5 Dariya News

ਐਸਆਈਟੀ ਵੱਲੋਂ ਮਜੀਠੀਆ ਨੂੰ ਕਲੀਨ ਚਿਟ ਦਿੱਤੇ ਜਾਣ ਦੀ ਮੁੜ ਜਾਂਚ ਕਰਵਾਉਣ ਦੇ ਕੈਪਟਨ ਦੇ ਵਾਅਦੇ ਨੂੰ ਭਗਵੰਤ ਮਾਨ ਨੇ ਦੱਸਿਆ ਹਾਸੋਹੀਣਾ

ਕੈਪਟਨ ਅਮਰਿੰਦਰ ਤੋਂ ਕੀਤਾ ਸਵਾਲ, ਪਹਿਲਾਂ ਆਪਣੇ ਭਤੀਜੇ ਨੂੰ ਸੀਬੀਆਈ ਜਾਂਚ ਤੋਂ ਕਿਓਂ ਬਚਾਇਆ

5 Dariya News

ਚੰਡੀਗੜ੍ਹ 20-Jan-2017

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਉਸ ਵਾਅਦੇ ਨੂੰ ਹਾਸੋਹੀਣਾ ਦੱਸਿਆ, ਜਿਸ ਵਿੱਚ ਉਨਾਂ ਕਿਹਾ ਸੀ ਕਿ ਐਸਆਈਟੀ ਵੱਲੋਂ ਮਜੀਠੀਆ ਨੂੰ ਕਲੀਨ ਚਿਟ ਦਿੱਤੇ ਜਾਣ ਦੀ ਉਹ ਮੁੜ ਜਾਂਚ ਕਰਵਾਉਣਗੇ। ਉਨਾਂ ਕੈਪਟਨ ਅਮਰਿੰਦਰ ਸਿੰਘ ਤੋੰ ਸਵਾਲ ਕੀਤਾ ਕਿ ਅਮਰਿੰਦਰ ਨੇ ਆਪਣੇ ਭਤੀਜੇ ਮਜੀਠੀਆ ਨੂੰ ਸੀਬੀਆਈ ਜਾਂਚ ਤੋਂ ਪਹਿਲਾਂ ਕਿਉਂ ਬਚਾਇਆ ਸੀ। ਮਾਨ ਨੇ ਕਿਹਾ,  ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਨੂੰ ਵਿਸ਼ੇਸ਼ ਜਾਂਚ ਟੀਮ ਵੱਲੋਂ ਕਲੀਨ ਚਿਟ ਦਿੱਤੇ ਜਾਣ ਦੀ ਮੁੜ ਤੋਂ ਜਾਂਚ ਕਰਵਾਏ ਜਾਣ ਦਾ ਵਾਅਦਾ ਕੀਤਾ ਹੈ, ਇਹ ਕੁੱਝ ਵੀ ਨਹੀਂ ਹੈ, ਬਲਿਕ ਪੰਜਾਬੀਆਂ ਲਈ ਹਾਸੇ ਵਾਲੀ ਗੱਲ ਹੈ, ਜੋ ਚੰਗੀ ਤਰਾਂ ਜਾਣਦੇ ਹਨ ਇਹ ਕੈਪਟਨ ਅਮਰਿੰਦਰ ਸਿੰਘ ਹੀ ਸੀ, ਜਿਸਨੇ ਹਾਲ ਹੀ ਵਿੱਚ ਆਪਣੇ ਭਤੀਜੇ ਨੂੰ ਸੀਬੀਆਈ ਜਾਂਚ ਤੋਂ ਬਚਾਇਆ ਸੀ।ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਹੁ-ਕਰੋੜੀ ਡਰੱਗ ਰੈਕੇਟ ਵਿੱਚ ਮਜੀਠੀਆ ਦੀ ਸ਼ਮੂਲੀਅਤ ਬਾਰੇ ਸੀਬੀਆਈ ਜਾਂਚ ਦੀ ਆਪਣੀ ਹੀ ਪਾਰਟੀ ਦੀ ਮੰਗ ਨੂੰ ਠੁਕਰਾ ਦਿੱਤਾ ਸੀ। ਉਨਾਂ ਕਿਹਾ ਕਿ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਦੀ ਜਾਂਚ ਵਿੱਚ ਭਰੋਸਾ ਜਤਾਉਂਦਿਆਂ ਮਜੀਠੀਆ ਦੀ ਸੀਬੀਆਈ ਜਾਂਚ ਦਾ ਵਿਰੋਧ ਕੀਤਾ ਸੀ। 

ਭਗਵੰਤ ਮਾਨ ਨੇ ਕਿਹਾ ਕਿ ਹੁਣ ਕੀ ਹੋ ਗਿਆ, ਕੀ ਅਮਰਿੰਦਰ ਸਿੰਘ ਪੰਜਾਬ ਪੁਲਿਸ ਦੀ ਜਾਂਚ ਉਤੇ ਭਰੋਸਾ ਨਹੀਂ ਰਿਹਾ, ਜਿਸਨੇ ਨਾ ਸਿਰਫ ਮਜੀਠੀਆ, ਬਲਕਿ ਉਸਦੇ ਹੋਰ ਸਾਥੀਆਂ ਮਨਿੰਦਰ ਸਿੰਘ ਉਰਫ ਬਿੱਟੂ ਔਲਖ, ਜਗਜੀਤ ਸਿੰਘ ਚਹਿਲ, ਸਤਨਾਮ ਸੱਤਾ ਅਤੇ ਹੋਰ ਤਾਂ ਹੋਰ ਡਰੱਗ ਸਰਗਨਾ ਜਗਦੀਸ਼ ਭੋਲਾ ਨੂੰ ਕਲੀਨ ਚਿਟ ਦਿੱਤੀ ਹੈ।ਮਾਨ ਨੇ ਕਿਹਾ ਕਿ ਜਗਦੀਸ਼ ਸਿੰਘ ਭੋਲਾ ਜੋ ਕਿ 6 ਹਜਾਰ ਕਰੋੜ ਰੁਪਏ ਦੇ ਡਰੱਗ ਰੈਕੇਟ ਦਾ ਸਰਗਨਾ ਸੀ, ਉਸਨੇ ਕਈ ਮਹੀਨੇ ਪਹਿਲਾਂ ਅਦਾਲਤ ਤੋਂ ਬਾਹਰ ਮੀਡੀਆ ਨੂੰ ਦੱਸਿਆ ਸੀ ਕਿ ਮਜੀਠੀਆ ਵਿੱਚ ਇਨਾਂ ਸਭ ਨਾਲ ਰਲਿਆ ਹੋਇਆ ਸੀ।ਮਾਨ ਨੇ ਕਿਹਾ ਕਿ ਮਜੀਠੀਆ ਦਾ ਨਾਂਅ ਇੱਕ ਵਾਰ ਫਿਰ ਸਾਹਮਣੇ ਆਇਆ ਸੀ, ਜਦੋਂ ਈਡੀ ਨੇ ਹੋਰ ਦੋਸ਼ੀਆਂ ਅਤੇ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ। ਉਨਾਂ ਕਿਹਾ ਕਿ ਭੋਲਾ ਤੋਂ ਬਾਅਦ ਡਰੱਗ ਰੈਕੇਟ ਦੇ ਹੋਰ ਦੋਸ਼ੀਆਂ ਮਨਿੰਦਰ ਸਿੰਘ ਉਰਫ ਬਿੱਟੂ ਔਲਖ, ਜਗਜੀਤ ਸਿੰਘ ਚਹਿਲ, ਔਲਖ ਦੇ ਪਿਤਾ ਪ੍ਰਤਾਪ ਸਿੰਘ ਔਲਖ ਅਤੇ ਬਿੱਟੂ ਦੀ ਪਤਨੀ ਜਗਮਿੰਦਰ ਕੌਰ ਨੇ ਈਡੀ ਸਾਹਮਣੇ ਕਿਹਾ ਕਿ ਜਿਨਾਂ ਤਿੰਨ ਪ੍ਰਵਾਸੀ ਪੰਜਾਬੀਆਂ ਖਿਲਾਫ ਏਜੰਸੀ ਨੇ ਕੇਸ ਦਰਜ ਕੀਤਾ ਹੋਇਆ ਹੈ, ਮਜੀਠੀਆ ਉਨਾਂ ਦੇ ਸੰਪਰਕ ਵਿੱਚ ਸੀ।ਮਜੀਠੀਆ ਦੇ ਭਰੋਸੇਯੋਗਾਂ ਵਿੱਚ ਸਤਪ੍ਰੀਤ ਸਿੰਘ ਉਰਫ ਸੱਤਾ, ਅਮਰਿੰਦਰ ਸਿੰਘ ਲਾਡੀ ਅਤੇ ਪਰਮਿੰਦਰ ਸਿੰਘ ਪਿੰਦੀ ਸ਼ਾਮਿਲ ਸਨ, ਅਤੇ ਇਹ ਸਾਰੇ ਕੈਨੇਡਾ ਦੇ ਐਡਮੰਟਨ ਨਾਲ ਸਬੰਧਿਤ ਸਨ।