5 Dariya News

ਸੁਖਦੇਵ ਸਿੰਘ ਕਾਹਲੋਂ ਨੇ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਦਾ ਅਹੁਦਾ ਸੰਭਾਲਿਆ

5 Dariya News

ਐਸ.ਏ.ਐਸ.ਨਗਰ (ਮੁਹਾਲੀ) 29-Dec-2016

ਐੱਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸੁਖਦੇਵ ਸਿੰਘ ਕਾਹਲੋਂ ਨੇ ਅੱਜ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ ਦੀ ਹਾਜ਼ਰੀ 'ਚ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਦੇ ਵਾਧੂ ਅਹੁਦੇ ਦਾ ਚਾਰਜ ਸੰਭਾਲ ਲਿਆ। ਪੰਜਾਬ ਸਰਕਾਰ ਨੇ ਸੁਤੰਤਰਤਾ ਸੈਨਾਨੀ ਦੇ ਸਪੁੱਤਰ, ਉੱਘੇ ਸਿੱਖਿਆ ਸ਼ਾਸਤਰੀ, ਗੁਰੂ ਨਾਨਕ ਯੂਨੀਵਰਸਿਟੀ ਦੇ ਗੋਲਡ ਮੈਡਸਿਲਟ, ਸਟੇਟ ਅਤੇ ਨੈਸ਼ਨਲ ਐਵਾਰਡੀ ਅਤੇ ਐੱਸ.ਸੀ.ਈ.ਆਰ ਟੀ ਦੇ ਡਾਇਰੈਕਟਰ ਸ. ਕਾਹਲੋਂ ਨੂੰ ਕਾਰਜਕਾਰੀ ਡਾਇਰੈਕਟਰ ਸਿੱਖਿਆ ਵਿਭਾਗ (ਸੈ ਸਿੱ) ਨਿਯੁਕਤ ਕੀਤਾ ਹੈ।ਜ਼ਿਲ੍ਹਾ ਗੁਰਦਾਸਪੁਰ ਸ਼ਹਿਰ ਫਤਿਹਗੜ੍ਹ ਚੂੜੀਆਂ ਵਿਖੇ ਸੁਤੰਤਰਤਾ ਸੈਨਾਨੀ ਸ. ਗੁਰਬਚਨ ਸਿੰਘ ਦੇ ਘਰ ਜਨਮੇ ਸ. ਸੁਖਦੇਵ ਸਿੰਘ ਕਾਹਲੋਂ ਨੇ ਐੱਮ.ਏ ਅੰਗਰੇਜ਼ੀ ਅਤੇ ਰਾਜਨੀਤੀ ਸ਼ਾਸਤਰ ਦੀ ਵਿੱਦਿਆ ਹਾਂਸਲ ਕੀਤੀ ਅਤੇ ਐੱਮ. ਐੱਡ. ਵਿੱਚ ਉਹ ਗੋਲਡ ਮੈਡਲਿਸਟ ਰਹੇ।ਸਿੱਖਿਆ ਵਿਭਾਗ ਵਿਚ ਉਹਨਾਂ ਬਤੌਰ ਸਕੂਲ ਮੁਖੀ ਬੇਹਤਰੀਨ ਸੇਵਾ ਕੀਤੀ ਜਿਸ ਦੇ ਸਿੱਟੇ ਵਜੋਂ ਉਹਨਾਂ ਨੂੰ ਸੰਨ 2003 ਵਿਚ ਸਟੇਟ ਐਵਾਰਡ ਨਾਲ਼ ਸਨਮਾਨਿਆ ਗਿਆ। ਸਿੱਖਿਆ ਦੇ ਖੇਤਰ ਵਿਚ ਵਿਸ਼ੇਸ਼ ਉਪਲਬਧੀਆਂ ਲਈ ਉਹਨਾਂ ਨੂੰ ਸੰਨ 2007 ਵਿਚ ਨੈਸ਼ਨਲ ਐਵਾਰਡ ਮਿਲਿਆ। ਬਤੌਰ ਡਾਇਰੈਕਟਰ ਐੱਸ ਸੀ ਈ ਆਰ ਟੀ ਕੰਮ ਕਰਦਿਆਂ ਉਹਨਾਂ ਨੇ 5ਵੀਂ ਅਤੇ ਅੱਠਵੀਂ ਦੀ ਪ੍ਰੀਖਿਆ, ਟੀਚਰ ਟ੍ਰੇਨਿੰਗ, ਪੰਜਾਬ ਟੈੱਟ ਦੀ ਪ੍ਰੀਖਿਆ, ਸਕੂਲਾਂ ਦੇ ਪਾਠਕ੍ਰਮ ਦੇ ਨਿਰਮਾਣ ਵਿਚ ਨਵੀਂਆਂ ਪਿਰਤਾਂ ਪਾਈਆਂ।

ਇਸ ਮੌਕੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦੇ ਹੋਏ ਸ. ਸੁਖਦੇਵ ਸਿੰਘ ਕਾਹਲੋਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ ਕਰਦਾ ਹਨ ਜਿਨ੍ਹਾਂ ਨੇ ਇਸ ਵੱਕਾਰੀ ਅਹੁਦੇ ਦੀ ਜ਼ਿੰਮੇਵਾਰੀ ਦੇ ਉਨ੍ਹਾਂ ਨੂੰ ਕਾਬਲ ਸਮਝਿਆ। ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਵਿਚ ਵਿੱਦਿਆ ਦੇ ਵਿਕਾਸ ਲਈ ਕਾਰਜਸ਼ੀਲ ਅਕਾਲੀ ਭਾਜਪਾ ਸਰਕਾਰ ਦੀਆਂ ਉਮੀਦਾਂ ਉੱਤੇ ਪੂਰਾ ਉਤਰਨ ਦੀ ਭਰਪੂਰ ਕੋਸ਼ਿਸ਼ ਕਰਨਗੇ। ਇਸ ਮੌਕੇ 'ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਜਨਕ ਰਾਜ ਮਹਿਰੋਕ ਵੱਲੋਂ ਸ. ਕਾਹਲੋਂ ਦੀ ਨਿਯੁਕਤੀ ਦਾ ਸੁਆਗਤ ਕਰਦਿਆਂ ਭਰੋਸਾ ਦਵਾਇਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ. ਕਾਹਲੋਂ ਨਾਲ਼ ਕਦਮ ਨਾਲ ਕਦਮ ਮਿਲ਼ਾ ਕੇ ਚੱਲਿਆ ਜਾਵੇਗਾ।ਇਸ ਮੌਕੇ 'ਤੇ ਸਿੱਖਿਆ ਸ਼ਾਸਤਰੀਆਂ ਅਤੇ ਸਿੱਖਿਆ ਵਿਭਾਗ ਨਾਲ਼ ਜੁੜੀਆਂ ਐਸੋਸੀਏਸ਼ਨਾ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ ਕਿ ਇਸ ਅਹੁਦੇ ਲਈ ਸਿੱਖਿਆ ਸ਼ਾਸਤਰੀ 'ਤੇ ਭਰੋਸਾ ਕਰਦਿਆਂ ਹੋਇਆਂ ਇਹ ਚੋਣ ਕੀਤੀ ਗਈ ਹੈ। ਇਸ ਮੌਕੇ 'ਤੇ ਗੁਰਪ੍ਰੀਤ ਕੌਰ ਧਾਲੀਵਾਲ (ਡਾਇਰੈਕਟਰ ਪ੍ਰਸ਼ਾਸ਼ਨ),ਵਧੀਕ ਸਟੇਟ ਪ੍ਰੋਜੈਕਟ ਡਾਇਰੈਕਟਰ ਡਾ. ਗੁਰਜੀਤ ਸਿੰਘ, ਡਿਪਟੀ ਡਾਇਰੈਕਟਰ ਡਾ. ਗਿੰਨੀ ਦੁੱਗਲ, ਮਨਿੰਦਰ ਸਿੰਘ ਸਰਕਾਰੀਆ, ਸ੍ਰੀ ਮਤੀ ਪਵਨਇੰਦਰ ਕੌਰ, ਸ. ਜਗਤਾਰ ਸਿੰਘ ਕੁਲੜੀਆ,ਸ. ਸ਼ੇਰ ਸਿੰਘ, ਹਰਪ੍ਰੀਤ ਇੰਦਰ ਸਿੰਘ ਖਾਲਸਾ, ਸ੍ਰੀ ਸੁਭਾਸ਼ ਮਹਾਜਨ, ਸ੍ਰੀ ਮਤੀ ਨਲਨੀ ਸ਼ਰਮਾ, ਵੋਕੇਸ਼ਨਲ ਸਿੱਖਿਆ ਦੇ ਸਲਾਹਕਾਰ ਬਲਜਿੰਦਰ ਸਿੰਘ ਹਾਂਡਾ, ਸਮੂਹ ਏ.ਡੀ.ਪੀ.ਆਈਜ਼ (ਸੈ ਸਿੱ), ਵਿਸ਼ਾ ਮਾਹਰ ਐੱਸ ਸੀ ਈ ਆਰ ਟੀ ਪੰਜਾਬ ਸ. ਰਣਬੀਰ ਸਿੰਘ, ਕੁਮਾਰੀ ਨਵਨੀਤ ਕੌਰ, ਸ੍ਰੀ ਕੁਲਦੀਪ ਵਰਮਾ, ਸ੍ਰੀ ਸੰਜੀਵ ਕਾਲੜਾ ਸਹਿਤ ਬਹੁਤ ਸਾਰੇ ਪਤਵੰਤੇ ਸੱਜਣ ਹਾਜਰ ਸਨ।