5 Dariya News

ਅਰਿਵੰਦ ਕੇਜਰੀਵਾਲ ਨੇ ਜਲਾਲਾਬਾਦ ਵਾਸੀਆਂ ਨੂੰ ਸੁਖਬੀਰ ਬਾਦਲ ਦੀ ਜਮਾਨਤ ਜਬਤ ਕਰਵਾਉਣ ਦਾ ਦਿੱਤਾ ਸੱਦਾ

ਕਾਂਗਰਸ ਨੂੰ ਵੋਟਾਂ ਪਾਉਣ ਦਾ ਮਤਲਬ ਬਾਦਲਾਂ ਨੂੰ ਜਿਤਾਉਣਾ ਹੈ - ਅਰਿਵੰਦ ਕੇਜਰੀਵਾਲ

5 Dariya News

ਜਲਾਲਾਬਾਦ 19-Jan-2017

ਆਮ ਆਦਮੀ ਪਾਰਟੀ ਦੇ ਕੌਮੀ ਕਨੀਵਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਿਵੰਦ ਕੇਜਰੀਵਾਲ ਨੇ ਅੱਜ ਜਲਾਲਾਬਾਦ ਰੈਲੀ ਵਿੱਚ ਉਮੜੇ ਭਾਰੀ ਜਨ ਸੈਲਾਬ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਦੀ ਜਮਾਨਤ ਜਬਤ ਕਰਵਾਉਣ ਦਾ ਸੱਦਾ ਦਿੱਤਾ।  ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਲਾਲਾਬਾਦ ਵਾਸੀਆਂ ਦਾ ਪੂਰੇ ਪੰਜਾਬ ਉਤੇ ਵੱਡਾ ਅਹਿਸਾਨ ਹੋਵੇਗਾ ਜੇ ਉਹ ਸੁਖਬੀਰ ਸਿੰਘ ਬਾਦਲ ਦੀ ਜਮਾਨਤ ਜਬਤ ਕਰਵਾ ਦੇਣਗੇ।ਕੇਜਰੀਵਾਲ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕੈਪਟਨ ਅਤੇ ਬਾਦਲ ਮਿਲ ਕੇ ਚੋਣਾਂ ਲੜਦੇ ਰਹੇ ਹਨ। ਐਤਕੀ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਇਨਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਲਲਕਾਰਾ ਦਿੱਤਾ ਹੈ ਅਤੇ ਪਾਰਟੀ ਦੇ ਵੱਡੇ ਆਗੂ ਭਗਵੰਤ ਮਾਨ ਨੂੰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚੋਣ ਮੈਦਾਨ ਚ ਉਤਾਰਿਆ ਹੈ।  ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜੇ ਵੀ ਬਾਦਲ ਅਤੇ ਕੈਪਟਨ ਯਾਰੀਆਂ ਪੁਗਾ ਰਹੇ ਹਨ। ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਲੰਬੀ ਤੋਂ ਅਤੇ ਰਵਨੀਤ ਸਿੰਘ ਬਿੱਟੂ ਨੂੰ ਜਲਾਲਾਬਾਦ ਤੋਂ ਬਾਦਲਾਂ ਵਿਰੋਧੀ ਵੋਟਾਂ ਵੰਡਣ ਲਈ ਚੋਣ ਲੜਾਈ ਜਾ ਰਹੀ ਹੈ, ਤਾਂ ਜੋ ਬਾਦਲਾਂ ਨੂੰ ਆਮ ਆਦਮੀ ਪਾਰਟੀ ਕੋਲੋਂ ਮਿਲ ਰਹੀ ਕਰਾਰੀ ਹਾਰ ਤੋਂ ਬਚਾਇਆ ਜਾ ਸਕੇ।  ਉਨਾਂ ਕਿਹਾ ਕਿ ਕਾਂਗਰਸ ਨੂੰ ਵੋਟਾਂ ਪਾਉਣ ਦਾ ਮਤਲਬ ਬਾਦਲਾਂ ਨੂੰ ਜਿਤਾਉਣਾ ਹੈ।ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਪੂਰੇ ਸੂਬੇ ਵਿੱਚ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਕੌਮਾਂਤਰੀ ਡਰੱਗ ਮਾਫੀਆ ਨਾਲ ਤਾਰ ਜੁੜੇ ਹੋਏ ਹਨ ਅਤੇ ਉਹ ਕੌਮਾਂਤਰੀ ਡਰੱਗ ਮਾਫੀਆ ਦੇ ਏਜੰਟ ਹਨ।  

ਉਨਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ 11 ਮਾਰਚ ਨੂੰ ਵੋਟਾਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੇਗੀ ਅਤੇ ਸਰਕਾਰ ਦਾ ਗਠਨ ਕਰਨ ਮਗਰੋਂ 15 ਅਪ੍ਰੈਲ ਤੋਂ ਪਹਿਲਾਂ ਉਸਨੂੰ ਜੇਲ ਵਿੱਚ ਸੁੱਟ ਦਿੱਤਾ ਜਾਵੇਗਾ।ਅਕਾਲੀ-ਭਾਜਪਾ ਸਰਕਾਰ ਉਤੇ ਵਰਦਿਆਂ ਉਨਾਂ ਕਿਹਾ ਕਿ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਇਸ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕੇ ਗਏ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ 25 ਲੱਖ ਨੌਕਰੀਆਂ ਨੌਜਵਾਨਾਂ ਨੂੰ ਮੁਹੱਈਆ ਕਰਵਾਏਗੀ। ਉਨਾਂ ਕਿਹਾ ਕਿ ਬੇਰੋਜਗਾਰੀ ਨੂੰ ਠੱਲ ਪਾਉਣ ਲਈ ਪੇਂਡੂ ਇਲਾਕਿਆਂ ਵਿੱਚ ਖੇਤੀ ਆਧਾਰਿਤ ਇੰਡਸਟਰੀਆਂ ਸਥਾਪਿਤ ਕੀਤੀਆਂ ਜਾਣਗੀਆਂ। ਨਾਲ ਹੀ ਉਨਾਂ ਕਿਹਾ ਕਿ ਨਵੀਂਆਂ ਲੱਗਣ ਵਾਲੀਆਂ ਇੰਡਸਟਰੀਆਂ ਵਿੱਚ 80 ਫੀਸਦੀ ਨੌਕਰੀਆਂ ਪੰਜਾਬੀਆਂ ਨੂੰ ਹੀ ਦਿੱਤੀਆਂ ਜਾਣਗੀਆਂ, ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ।ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਸਾਨਾਂ ਦੇ ਕਰਜੇ ਉਤੇ ਬੋਲਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਹੀ ਕਿਸਾਨ ਕਰਜੇ ਦੇ ਬੋਝ ਥੱਲੇ ਦਬੇ ਹੋਏ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਕਰਜਾ ਮੁਕਤ ਕਰਨ ਦਾ ਉਪਰਾਲਾ ਤਾਂ ਕਰੇਗੀ ਹੀ, ਨਾਲ ਹੀ ਖੇਤੀਬਾੜੀ ਧੰਦੇ ਨੂੰ ਲਾਭਕਾਰੀ ਬਣਾਇਆ ਜਾਵੇਗਾ, ਤਾਂ ਜੋ ਕਿਸਾਨਾਂ ਨੂੰ ਕਰਜਾ ਲੈਣ ਦੀ ਜਰੂਰਤ ਹੀ ਨਾ ਪਵੇ। ਉਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਮਗਰੋਂ ਤਿੰਨ ਸਾਲ ਦੇ ਅੰਦਰ-ਅੰਦਰ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕੀਤਾ ਜਾਵੇਗਾ, ਤਾਂ ਜੋ ਕਿਸਾਨਾਂ ਨੂੰ ਫਸਲਾਂ ਦੀ ਲਾਗਤ ਦਾ 50 ਫੀਸਦੀ ਲਾਭ ਮਿਲ ਸਕੇ।