ਹੋਰਡਿੰਗ ਅਤੇ ਪੋਸਟਰ ਪਾੜਨੇ ਬੇਹੱਦ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ : ਹਿੰਮਤ ਸਿੰਘ ਸ਼ੇਰਗਿੱਲ
5 Dariya News
ਮਜੀਠਾ 02-Jan-2017
ਵਿਧਾਨ ਸਭਾ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ, ਆਪ ਆਗੂਆਂ ਪ੍ਰਗਟ ਸਿੰਘ ਚੋਗਾਵਾਂ ਅਤੇ ਸੁਖਦੀਪ ਸਿੰਘ ਸਿੱਧੂ ਨੇ ਹਲਕੇ ਵਿੱਚ ਸੱਤਾਧਾਰੀ ਧਿਰ ਵੱਲੋਂ ਗੁੰਡਾਗਰਦੀ ਕਰਦਿਆਂ ਆਪ ਦੇ ਪ੍ਰਚਾਰ ਹੋਰਡਿੰਗ ਤੇ ਪੋਸਟਰ ਸਾਜਿਸ਼ ਤਹਿਤ ਪੜਵਾਏ ਜਾਣ ਦੀ ਪੁਰਜ਼ੋਰ ਨਿੰਦਾ ਕਰਦਿਆਂ ਕਿਹਾ ਹੈ ਕਿ ਹਾਕਮ ਧਿਰ ਵੱਲੋਂ ਅਜਿਹੀਆਂ ਹੋਛੀਆਂ ਹਰਕਤਾਂ 'ਤੇ ਉਤਾਰੂ ਹੋਣਾ ਉਸ ਦੀ ਬੁਖ਼ਲਾਹਟ ਦਾ ਸਬੂਤ ਹੈ।ਇੱਕ ਬਿਆਨ ਰਾਹੀਂ ਆਪ ਆਗੂਆਂ ਨੇ ਕਿਹਾ ਕਿ ਹੋਰਡਿੰਗ ਅਤੇ ਪੋਸਟਰ ਪਾੜਨੇ ਬੇਹੱਦ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਹੈ। ਉਹਨਾਂ ਕਿਹਾ ਕਿ ਜੇਕਰ ਸੱਤਾਧਾਰੀ ਆਗੂਆਂ ਨੂੰ ਆਪਣੀ ਹਰਮਨਪਿਆਰਤਾ ਦਾ ਏਨਾ ਹੀ ਗ਼ਰੂਰ ਹੈ ਤਾਂ ਲੋਕਾਂ ਨੂੰ ਬੇਖੌਫ਼ ਹੋ ਕੇ ਆਪਣੀਆਂ ਵੋਟਾਂ ਪਾਉਣ ਦੇਣ ਤਾਂ ਕਿ ਅਸਲ ਸਥਿਤੀ ਸਾਹਮਣੇ ਆ ਸਕੇ। ਆਪ ਆਗੂਆਂ ਨੇ ਕਿਹਾ ਕਿ ਹਾਕਮਾਂ 'ਤੇ ਲੱਗੇ ਗੰਭੀਰ ਦੋਸ਼ਾਂ ਤੋਂ ਪੰਜਾਬ ਦਾ ਬੱਚਾ-ਬੱਚਾ ਜਾਣੂੰ ਹੈ ਅਤੇ ਆਮ ਜਨਤਾ ਤੱਕ ਇਹ ਸਚਾਈ ਪਹੁੰਚਣ ਤੋਂ ਰੋਕਣ ਦੇ ਯਤਨ ਛੋਟੇ ਪੈ ਜਾਣਗੇ। ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੇ ਜਬਰ ਅਤੇ ਉਸਦੇ ਸਿਪਾਹਸਲਾਰਾਂ ਵੱਲੋਂ ਕੀਤੀ ਅਤੇ ਕਰਵਾਈ ਜਾ ਰਹੀਆਂ ਗੰਡਾਗਰਦੀ ਦੀ ਇਕੱਲੀ-ਇਕੱਲੀ ਖ਼ਬਰ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦੀ ਜਾਵੇਗੀ ਅਤੇ 2017 ਦੀ ਚੋਣ ਦੌਰਾਨ ਹਲਕਾ ਮਜੀਠਾ ਦੇ ਲੋਕ ਇਸ ਗੁੰਡਾਗਰਦੀ ਅਤੇ ਦਹਿਸ਼ਤ ਦੇ ਨਿਜ਼ਾਮ ਦਾ ਮੂੰਹ-ਤੋੜਵਾਂ ਜਵਾਬ ਦੇਣਗੇ।