ਦਿੱਲੀ 'ਚ ਕਾਂਗਰਸ ਸਰਕਾਰ ਬਹੁਤ ਜ਼ਿਆਦਾ ਭ੍ਰਿਸ਼ਟ ਹੈ, ਇਸਨੂੰ ਤਿਹਾੜ ਜੇਲ੍ਹ ਤੋਂ ਚਲਾਇਆ ਜਾ ਰਿਹੈ : ਆਨੰਦ ਸ਼ਰਮਾ
5 Dariya News
ਚੰਡੀਗੜ੍ਹ 22-Jan-2017
ਏ.ਆਈ.ਸੀ.ਸੀ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਨੇ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਦਿੱਲੀ ਦੀ ਸੱਭ ਤੋਂ ਭ੍ਰਿਸ਼ਟ ਸਰਕਾਰ ਦੱਸਿਆ ਹੈ, ਜਿਸਨੂੰ ਤਿਹਾੜ ਜੇਲ੍ਹ ਤੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਦਿੱਲੀ 'ਚ ਸ਼ਾਸਨ ਦੇ ਮੱਦੇਨਜ਼ਰ ਆਪ ਦਾ ਇਥੇ ਆਉਣਾ ਪੰਜਾਬ ਲਈ ਮੰਦਭਾਗਾ ਹੋਵੇਗਾ।ਉਨ੍ਹਾਂ ਨੇ ਖੁਲਾਸਾ ਕੀਤਾ ਕਿ ਦਿੱਲੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਉਥੋਂ ਦੇ ਲੋਕਾਂ ਨਾਲ ਕੀਤਾ ਗਿਆ ਇਕ ਵੀ ਵਾਅਦਾ ਪੂਰਾ ਕਰਨ 'ਚ ਅਸਫਲ ਰਹੀ ਹੈ। ਆਨੰਦ ਸ਼ਰਮਾ ਨੇ ਕਿਹਾ ਕਿ ਅਸਲਿਅਤ 'ਚ ਕੇਜਰੀਵਾਲ ਦਾ ਪੰਜਾਬ 'ਚ ਆਪਣੀ ਪਾਰਟੀ ਦੇ ਪ੍ਰਚਾਰ ਵਾਸਤੇ ਬਾਹਰੀਆਂ ਨੂੰ ਲਿਆਉਣਾ, ਸਾਫ ਤੌਰ 'ਤੇ ਦਰਸਾਉਂਦਾ ਹੈ ਕਿ ਇਹ ਸੂਬੇ ਦੇ ਲੋਕਾਂ 'ਚ ਭਰੋਸਾ ਨਹੀਂ ਕਰਦੇ ਹਨ।ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਕੇਜਰੀਵਾਲ ਉਪਰ ਸਿਰਫ ਸੂਬੇ ਨੂੰ ਲੁੱਟਣ ਤੇ ਇਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵਧਾਉਣ ਲਈ ਪੰਜਾਬ ਆਉਣ ਦਾ ਦੋਸ਼ ਲਗਾਇਆ, ਜਿਹੜੇ ਲੋਕ ਪਹਿਲਾਂ ਤੋਂ ਬਾਦਲ ਸ਼ਾਸਨ ਦੌਰਾਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।
ਪੰਜਾਬ ਲਈ ਕਾਂਗਰਸ ਦੇ ਸਟਾਰ ਪ੍ਰਚਾਰਕ ਆਨੰਦ ਸ਼ਰਮਾ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨਾ ਪਾਰਟੀ ਅਗਵਾਈ ਦਾ ਵਿਸ਼ੇਸ਼ ਅਧਿਕਾਰ ਹੈ ਤੇ ਇਸਨੂੰ ਲੈ ਕੇ ਚਿੰਤਾ ਨਹੀਂ ਕੀਤੀ ਜਾਣੀ ਚਾਹੀਦੀ ਹੈ।ਬਾਗੀ ਉਮੀਦਵਾਰਾਂ ਸਬੰਧੀ ਇਕ ਸਵਾਲ ਦੇ ਜਵਾਬ 'ਚ, ਸ਼ਰਮਾ ਨੇ ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦਾ ਟਿਕਟ ਨਹੀਂ ਹਾਸਿਲ ਕਰ ਸਕਣ ਵਾਲਿਆਂ ਨੂੰ ਮੁਕਾਬਲੇ ਤੋਂ ਹੱਟ ਜਾਣ ਤੇ ਸ੍ਰੋਮਣੀ ਅਕਾਲੀ ਦਲ ਅਤੇ ਆਪ ਵਿਰੁੱਧ ਪਾਰਟੀ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਕ ਹੋਰ ਸਵਾਲ ਦੇ ਜਵਾਬ 'ਚ, ਉਨ੍ਹਾਂ ਨੇ ਕਿਹਾ ਕਿ ਵੱਖ ਵੱਖ ਇਲਾਕਿਆਂ ਅੰਦਰ ਕਾਂਗਰਸ ਦੀ ਵੱਖਰੀ ਵੱਖਰੀ ਲੜਾਈ ਹੈ ਤੇ ਇਹ ਇਲਾਕੇ ਤੇ ਉਥੋਂ ਦੇ ਮੁੱਦਿਆਂ ਉਪਰ ਨਿਰਭਰ ਕਰਦੀ ਹੈ।ਏ.ਆਈ.ਸੀ.ਸੀ ਆਗੂ ਨੇ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਦੀ ਜਿੱਤ ਦਾ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਪਾਰਟੀ ਮਾਲਵਾ, ਦੋਆਬਾ ਤੇ ਮਾਝਾ ਖੇਤਰਾਂ 'ਚ ਸਪੱਸ਼ਟ ਜੇਤੂ ਬਣ ਕੇ ਉਭਰੇਗੀ, ਜਿਹੜੇ ਇਲਾਕੇ ਬਾਦਲ ਕੁਸ਼ਾਸਨ 'ਚ ਬੁਰੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਰਿਸ਼ਤੇਦਾਰਾਂ ਤੇ ਸਾਥੀਆਂ ਦੇ ਹਿੱਤਾਂ ਨੂੰ ਵਾਧਾ ਦੇਣ ਲਈ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ।ਇਸ ਲੜੀ ਹੇਠ ਬਾਦਲਾਂ ਵੱਲੋਂ ਕੀਤੀ ਗਈ ਪੰਜਾਬ ਦੀ ਬਰਬਾਦੀ ਦਾ ਖੁਲਾਸਾ ਕਰਦਿਆਂ, ਉਨ੍ਹਾਂ ਨੇ ਸੂਬੇ ਅੰਦਰ ਪ੍ਰਤੀ ਵਿਅਕਤੀ ਆਮਦਨ ਤੇ ਨਿਵੇਸ਼ 'ਚ ਕਮੀ ਆਉਣ ਅਤੇ ਵੱਡੇ ਪੱਧਰ 'ਤੇ ਨਸ਼ਾਖੋਰੀ ਦਾ ਜ਼ਿਕਰ ਕੀਤਾ। ਸ਼ਰਮਾ ਨੇ ਕਿਹਾ ਕਿ ਪਹਿਲਾਂ ਤੋਂ ਬੁਰੇ ਵਕਤ ਦਾ ਸਾਹਮਣਾ ਕਰ ਰਹੇ ਪੰਜਾਬ ਲਈ ਨੋਟਬੰਦੀ ਨੇ ਪ੍ਰੇਸ਼ਾਨੀਆਂ ਨੂੰ ਹੋਰ ਵਧਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਾਹਿਰ ਤੌਰ 'ਤੇ ਕਾਲੇ ਧੰਨ 'ਤੇ ਲਗਾਮ ਲਗਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਲਿਆਏ ਜਾਣ ਦੇ ਬਾਵਜੂਦ, ਸੱਤਾਧਾਰੀ ਭਾਜਪਾ ਤੇ ਸ੍ਰੋਅਦ ਇਨ੍ਹਾਂ ਚੋਣਾਂ ਅੰਦਰ ਵੱਡੇ ਪੱਧਰ 'ਤੇ ਬਲੈਕ ਮਨੀ ਖਰਚ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਨੇ ਵਿਸ਼ਵ ਦੀਆਂ ਅੱਖਾਂ 'ਚ ਭਾਰਤ ਦੇ ਮਾਣ ਨੂੰ ਡੇਗ ਦਿੱਤਾ ਹੈ ਤੇ ਨਿਵੇਸ਼ਕ ਇਸ ਦੇਸ਼ 'ਚ ਆਪਣੇ ਪੈਸੇ ਲਗਾਉਣ ਨੂੰ ਲੈ ਕੇ ਸ਼ਰਮ ਮਹਿਸੂਸ ਕਰ ਰਹੇ ਹਨ।ਉਨ੍ਹਾਂ ਨੇ ਮੋਦੀ ਨੂੰ ਆਰ.ਐਸ.ਐਸ ਦਾ ਏਜੰਟ ਕਰਾਰ ਦਿੱਤਾ, ਜਿਹੜੀ ਅਸਲਿਅਤ 'ਚ ਕੇਂਦਰ 'ਚ ਸਰਕਾਰ ਚਲਾ ਰਹੀ ਹੈ।ਇਕ ਸਵਾਲ ਦੇ ਜਵਾਬ 'ਚ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਅੰਦਰ ਕਾਂਗਰਸ ਕਿਸਾਨਾਂ ਦੇ ਕਰਜੇ ਮੁਆਫ ਕਰਨ ਪ੍ਰਤੀ ਵਚਨਬੱਧ ਹੈ, ਜਿਦਸਾ ਉਸਨੇ ਆਪਣੇ ਮੈਨਿਫੈਸਟੋ 'ਚ ਵੀ ਜ਼ਿਕਰ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਸਰਹੱਦ ਪਾਰ ਦੀਆਂ ਤਾਕਤਾਂ ਵੀ ਪੰਜਾਬ ਦੀ ਸ਼ਾਂਤੀ ਤੇ ਵਿਕਾਸ ਨੂੰ ਪੱਟੜੀ ਤੋਂ ਉਤਾਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਅਤੇ ਸਿਰਫ ਕਾਂਗਰਸ ਹੀ ਸੂਬੇ ਨੂੰ ਉਸਦਾ ਮਾਣ ਵਾਪਿਸ ਦਿਲਾ ਸਕਦੀ ਹੈ।