5 Dariya News

ਸ਼੍ਰੋਮਣੀ ਅਕਾਲੀ ਦਲ ਨੇ ਅਮਰਿੰਦਰ-ਸਿੱਧੂ 'ਤੇ ਲਈ ਚੁਟਕੀ , ਤੁਹਾਡਾ ਕਿਹੜਾ ਬਿਆਨ ਅਸਲੀ ਮੰਨਣ ਲੋਕ : ਹਰਸਿਮਰਤ ਕੌਰ ਬਾਦਲ

ਜਿਹੜੇ ਆਗੂਆਂ ਦਾ ਕੋਈ ਸਟੈਂਡ ਨਹੀਂ, ਉਹਨਾਂ ਤੋਂ ਚੰਗੇ ਦੀ ਉਮੀਦ ਨਹੀਂ ਰੱਖੀ ਜਾ ਸਕੀ

5 Dariya News

ਚੰਡੀਗੜ੍ਹ 19-Jan-2017

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਐਮ ਪੀ ਸ੍ਰੀ ਨਵਜੋਤ ਸਿੱਧੂ ਵੱਲੋਂ ਇਕ ਦੂਜੇ ਦੀ ਸ਼ਲਾਘਾ ਕਰਨ 'ਤੇ ਚੁਟਕੀ ਲੈਂਦਿਆਂ ਅੱਜ ਕਿਹਾ ਕਿ ਲੋਕਾਂ ਦੇ ਮਨਾਂ ਵਿਚ ਇਸ ਉਲਝਣਤਾਣੀ ਬਣੀ ਹੋਈ ਹੈ ਕਿ ਤੁਹਾਡਾ ਕਿਹੜਾ ਬਿਆਨ ਅਸਲੀ ਮੰਨਿਆ ਜਾਵੇ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕੇਂਦਰੀ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਸ੍ਰੀ ਸਿੱਧੂ ਹੁਣ ਕਹਿ ਰਹੇ ਹਨ ਕਿ 'ਅਮਰਿੰਦਰ ਸਿੰਘ ਉਹਨਾਂ ਦੇ ਬੋਸ ਹਨ' ਤਾਂ ਫਿਰ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਪਹਿਲਾਂ ਉਹਨਾਂ ਨੇ ਇਹ ਐਲਾਨ ਕਿਸ ਮਜਬੂਰੀ ਵਿਚ ਕੀਤਾ ਸੀ ਕਿ 'ਅਸੀਂ ਕਾਂਗਰਸ ਨਾਲ ਸਮਝੌਤਾ ਕਰਾਂਗੇ, ਬਗੈਰ ਕੈਪਟਨ ਦੇ'। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ 'ਆਵਾਜ਼ ਏ ਪੰਜਾਬ' ਨੂੰ 'ਟਾਂਗਾ ਪਾਰਟੀ' ਕਰਾਰ ਦਿੱਤਾ ਸੀ ਤੇ ਹੁਣ ਇਸੇ 'ਟਾਂਗਾ ਪਾਰਟੀ' ਦੇ ਆਗੂਆਂ ਦਾ ਉਹ ਧੰਨਵਾਦ ਕਰ ਰਹੇ ਹਨ ਕਿ ਉਹ 'ਬਿਨਾਂ ਸ਼ਰਤ' ਕਾਂਗਰਸ ਵਿਚ ਸ਼ਾਮਲ ਹੋਏ ਹਨ।ਉਹਨਾਂ ਕਿਹਾ ਕਿ ਇਹ ਆਗੂ  ਜਿਵੇਂ ਦਿਨ ਚੜ੍ਹਦਾ ਹੈ ਉਹ ਵੱਖ ਵੱਖ ਮਾਮਲਿਆਂ 'ਤੇ ਸਟੈਂਡ ਲੈ ਲੈਂਦੇ ਹਨ ਤੇ ਜਦੋਂ ਦਿਨ ਛੁਪਦਾ ਹੈ ਤਾਂ ਇਹ ਸਟੈਂਡ ਬਦਲ ਜਾਂਦਾ ਹੈ। ਉਹਨਾਂ ਕਿਹਾ ਕਿ ਰਾਜ ਦੇ ਲੋਕ  ਸਿਆਸੀ ਆਗੂਆਂ ਦਾ ਇਹ ਵਰਤਾਰਾ ਪਹਿਲੀ ਵਾਰ ਵੇਖ ਰਹੇ ਹਨ ਕਿ ਕਿਸੇ ਮਾਮਲੇ 'ਤੇ ਇਕ ਦਿਨ ਉਹਨਾਂ ਦਾ ਸਟੈਂਡ ਕੁਝ ਹੁੰਦਾ ਹੈ ਤੇ ਉਸੇ ਮਾਮਲੇ 'ਤੇ ਅਗਲੇ ਦਿਨ ਉਹਨਾਂ ਦੇ ਵਿਚਾਰ ਬਿਲਕੁਲ ਉਲਟ ਹੁੰਦੇ ਹਨ।

ਇਹਨਾਂ ਦੋਹਾਂ ਆਗੂਆਂ ਵੱਲੋਂ ਅਪਣਾਏ ਦੋਗਲੇਪਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਅਜਿਹੇ ਆਗੂਆਂ ਤੋਂ ਕਿਸੇ ਵੀ ਤਰ੍ਹਾਂ ਦੇ ਚੰਗੇ ਦੀ ਉਮੀਦ ਨਹੀਂ ਰੱਖੀ ਜਾ ਸਕਦੀ ਜੋ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਤੇ ਸਿਰਫ ਆਪਣੀ ਤਰੱਕੀ ਲਈ ਕੰਮ ਕਰਦੇ ਹਨ ਤੇ ਲੋਕਾਂ ਦੀ ਭਲਾਈ ਤੇ ਰਾਜ ਦੀ ਤਰੱਕੀ ਨਾਲ ਇਹਨਾਂ ਦਾ ਕੋਈ ਸਰੋਕਾਰ ਨਹੀਂ ਹੁੰਦਾ।ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਕੈਪਟਨ ਅਮਰਿੰਦਰ ਸਿੰਘ ਇਸ ਤਰੀਕੇ ਝੂਠ ਬੋਲਣ ਤੇ ਡਰਾਮੇ ਕਰਨ 'ਤੇ  ਉਤਾਰੂ ਹਨ।  ਉਹਨਾਂ ਕਿਹਾ ਕਾ ਸਭ ਤੋਂ ਮਾੜਾ ਵਿਵਹਾਰ ਇਹਨਾਂ ਨੇ 2002 ਵਿਚ ਮੁੱਖ ਮੰਤਰੀ ਵਜੋਂ ਕੁਰਸੀ ਸੰਭਾਲਣ ਵੇਲੇ ਕੀਤਾ ਸੀ ਜਦੋਂ ਇਹਨਾਂ ਨੇ ਕਿਸਾਨਾਂ ਦੀ ਮੁਫਤ ਬਿਜਲੀ ਬੰਦ ਕਰ ਦਿੱਤੀ ਸੀ ਤੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ 'ਤੇ ਭਰਤੀ  ਉਪਰ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ ਜਦਕਿ ਚੋਣ ਪ੍ਰਚਾਰ ਦੌਰਾਨ ਉਹਨਾਂ ਨੇ ਮੁਫਤ ਬਿਜਲੀ ਜਾਰੀ ਰੱਖਣ ਤੇ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸਨ।ਉਹਨਾਂ ਕਿਹਾ ਕਾਂਗਰਸ ਦੇ ਆਗੂਆਂ ਨੂੰ ਸਵਾਲ ਕੀਤਾ ਕਿ  ਲੋਕ ਉਹਨਾਂ ਦੀ ਗੱਲ 'ਤੇ ਵਿਸ਼ਵਾਸ ਕਿਵੇਂ ਕਰਨ ਜਦੋਂ ਹਾਲੇ ਚੋਣ ਪ੍ਰਚਾਰ ਹੀ ਚਲ ਰਿਹਾ ਹੈ ਤੇ ਉਹ ਰੋਜ਼ਾਨਾ ਆਧਾਰ 'ਤੇ ਸਟੈਂਡ ਬਦਲ ਰਹੇ ਹਨ।ਅਕਾਲੀ ਆਗੂ ਨੇ ਕਿਹਾ ਕਿ ਦੋਹਾਂ ਆਗੂਆਂ ਦੇ ਮਨਾਂ ਵਿਚ ਬਣੀ ਉਲਝਣ ਤੋਂ ਸਪਸ਼ਟ ਹੈ ਕਿ ਉਹਨਾਂ ਨੇ ਵੇਖ ਲਿਆ ਹੈ ਕਿ ਰਾਜ ਦੇ ਲੋਕਾਂ ਨੇ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ ਰਾਜ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪਣ ਦਾ ਫੈਸਲਾ ਕਰ ਲਿਆ ਹੈ। ਉਹਨਾਂ ਨੇ ਦੋਹਾਂ ਨੂੰ ਸਲਾਹ ਦਿੱਤੀ ਕਿ ਉਹ ਆਰਾਮ ਕਰਨ ਅਤੇ ਸੱਚਾਈ ਨੂੰ  ਹਜ਼ਮ ਕਰਨਾ ਸਿੱਖ ਲੈਣ।