਾ ਚੌਧਰੀ ਰਿਸ਼ੀਪਾਲ, ਰਜ਼ਾਕ ਮੁਹੰਮਦ ਤੇ ਹੋਰ ਵੱਡੀ ਗਿਣਤੀ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਤੇ ਸਮਰਥਕ ਹਾਜ਼ਰ ਸਨ ।