5 Dariya News

ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉਤੇ ਸਹੀ ਮਾਇਨਿਆਂ ਵਿੱਚ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਸ਼੍ਰੀ ਆਨੰਦਪੁਰ ਸਾਹਿਬ ਦਾ ਵਧਾਇਆ ਜਾਵੇਗਾ ਮਾਣ – ਅਰਵਿੰਦ ਕੇਜਰੀਵਾਲ

ਜੇਕਰ ਸਾਡੀ ਸਰਕਾਰ ਦਾ ਕੋਈ ਮੰਤਰੀ ਜਾਂ ਵਿਧਾਇਕ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਇਆ ਗਿਆ, ਤਾਂ ਉਸਨੂੰ ਨਾ ਕੇਵਲ ਸਖਤ ਬਲਿਕ ਦੁੱਗਣੀ ਸਜਾ ਦਿੱਤੀ ਜਾਵੇਗੀ

5 Dariya News

ਸ਼੍ਰੀ ਆਨੰਦਪੁਰ ਸਾਹਿਬ 17-Jan-2017

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਾਰਟੀ ਉਮੀਦਵਾਰ ਡਾ. ਸੰਜੀਵ ਗੌਤਮ ਦੇ ਹੱਕ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕੈਪਟਨ ਅਤੇ ਬਾਦਲ ਦੇ ਆਪਸ ਵਿੱਚ ਮਿਲੇ ਹੋਣ ਦਾ ਦੋਸ਼ ਲਗਾਇਆ। ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ਤੋਂ ਚੋਣ ਲੜਨਾ ਸਿਰਫ ਵਿਖਾਵਾ ਹੈ, ਦਰਅਸਲ ਕੈਪਟਨ ਅਮਰਿੰਦਰ ਸਿੰਘ ਲੰਬੀ ਵਿੱਚ ਚੋਣ ਲੜ ਕੇ ਬਾਦਲ ਨੂੰ ਜਿਤਾਉਣਾ ਚਾਹੁੰਦੇ ਹਨ। ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਬਾਦਲਾਂ ਅਤੇ ਮਜੀਠੀਏ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਨੂੰ ਖੜਾ ਕੀਤਾ ਹੈ ਤਾਂ ਜੋ ਉਨਾਂ ਨੂੰ ਆਮ ਜਨਤਾ ਦੀ ਤਾਕਤ ਦਾ ਅਹਿਸਾਸ ਕਰਵਾਇਆ ਜਾ ਸਕੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੰਬੀ ਤੋਂ ਜਰਨੈਲ ਸਿੰਘ, ਜਲਾਲਾਬਾਦ ਤੋਂ ਭਗਵੰਤ ਮਾਨ ਅਤੇ ਮਜੀਠਾ ਤੋਂ ਹਿੰਮਤ ਸਿੰਘ ਸ਼ੇਰਗਿੱਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਜਿਹੀ ਪਹਿਲੀ ਪਾਰਟੀ ਹੈ, ਜਿਸ ਨੇ ਬਾਦਲਾਂ ਤੇ ਮਜੀਠੀਏ ਦੇ ਖਿਲਾਫ ਪਾਰਟੀ ਦੇ ਦਿੱਗਜ ਉਤਾਰੇ ਹਨ।  ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਤੇ ਬਾਦਲਾਂ ਨੇ ਪੰਜਾਬ ਨੂੰ ਲੁੱਟਣ ਲਈ ਵਾਰੀਆਂ ਬੰਨੀਆਂ ਹੋਈਆਂ ਹਨ।  ਉਨਾਂ ਕਿਹਾ ਕਿ ਕੈਪਟਨ ਅਤੇ ਬਾਦਲ ਜਨਤਾ ਨੂੰ ਧੋਖਾ ਦੇ ਕੇ ਫ੍ਰੈਂਡਲੀ ਮੈਚ ਖੇਡਦੇ ਰਹੇ ਹਨ  ਅਤੇ ਦੋਵਾਂ ਵੱਲੋਂ ਇੱਕ ਦੂਜੇ ਦੇ ਖਿਲਾਫ ਹਮੇਸ਼ਾਂ ਕਮਜੋਰ ਉਮੀਦਵਾਰ ਉਤਾਰੇ ਜਾਂਦੇ ਸਨ।  

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਪੈਸੇ ਦੀ ਕਮੀ ਨਹੀਂ ਹੈ, ਸਰਕਾਰ ਦੀ ਨੀਅਤ ਵਿੱਚ ਕਮੀ ਹੈ, ਜਿਸ ਕਾਰਨ ਪੰਜਾਬ ਅੱਜ ਬਰਬਾਦੀ ਦੇ ਕੰਢੇ ਪਹੁੰਚਿਆ ਹੋਇਆ ਹੈ।  ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਪੰਜਾਬ ਵਿੱਚੋਂ ਨਸ਼ਾ ਖਤਮ ਕੀਤਾ ਜਾਵੇਗਾ।  ਕੇਜਰੀਵਾਲ ਨੇ ਕਿਹਾ ਕਿ ਇਨਾਂ ਲਾਲਚੀ ਸਿਆਸਤਦਾਨਾਂ ਨੇ ਪੂਰੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ, ਨੌਜਵਾਨਾਂ ਨੂੰ ਨਸ਼ਿਆਂ ਉਤੇ ਲਗਾ ਦਿੱਤਾ, ਮਾਵਾਂ ਕੋਲੋਂ ਉਨਾਂ ਦੇ ਬੱਚੇ ਖੋਹ ਲਏ। ਉਨਾਂ ਕਿਹਾ ਪੈਸਾ ਕਮਾਉਣ ਦੀ ਹੋੜ ਵਿੱਚ ਮਜੀਠੀਏ ਅਤੇ ਬਾਦਲਾਂ ਨੇ ਕਈ ਪੀੜੀਆਂ ਬਰਬਾਦ ਕਰ ਦਿੱਤੀਆਂ ਹਨ। ਉਨਾਂ ਕਿਹਾ ਕਿ ਇਸ ਸਮੇਂ ਪੂਰੇ ਪੰਜਾਬ ਵਿੱਚ ਮਜੀਠੀਆ ਆਪਣੇ ਗੁੰਡਿਆਂ ਰਾਹੀਂ ਨਸ਼ਾ ਫੈਲਾ ਰਿਹਾ ਹੈ ਅਤੇ ਉਸਦੇ ਤਾਰ ਕੌਮਾਂਤਰੀ ਨਸ਼ਾ ਤਸਕਰਾਂ ਨਾਲ ਜੁੜੇ ਹੋਏ ਹਨ।  ਉਨਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਮਜੀਠੀਏ ਨੂੰ ਫੜ ਕੇ ਜੇਲ ਵਿੱਚ ਸੁੱਟਿਆ ਜਾਵੇਗਾ।ਕੇਜਰੀਵਾਲ ਨੇ ਲੋਕਾਂ ਨੂੰ ਭਰੋਸਾ ਦਿੱਤਾ 11 ਮਾਰਚ ਨੂੰ ਵੋਟਾਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਤ ਪ੍ਰਾਪਤ ਕਰੇਗੀ, 20 ਮਾਰਚ ਤੱਕ ਸਰਕਾਰ ਬਣੇਗੀ ਅਤੇ 15 ਅਪ੍ਰੈਲ ਤੱਕ ਮਜੀਠੀਆ ਸਲਾਖਾਂ ਪਿੱਛੇ ਹੋਵੇਗਾ।  ਉਨਾਂ ਕਿਹਾ ਕਿ ਸਰਕਾਰ ਦੇ ਗਠਨ ਤੋਂ ਬਾਅਦ ਨਸ਼ੇ ਦੇ ਸ਼ਿਕਾਰ ਨੌਜਵਾਨਾਂ ਦਾ ਇਲਾਜ ਕਰਨ ਲਈ ਜੰਗੀ ਪੱਧਰ ਉਤੇ ਕਾਰਜ ਕੀਤੇ ਜਾਣਗੇ। ਉਨਾਂ ਕਿਹਾ ਕਿ ਇਸ ਵੇਲੇ 40 ਲੱਖ ਤੋਂ ਜਿਆਦਾ ਨੌਜਵਾਨ ਨਸ਼ਾ ਕਰ ਰਹੇ ਹਨ, 6 ਮਹੀਨੇ ਦੇ ਅੰਦਰ ਉਨਾਂ ਦਾ ਇਲਾਜ ਕਰਕੇ ਨਸ਼ੇ ਦੀ ਇਸ ਦਲਦਲ ਵਿੱਚੋਂ ਕੱਢਿਆ ਜਾਵੇਗਾ। 

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ 25 ਲੱਖ ਨੌਕਰੀਆਂ ਦੀ ਯੋਜਨਾ ਬਣਾਈ ਗਈ ਹੈ ਅਤੇ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ ਕਿਉਂਕਿ ਬਾਦਲਾਂ ਨੇ ਸਾਰੇ ਕਾਰੋਬਾਰਾਂ ਉਤੇ ਕਬਜਾ ਕੀਤਾ ਹੋਇਆ ਹੈ।  ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਨਾਂ ਕਾਰੋਬਾਰਾਂ ਨੂੰ ਬਾਦਲਾਂ ਦੇ ਸ਼ਿਕੰਜੇ ਤੋਂ ਮੁਕਤ ਕੀਤਾ ਜਾਵੇਗਾ ਅਤੇ ਨਾਲ ਹੀ ਇੱਥੋਂ ਦੂਜੇ ਰਾਜਾਂ ਵਿੱਚ ਜਾ ਚੁੱਕੇ ਇੰਡਸਟਰੀ ਯੂਨਿਟਾਂ ਨੂੰ ਵਾਪਿਸ ਲਿਆਂਦਾ ਜਾਵੇਗਾ। ਉਨਾਂ ਭਰੋਸਾ ਦਿੱਤਾ ਕਿ ਇੰਡਸਟ੍ਰੀਆਂ ਵਿੱਚ 80 ਫੀਸਦੀ ਨੌਕਰੀਆਂ ਪੰਜਾਬੀਆਂ ਨੂੰ ਦਿੱਤੇ ਜਾਣ ਦੀ ਵਿਵਸਥਾ ਕੀਤੀ ਜਾਵੇਗੀ ਤਾਂ ਜੋ ਪੰਜਾਬ ਵਿੱਚ ਰੋਜਗਾਰ ਦੀ ਕੋਈ ਕਮੀ ਨਾ  ਰਹੇ।ਕੇਜਰੀਵਾਲ ਨੇ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਹੁੰਦਿਆਂ ਹੀ ਵਿਧਵਾ, ਅੰਗਹੀਣਤਾ ਅਤੇ ਬੁਢਾਪਾ ਪੈਨਸ਼ਨ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਉਨਾਂ ਨੂੰ ਮੌਜੂਦਾ 500 ਰੁਪਏ ਤੋਂ ਵਧ ਕੇ 2500 ਰੁਪਏ ਪ੍ਰਤਿ ਮਹੀਨਾ ਪੈਨਸ਼ਨ ਮਿਲੇਗੀ, ਤਾਂ ਜੋ ਉਹ ਆਪਣਾ ਜੀਵਨ ਬਿਹਤਰ ਢੰਗ ਨਾਲ ਜੀ ਸਕਣ, ਇਹ ਆਮ ਆਦਮੀ ਪਾਰਟੀ ਦਾ ਵਾਅਦਾ ਹੈ।  ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ 2500 ਰੁਪਏ ਪ੍ਰਤਿ ਮਹੀਨਾ ਪੈਨਸ਼ਨ ਦੇਣ ਦੀ ਗੱਲ ਕਹਿ ਰਹੇ ਹਨ, ਜੇਕਰ ਕਾਂਗਰਸ ਸੱਚਮੁਚ ਅਜਿਹਾ ਕਰਨਾ ਚਾਹੁੰਦੀ ਹੈ ਜਿਨਾਂ ਸੂਬਿਆਂ ਵਿੱਚ ਕਾਂਗਰਸ ਦੀ ਸਰਕਾਰ ਹੈ, ਉਥੇ 2500 ਰੁਪਏ ਮਹੀਨਾ ਪੈਨਸ਼ਨ ਕਿਓਂ ਨਹੀਂ ਦਿੱਤੀ ਜਾਂਦੀ, ਜਿਸ ਤੋਂ ਪਤਾ ਲਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਨਾਲ ਝੂਠ ਬੋਲ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਲੀ ਵਿੱਚ ਕੀਤੇ ਆਪਣੇ ਵਾਅਦੇ ਅਨੁਸਾਰ 2500 ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ।ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਉਨਾਂ ਦੀ ਫਸਲ ਦਾ ਬਣਦਾ ਮੁੱਲ ਦਿੱਤਾ ਜਾਵੇਗਾ ਅਤੇ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਜਦੋਂ ਕਿਸਾਨਾਂ ਨੂੰ ਉਚਿਤ ਕੀਮਤਾਂ ਮਿਲਣ ਲੱਗ ਪਈਆਂ ਤਾਂ ਉਨਾਂ ਨੂੰ ਕਰਜੇ ਲੈਣ ਦੀ ਜਰੂਰਤ ਹੀ ਨਹੀਂ ਪਵੇਗੀ।

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਧਾਰਮਿਕ ਬੇਅਦਬੀ ਦੀਆਂ ਅਨੇਕਾਂ ਘਟਨਾਵਾਂ ਵਾਪਰੀਆਂ ਹਨ ਅਤੇ ਹਾਲੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਕਈ ਵਾਰ ਮਨ ਵਿੱਚ ਸ਼ੱਕ ਪੈਦਾ ਹੁੰਦਾ ਹੈ ਕਿ ਕਿਤੇ ਇਹ ਸਭ ਇਨਾਂ ਵੱਲੋਂ ਹੀ ਤਾਂ ਨਹੀਂ ਕਰਵਾਇਆ ਗਿਆ। ਉਨਾਂ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਦੇ ਸਾਰੇ ਅਸਲ ਦੋਸ਼ੀਆਂ ਨੂੰ ਫੜ ਕੇ ਮਿਸਾਲੀ ਸਜਾ ਦਿੱਤੀ ਜਾਵੇਗੀ।ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਉਨਾਂ ਨੇ ਪੰਜਾਬ ਵਿੱਚ ਪੂਰੀ ਜਾਂਚ-ਪੜਤਾਲ ਮਗਰੋਂ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।  ਉਨਾਂ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਜੇਕਰ ਕੋਈ ਮੰਤਰੀ ਜਾਂ ਵਿਧਾਇਕ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਇਆ ਜਾਂਦਾ ਹੈ ਤਾਂ ਉਸਨੂੰ ਤੁਰੰਤ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ ਅਤੇ ਨਾ ਕੇਵਲ ਸਖਤ, ਬਲਕਿ ਆਮ ਨਾਲੋਂ ਦੁੱਗਣੀ ਸਜਾ ਦਿੱਤੀ ਜਾਵੇਗੀ।ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਵਿੱਚ ਵਿਸ਼ਵਾਸ ਕਰਦੀ ਹੈ ਅਤੇ ਲੋਕਾਂ ਦਾ ਭਰੋਸਾ ਹਰ ਹੀਲੇ ਕਾਇਮ ਰੱਖਿਆ ਜਾਵੇਗਾ।  ਉਨਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਾਵੇਂ ਕੋਈ ਵੀ ਬਣੇ, ਪਰ ਪਾਰਟੀ ਵੱਲੋਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਜਿੰਮੇਵਾਰੀ ਉਹ ਖੁਦ ਲੈਂਦੇ ਹਨ।ਇਸ ਤੋਂ ਪਹਿਲਾਂ ਉਨਾਂ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫਿਰ ਚੋਣ ਰੈਲੀ ਨੂੰ ਸੰਬੋਧਨ ਕੀਤਾ।