5 Dariya News

ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਵਿੱਚ ਤੇਜੀ ਲਿਆਉਣ ਲਈ 180 ਐਨਆਰਆਈ ਕੈਨੇਡਾ ਤੋਂ ਪੰਜਾਬ ਪਹੁੰਚੇ

ਪੰਜਾਬ ਨੂੰ ਮਾਫੀਆ ਰੂਲ ਤੋਂ ਬਚਾਉਣ ਲਈ ਅਕਾਲੀਆਂ ਤੇ ਕਾਂਗਰਸ ਨੂੰ ਹਰਾਓ – ਸੁਰਿੰਦਰ ਮਾਵੀ

5 Dariya News

ਚੰਡੀਗੜ੍ਹ 19-Jan-2017

ਕੈਨੇਡਾ ਤੋਂ ਪ੍ਰਵਾਸੀ ਭਾਰਤੀਆਂ ਦਾ ਪਹਿਲਾ ਵਫਦ ਅੱਜ ਪੰਜਾਬ ਪਹੁੰਚ ਗਿਆ ਹੈ। ਉਹ ਕੇਐਲਐਮ ਦੀ ਵਿਸ਼ੇਸ਼ ਫਲਾਇਟ ਰਾਹੀਂ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਉਤੇ ਇੱਕ ਵਜੇ ਪਹੁੰਚੇ। ਦੂਜਾ ਵਫਦ ਯੂਕੇ ਤੋਂ 24 ਜਨਵਰੀ ਨੂੰ ਆਏਗਾ।ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਅਤੇ ਓਵਰਸੀਜ ਕਨਵੀਨਰ ਕੁਮਾਰ ਵਿਸ਼ਵਾਸ ਵੱਲੋਂ ਹਵਾਈ ਅੱਡੇ ਉਤੇ ਉਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਚੰਡੀਗੜ੍ਹ ਪਹੁੰਚਣ ਉਤੇ ਆਮ ਆਦਮੀ ਪਾਰਟੀ ਦੇ ਕੌਮੀ ਜਨ. ਸਕੱਤਰ ਸੰਜੇ ਸਿੰਘ ਅਤੇ ਕੰਵਰ ਸੰਧੂ ਵੱਲੋਂ ਉਨਾਂ ਦਾ ਸਵਾਗਤ ਕੀਤਾ ਗਿਆ।ਟੋਰਾਂਟੋ ਵਿੱਚ ਚਲੋ ਪੰਜਾਬ ਮੁਹਿੰਮ ਦੇ ਕਨਵੀਨਰ ਸੁਰਿੰਦਰ ਮਾਵੀ, ਜੋ ਕਿ ਪਹਿਲੇ ਵਫਦ ਨਾਲ ਪਹੁੰਚੇ, ਉਨਾਂ ਕਿਹਾ ਕਿ ਉਹ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀ ਹਾਰ ਨੂੰ ਯਕੀਨੀ ਬਣਾਉਣ ਲਈ ਆਏ ਹਨ। ਉਨਾਂ ਕਿਹਾ ਕਿ ਕਾਂਗਰਸ ਮੌਜੂਦਾ ਸਰਕਾਰ ਦਾ ਬਦਲ ਨਹੀਂ, ਸਗੋਂ ਉਸੇ ਦਾ ਹੀ ਇੱਕ ਰੂਪ ਹੈ। ਉਨਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਪੰਜਾਬ ਨੂੰ ਬਚਾਉਣ ਲਈ ਅਕਾਲੀਆਂ ਅਤੇ ਕਾਂਗਰਸ ਨੂੰ ਸੱਤਾ ਤੋਂ ਦੂਰ ਕੀਤਾ ਜਾਵੇ। ਉਨਾਂ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਹੀ ਪੰਜਾਬ ਦੇ ਲੋਕਾਂ ਦੀ ਆਖਰੀ ਅਤੇ ਇਕਲੌਤੀ ਉਮੀਦ ਹੈ। 

ਮਾਵੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਅਤੇ ਅਕਾਲੀ ਦਲ ਦੋਵਾਂ ਨੂੰ ਹਰਾ ਕੇ ਪੰਜਾਬ ਵਿੱਚ ਮੁੜ ਤੋਂ ਲੋਕਤੰਤਰ ਦੀ ਬਹਾਲੀ ਕੀਤੀ ਜਾਵੇ। ਮਾਵੀ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀਆਂ ਭਾਵਾਨਾਵਾਂ ਨੂੰ ਸਮਝਦੇ ਹਾਂ ਅਤੇ ਪੰਜਾਬ ਦੇ ਲੋਕ ਹੁਣ ਭ੍ਰਿਸ਼ਟਾਚਾਰ ਮੁਕਤ ਸਰਕਾਰ ਚਾਹੁੰਦੀ ਹੈ। ਮਾਵੀ ਨੇ ਕਿਹਾ ਕਿ ਅਸੀਂ ਕੈਨੇਡਾ ਵਿੱਚ ਵੇਖਿਆ ਹੈ ਕਿ ਕਿਵੇਂ ਇੱਕ ਚੰਗੀ ਸਰਕਾਰ ਲੋਕਾਂ ਦਾ ਜੀਵਨ ਬਦਲ ਦਿੰਦੀ ਹੈ। ਮੌਜੂਦਾ ਸਮੇਂ ਵਿੱਚ ਪੰਜਾਬ ਅੰਦਰ ਕੋਈ ਲੋਕਤੰਤਰ ਨਹੀਂ ਹੈ ਅਤੇ ਨਾ ਹੀ ਕਾਨੂੰਨ ਵਿਵਸਥਾ ਹੈ। ਉਨਾਂ ਕਿਹਾ ਕਿ ਕੇਵਲ ਬਾਦਲ ਪਰਿਵਾਰ ਹੀ ਪੰਜਾਬ ਵਿੱਚ ਸੱਤਾ ਚਲਾ ਰਿਹਾ ਹੈ ਅਤੇ ਆਮ ਲੋਕ ਇਸ ਪਰਿਵਾਰ ਦੇ ਹੱਥੋਂ ਪੀੜਤ ਹੋ ਰਹੇ ਹਨ।ਮਾਵੀ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਪੰਜਾਬ ਨੂੰ ਬਾਦਲਾਂ ਦੇ ਰਾਜ ਵਿੱਚ ਪਿਛਲੇ 10 ਸਾਲਾਂ ਤੋਂ ਨਸ਼ਾ, ਭ੍ਰਿਸ਼ਟਾਚਾਰ, ਅਪਰਾਧ, ਰੇਤ-ਬਜਰੀ ਅਤੇ ਟ੍ਰਾਂਸਪੋਰਟ ਮਾਫੀਆ ਜਿਹੀਆਂ ਬੁਰਾਈਆਂ ਨੇ ਜਕੜਿਆ ਹੋਇਆ ਹੈ। ਗੈਂਗਵਾਰਾਂ ਨੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕੀਤਾ ਹੈ ਅਤੇ ਮੌਜੂਦਾ ਸਰਕਾਰ ਨੇ ਕਾਨੂੰਨ ਵਿਵਸਥਾ ਨੂੰ ਉਨਾਂ ਦੇ ਹੱਥ ਵਿੱਚ ਸੌਂਪ ਦਿੱਤਾ ਹੈ। ਉਨਾਂ ਕਿਹਾ ਕਿ ਇੱਕ ਪੂਰੀ ਪੀੜੀ ਤਬਾਹ ਹੋ ਗਈ ਹੈ, ਕਿਉਂਕਿ ਹਜਾਰਾਂ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਗਏ ਹਨ। ਉਨਾਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਸਹੀ ਕਦਮ ਨਾ ਚੁੱਕੇ ਗਏ, ਤਾਂ ਇਸਦੇ ਭਿਆਨਕ ਸਿੱਟੇ ਨਿਕਲਣਗੇ। 

ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦੀ ਲੀਡਰਸ਼ਿੱਪ ਨੇ ਨਸ਼ਿਆਂ ਵਰਗੀ ਬੁਰਾਈ ਨੂੰ ਵਧਾਵਾ ਦਿੱਤਾ ਹੈ ਅਤੇ ਪੰਜਾਬ ਨੂੰ ਕੌਮਾਂਤਰੀ ਪੱਧਰ ਉਤੇ ਬਦਨਾਮ ਕੀਤਾ ਹੈ। ਇਸਦੇ ਨਾਲ ਹੀ ਉਨਾਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੁਰਾਈ ਦੀ ਜੜ ਦਸਦਿਆਂ ਉਸਦੇ ਕੌਮਾਂਤਰੀ ਡਰੱਗ ਤਸਕਰਾਂ ਨਾਲ ਤਾਰ ਜੁੜੇ ਹੋਣ ਦੀ ਗੱਲ ਕਹੀ।ਕੈਨੇਡਾ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਕਨਵੀਨਰ ਜੋਬਨ ਰੰਧਾਵਾ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਵੱਲੋਂ ਮੌਜੂਦਾ ਅਕਾਲੀ-ਭਾਜਪਾ ਸਰਕਾਰ ਤੋਂ ਨਿਜਾਤ ਪਾਉਣ ਲਈ ਪੂਰੀ ਮਿਹਨਤ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਉਹ ਦੋਆਬਾ ਖੇਤਰ ਵਿੱਚ ਜਾਣਗੇ ਅਤੇ ਬਿਕਰਮ ਮਜੀਠੀਆ ਦਾ ਹਲਕਾ ਮਜੀਠਾ ਉਨਾਂ ਲਈ ਟੀਚਾ ਰਹੇਗਾ।ਉਨਾਂ ਕਿਹਾ ਕਿ ਬਾਦਲ ਪਰਿਵਾਰ ਭ੍ਰਿਸ਼ਟਾਚਾਰ ਦਾ ਗੜ੍ਹ ਹੈ ਅਤੇ ਉਸਨੂੰ ਸੱਤਾ ਵਿੱਚ ਆਉਣ ਦਾ ਇੱਕ ਹੋਰ ਮੌਕਾ ਦੇਣ ਦਾ ਮਤਲਬ ਪੰਜਾਬ ਨੂੰ ਇੱਕ ਵੱਡੇ ਨੁਕਸਾਨ ਵੱਲ ਧੱਕਣਾ ਹੈ। ਕਾਂਗਰਸ ਅਤੇ ਅਕਾਲੀਆਂ ਨੇ ਆਪਸ ਵਿੱਚ ਹੱਥ ਮਿਲਾਇਆ ਹੋਇਆ ਹੈ, ਤਾਂ ਜੋ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਦੂਰ ਰੱਖਿਆ ਜਾਵੇ। ਉਨਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦੀ ਹਨੇਰੀ ਚੱਲ ਰਹੀ ਹੈ, ਕਿਉਂਕਿ ਲੋਕ ਬਦਲਾਅ ਚਾਹੁੰਦੇ ਹਨ।ਉਨਾਂ ਕਿਹਾ ਕਿ ਲੋਕਾਂ ਨੇ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਵੇਖੀ ਹੈ ਅਤੇ ਇਹ ਉਹ ਸਮਾਂ ਸੀ ਜਦੋਂ ਪੰਜਾਬ ਵਿੱਚ ਨਸ਼ੇ ਦਾ ਦੌਰ ਆਇਆ। ਉਨਾਂ ਕਿਹਾ ਕਿ ਕਾਂਗਰਸ ਇਸ ਵੇਲੇ ਜਿੱਤਣ ਦੀ ਸਥਿੱਤੀ ਵਿੱਚ ਨਹੀਂ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਕੇਵਲ ਕੁੱਝ ਹਲਕਿਆਂ ਵਿੱਚ ਖੇਡ ਖਰਾਬ ਕਰਨਾ ਚਾਹੁੰਦੇ ਹਨ। 

ਰੰਧਾਵਾ ਨੇ ਕਿਹਾ ਕਿ 35 ਹਜਾਰ ਤੋਂ ਜਿਆਦਾ ਪ੍ਰਵਾਸੀ ਭਾਰਤੀ ਚਲੋ ਪੰਜਾਬ ਮੁਹਿੰਮ ਨਾਲ ਜੁੜੇ ਹੋਏ ਹਨ ਅਤੇ ਬਹੁਤ ਸਾਰੇ ਪੰਜਾਬ ਪਹੁੰਚ ਚੁੱਕੇ ਹਨ। ਉਨਾਂ ਕਿਹਾ ਕਿ ਬਾਕੀ ਵੀ ਜਲਦ ਹੀ ਪਹੁੰਚ ਜਾਣਗੇ। ਯੂਕੇ ਤੋਂ ਰਾਜੇਸ਼ ਸ਼ਰਮਾ, ਜਿਨਾਂ ਨੇ ਆਮ ਆਦਮੀ ਪਾਰਟੀ ਲਈ ਆਪਣੀ ਨੌਕਰੀ ਅਤੇ ਪਰਿਵਾਰ ਛੱਡ ਦਿੱਤਾ, ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਲੋਕਾ ਵੀ ਉਨਾਂ ਸਹੂਲਤਾਂ ਦਾ ਆਨੰਦ ਮਾਣਨ, ਜੋ ਵਿਦੇਸ਼ਾਂ ਵਿੱਚ ਬੈਠੇ ਰਹਿ ਰਹੇ ਲੋਕਾਂ ਨੂੰ ਮਿਲ ਰਹੀਆਂ ਹਨ। ਰੰਧਾਵਾ ਨੇ ਕਿਹਾ ਕਿ ਕੈਨੇਡਾ ਤੋਂ ਜਸਕਿਰਤ ਮਾਨ ਵੱਲੋਂ ਪੰਜਾਬ ਵਿੱਚ ਪਹਿਲਾਂ ਹੀ ਕਈ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।ਆਮ ਆਦਮੀ ਪਾਰਟੀ ਦੀ ਸਪੋਕਸਪਰਸਨ ਅਤੇ ਓਵਰਸੀਜ ਸਕੱਤਰ ਪ੍ਰੀਤੀ ਮੈਨਨ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀਆਂ ਅਤੇ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਵਿੱਚ ਉਨਾਂ ਨੂੰ ਉਮੀਦ ਦੀ ਇੱਕ ਕਿਰਨ ਵਿਖਾਈ ਦਿੰਦੀ ਹੈ। ਉਨਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਇੱਕ ਵਧੀਆ ਭੂਮਿਕਾ ਨਿਭਾਈ ਜਾਵੇਗੀ।ਇਸ ਮੌਕੇ ਸੁਮੇਸ਼ ਹਾਂਡਾ, ਕੈਨੇਡਾ ਸੈਕਟਰੀ ਅਤੇ ਉਘੇ ਫੰਡ ਕੁਲੈਕਟਰ, ਡਾ ਸਾਰਿਕਾ ਵਰਮਾ, ਜੁਆਇੰਟ ਸਕੱਤਰ ਆਪ ਪੰਜਾਬ ਅਤੇ ਪ੍ਰਵਾਸੀ ਭਾਰਤੀਆਂ ਦੇ ਵਫਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੂੰ ਨਕਾਰਨ। ਉਨਾਂ ਕਿਹਾ ਕਿ ਕਾਂਗਰਸ ਨੂੰ ਵੋਟ ਦੇਣ ਦੇ ਸਾਫ ਮਤਲਬ ਹੈ ਕਿ ਬਾਦਲ ਪਰਿਵਾਰ ਨੂੰ ਸੱਤਾ ਵਿੱਚ ਆਉਣ ਦਾ ਇੱਕ ਹੋਰ ਮੌਕਾ ਦੇਣਾ।