5 Dariya News

ਕਾਂਗਰਸ ਅਤੇ ਅਕਾਲੀ ਮਿਲ ਕੇ ਆਮ ਆਦਮੀ ਪਾਰਟੀ ਖਿਲਾਫ ਚੋਣਾਂ ਲੜ ਰਹੇ ਹਨ - ਅਰਵਿੰਦ ਕੇਜਰੀਵਾਲ

ਦਿੱਲੀ ਦੀ ਤਰਜ ਉਤੇ ਪੰਜਾਬ ਨੂੰ ਸਹੂਲਤਾਂ ਦੇਣ ਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਵਾਅਦਾ, ਪੰਜਾਬ ਵਿੱਚ ਪੈਸੇ ਦੀ ਨਹੀਂ, ਸਰਕਾਰ ਦੀ ਨੀਅਤ ਦੀ ਕਮੀ - ਅਰਵਿੰਦ ਕੇਜਰੀਵਾਲ

5 Dariya News

ਖਰੜ 17-Jan-2017

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖਰੜ ਵਿਖੇ ਪਾਰਟੀ ਉਮੀਦਵਾਰ ਕੰਵਰ ਸੰਧੂ ਦੇ ਹੱਕ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਉਤੇ ਭ੍ਰਿਸ਼ਟਾਚਾਰ ਦੇ ਨਾਲ-ਨਾਲ ਆਪਸ ਵਿੱਚ ਮਿਲ ਕੇ ਚੋਣਾਂ ਲੜਨ ਦੇ ਦੋਸ਼ ਲਗਾਏ। ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਪੈਸੇ ਦੀ ਕਮੀ ਨਹੀਂ ਹੈ, ਸਰਕਾਰ ਦੀ ਨੀਅਤ ਵਿੱਚ ਕਮੀ ਹੈ, ਜਿਸ ਕਾਰਨ ਪੰਜਾਬ ਅੱਜ ਬਰਬਾਦੀ ਦੇ ਕੰਢੇ ਪਹੁੰਚਿਆ ਹੋਇਆ ਹੈ।  ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਪੰਜਾਬ ਵਿੱਚੋਂ ਨਸ਼ਾ ਖਤਮ ਕੀਤਾ ਜਾਵੇਗਾ।  ਕੇਜਰੀਵਾਲ ਨੇ ਕਿਹਾ ਕਿ ਇਨਾਂ ਲਾਲਚੀ ਸਿਆਸਤਦਾਨਾਂ ਨੇ ਪੂਰੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ, ਨੌਜਵਾਨਾਂ ਨੂੰ ਨਸ਼ਿਆਂ ਉਤੇ ਲਗਾ ਦਿੱਤਾ, ਮਾਵਾਂ ਕੋਲੋਂ ਉਨਾਂ ਦੇ ਬੱਚੇ ਖੋਹ ਲਏ। ਉਨਾਂ ਕਿਹਾ ਪੈਸਾ ਕਮਾਉਣ ਦੀ ਹੋੜ ਵਿੱਚ ਮਜੀਠੀਏ ਅਤੇ ਬਾਦਲਾਂ ਨੇ ਕਈ ਪੀੜੀਆਂ ਬਰਬਾਦ ਕਰ ਦਿੱਤੀਆਂ ਹਨ। ਉਨਾਂ ਕਿਹਾ ਕਿ ਇਸ ਸਮੇਂ ਪੂਰੇ ਪੰਜਾਬ ਵਿੱਚ ਮਜੀਠੀਆ ਆਪਣੇ ਗੁੰਡਿਆਂ ਰਾਹੀਂ ਨਸ਼ਾ ਫੈਲਾ ਰਿਹਾ ਹੈ ਅਤੇ ਉਸਦੇ ਤਾਰ ਕੌਮਾਂਤਰੀ ਨਸ਼ਾ ਤਸਕਰਾਂ ਨਾਲ ਜੁੜੇ ਹੋਏ ਹਨ।  ਉਨਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਮਜੀਠੀਏ ਨੂੰ ਫੜ ਕੇ ਜੇਲ ਵਿੱਚ ਸੁੱਟਿਆ ਜਾਵੇਗਾ। 

ਕੇਜਰੀਵਾਲ ਨੇ ਲੋਕਾਂ ਨੂੰ ਭਰੋਸਾ ਦਿੱਤਾ 11 ਮਾਰਚ ਨੂੰ ਵੋਟਾਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਤ ਪ੍ਰਾਪਤ ਕਰੇਗੀ, 20 ਮਾਰਚ ਤੱਕ ਸਰਕਾਰ ਬਣੇਗੀ ਅਤੇ 15 ਅਪ੍ਰੈਲ ਤੱਕ ਮਜੀਠੀਆ ਸਲਾਖਾਂ ਪਿੱਛੇ ਹੋਵੇਗਾ।  ਉਨਾਂ ਕਿਹਾ ਕਿ ਸਰਕਾਰ ਦੇ ਗਠਨ ਤੋਂ ਬਾਅਦ ਨਸ਼ੇ ਦੇ ਸ਼ਿਕਾਰ ਨੌਜਵਾਨਾਂ ਦਾ ਇਲਾਜ ਕਰਨ ਲਈ ਜੰਗੀ ਪੱਧਰ ਉਤੇ ਕਾਰਜ ਕੀਤੇ ਜਾਣਗੇ। ਉਨਾਂ ਕਿਹਾ ਕਿ ਇਸ ਵੇਲੇ 40 ਲੱਖ ਤੋਂ ਜਿਆਦਾ ਨੌਜਵਾਨ ਨਸ਼ਾ ਕਰ ਰਹੇ ਹਨ, 6 ਮਹੀਨੇ ਦੇ ਅੰਦਰ ਉਨਾਂ ਦਾ ਇਲਾਜ ਕਰਕੇ ਨਸ਼ੇ ਦੀ ਇਸ ਦਲਦਲ ਵਿੱਚੋਂ ਕੱਢਿਆ ਜਾਵੇਗਾ।  

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ 25 ਲੱਖ ਨੌਕਰੀਆਂ ਦੀ ਯੋਜਨਾ ਬਣਾਈ ਗਈ ਹੈ ਅਤੇ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ ਕਿਉਂਕਿ ਬਾਦਲਾਂ ਨੇ ਸਾਰੇ ਕਾਰੋਬਾਰਾਂ ਉਤੇ ਕਬਜਾ ਕੀਤਾ ਹੋਇਆ ਹੈ।  ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਨਾਂ ਕਾਰੋਬਾਰਾਂ ਨੂੰ ਬਾਦਲਾਂ ਦੇ ਸ਼ਿਕੰਜੇ ਤੋਂ ਮੁਕਤ ਕੀਤਾ ਜਾਵੇਗਾ ਅਤੇ ਨਾਲ ਹੀ ਇੱਥੋਂ ਦੂਜੇ ਰਾਜਾਂ ਵਿੱਚ ਜਾ ਚੁੱਕੇ ਇੰਡਸਟਰੀ ਯੂਨਿਟਾਂ ਨੂੰ ਵਾਪਿਸ ਲਿਆਂਦਾ ਜਾਵੇਗਾ। ਉਨਾਂ ਭਰੋਸਾ ਦਿੱਤਾ ਕਿ ਇੰਡਸਟ੍ਰੀਆਂ ਵਿੱਚ 80 ਫੀਸਦੀ ਨੌਕਰੀਆਂ ਪੰਜਾਬੀਆਂ ਨੂੰ ਦਿੱਤੇ ਜਾਣ ਦੀ ਵਿਵਸਥਾ ਕੀਤੀ ਜਾਵੇਗੀ ਤਾਂ ਜੋ ਪੰਜਾਬ ਵਿੱਚ ਰੋਜਗਾਰ ਦੀ ਕੋਈ ਕਮੀ ਨਾ  ਰਹੇ। 

ਕੇਜਰੀਵਾਲ ਨੇ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਹੁੰਦਿਆਂ ਹੀ ਵਿਧਵਾ, ਅੰਗਹੀਣਤਾ ਅਤੇ ਬੁਢਾਪਾ ਪੈਨਸ਼ਨ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਉਨਾਂ ਨੂੰ ਮੌਜੂਦਾ 500 ਰੁਪਏ ਤੋਂ ਵਧ ਕੇ 2500 ਰੁਪਏ ਪ੍ਰਤਿ ਮਹੀਨਾ ਪੈਨਸ਼ਨ ਮਿਲੇਗੀ, ਤਾਂ ਜੋ ਉਹ ਆਪਣਾ ਜੀਵਨ ਬਿਹਤਰ ਢੰਗ ਨਾਲ ਜੀ ਸਕਣ, ਇਹ ਆਮ ਆਦਮੀ ਪਾਰਟੀ ਦਾ ਵਾਅਦਾ ਹੈ।  ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ 2500 ਰੁਪਏ ਪ੍ਰਤਿ ਮਹੀਨਾ ਪੈਨਸ਼ਨ ਦੇਣ ਦੀ ਗੱਲ ਕਹਿ ਰਹੇ ਹਨ, ਜੇਕਰ ਕਾਂਗਰਸ ਸੱਚਮੁਚ ਅਜਿਹਾ ਕਰਨਾ ਚਾਹੁੰਦੀ ਹੈ ਜਿਨਾਂ ਸੂਬਿਆਂ ਵਿੱਚ ਕਾਂਗਰਸ ਦੀ ਸਰਕਾਰ ਹੈ, ਉਥੇ 2500 ਰੁਪਏ ਮਹੀਨਾ ਪੈਨਸ਼ਨ ਕਿਓਂ ਨਹੀਂ ਦਿੱਤੀ ਜਾਂਦੀ, ਜਿਸ ਤੋਂ ਪਤਾ ਲਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਨਾਲ ਝੂਠ ਬੋਲ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਲੀ ਵਿੱਚ ਕੀਤੇ ਆਪਣੇ ਵਾਅਦੇ ਅਨੁਸਾਰ 2500 ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਉਨਾਂ ਦੀ ਫਸਲ ਦਾ ਬਣਦਾ ਮੁੱਲ ਦਿੱਤਾ ਜਾਵੇਗਾ ਅਤੇ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਜਦੋਂ ਕਿਸਾਨਾਂ ਨੂੰ ਉਚਿਤ ਕੀਮਤਾਂ ਮਿਲਣ ਲੱਗ ਪਈਆਂ ਤਾਂ ਉਨਾਂ ਨੂੰ ਕਰਜੇ ਲੈਣ ਦੀ ਜਰੂਰਤ ਹੀ ਨਹੀਂ ਪਵੇਗੀ। 

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਧਾਰਮਿਕ ਬੇਅਦਬੀ ਦੀਆਂ ਅਨੇਕਾਂ ਘਟਨਾਵਾਂ ਵਾਪਰੀਆਂ ਹਨ ਅਤੇ ਹਾਲੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਕਈ ਵਾਰ ਮਨ ਵਿੱਚ ਸ਼ੱਕ ਪੈਦਾ ਹੁੰਦਾ ਹੈ ਕਿ ਕਿਤੇ ਇਹ ਸਭ ਇਨਾਂ ਵੱਲੋਂ ਹੀ ਤਾਂ ਨਹੀਂ ਕਰਵਾਇਆ ਗਿਆ। ਉਨਾਂ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਦੇ ਸਾਰੇ ਅਸਲ ਦੋਸ਼ੀਆਂ ਨੂੰ ਫੜ ਕੇ ਮਿਸਾਲੀ ਸਜਾ ਦਿੱਤੀ ਜਾਵੇਗੀ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਉਨਾਂ ਨੇ ਪੰਜਾਬ ਵਿੱਚ ਪੂਰੀ ਜਾਂਚ-ਪੜਤਾਲ ਮਗਰੋਂ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।  ਉਨਾਂ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਜੇਕਰ ਕੋਈ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਇਆ ਜਾਂਦਾ ਹੈ ਤਾਂ ਉਸਨੂੰ ਤੁਰੰਤ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ ਨਾ ਕਿ ਉਸਦੇ ਭ੍ਰਿਸ਼ਟਾਚਾਰ ਉਤੇ ਪਰਦਾ ਪਾਇਆ ਜਾਵੇਗਾ, ਜਿਸ ਤਰਾਂ ਹੋਰ ਸਿਆਸੀ ਪਾਰਟੀਆਂ ਕਰਦੀਆਂ ਹਨ। ਉਨਾਂ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਇੱਕ ਮੰਤਰੀ ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਸਾਹਮਣੇ ਆਉਣ ਉਤੇ ਉਸਨੂੰ ਤੁਰੰਤ ਬਾਹਰ ਕਰ ਦਿੱਤਾ ਗਿਆ ਸੀ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਵਿੱਚ ਵਿਸ਼ਵਾਸ ਕਰਦੀ ਹੈ ਅਤੇ ਲੋਕਾਂ ਦਾ ਭਰੋਸਾ ਹਰ ਹੀਲੇ ਕਾਇਮ ਰੱਖਿਆ ਜਾਵੇਗਾ।  ਉਨਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਾਵੇਂ ਕੋਈ ਵੀ ਬਣੇ, ਪਰ ਪਾਰਟੀ ਵੱਲੋਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਜਿੰਮੇਵਾਰੀ ਉਹ ਖੁਦ ਲੈਂਦੇ ਹਨ।