ਸ਼ਰਨਜੀਤ ਸਿੰਘ ਢਿੱਲੋਂ ਨੇ ਮੱਤੇਵਾੜਾ ਵਿਖੇ 'ਨੇਚਰ ਰਿਜ਼ਰਵ' ਖੇਤਰ ਦਾ ਉਦਘਾਟਨ
ਸਾਢੇ 5 ਕਰੋੜ ਰੁਪਏ ਦੀ ਲਾਗਤ ਵਾਲੇ ਪਾਰਕ ਅਤੇ ਗਾਰਡਨ ਕੀਤਾ ਲੋਕ ਅਰਪਿਤ , ਜੰਗਲੀ ਖੇਤਰ ਦੀ ਸੰਭਾਲ ਅਤੇ ਲੋਕਾਂ ਦੀ ਸਹੂਲਤ ਲਈ ਤਿਆਰ ਕੀਤਾ ਪ੍ਰੋਜੈਕਟ- ਸ਼ਰਨਜੀਤ ਸਿੰਘ ਢਿੱਲੋਂ
5 Dariya News (ਅਜੇ ਪਾਹਵਾ)
ਮੱਤੇਵਾੜਾ 27-Dec-2016
ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਸਥਾਨਕ ਵਿਸ਼ਾਲ ਜੰਗਲੀ ਖੇਤਰ ਵਿੱਚ ਪੰਜਾਬ ਸਰਕਾਰ ਵੱਲੋਂ ਤਿਆਰ ਕਰਵਾਏ ਗਏ 'ਨੇਚਰ ਰਿਜ਼ਰਵ' ਖੇਤਰ ਦਾ ਉਦਘਾਟਨ ਕੀਤਾ। ਸਾਢੇ ਪੰਜ ਕਰੋੜ ਰੁਪਏ ਦੀ ਲਾਗਤ ਵਾਲੇ ਇਸ ਮਹੱਤਵਪੂਰਨ ਪ੍ਰੋਜੈਕਟ ਤਹਿਤ ਤਿਆਰ ਕੀਤੇ ਗਏ 'ਬਟਰਫਲਾਈ ਪਾਰਕ' ਅਤੇ 'ਬੋਟੈਨੀਕਲ ਗਾਰਡਨ' ਨੂੰ ਲੋਕ ਅਰਪਿਤ ਕਰਨ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।ਇਸ ਪ੍ਰੋਜੈਕਟ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਦੇ ਜੰਗਲੀ ਖੇਤਰ ਨੂੰ ਬਚਾਉਣ ਅਤੇ ਇਸ ਜਗ੍ਹਾ ਨਾਲ ਲੋਕਾਂ ਦੀ ਨੇੜਤਾ ਨੂੰ ਵਧਾਉਣ ਦੇ ਮਕਸਦ ਨਾਲ ਇਥੇ ਇੱਕ 'ਨੇਚਰ ਰਿਜ਼ਰਵ' ਖੇਤਰ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਇੱਕ 'ਬਟਰਫਲਾਈ ਪਾਰਕ' ਅਤੇ ਇੱਕ 'ਬੋਟੈਨੀਕਲ ਗਾਰਡਨ' ਤਿਆਰ ਕੀਤਾ ਗਿਆ ਹੈ। ਜੋ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਲੋਕ ਅਰਪਿਤ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਇਥੇ ਇੱਕ 'ਇੰਟਰਪ੍ਰੀਟੇਟਿਵ ਸੈਂਟਰ' ਤਿਆਰ ਕੀਤਾ ਜਾਵੇਗਾ, ਜੋ ਕਿ ਹਾਲੇ ਨਿਰਮਾਣ ਅਧੀਨ ਹੈ। ਇਹ ਵੀ ਜਲਦ ਹੀ ਤਿਆਰ ਕਰਕੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਚਾਲੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਇਸ ਖੇਤਰ ਵਿੱਚ 'ਲਾਇਨ ਸਫ਼ਾਰੀ' ਵੀ ਸਥਾਪਤ ਕੀਤੀ ਜਾਵੇਗੀ। ਜਿਸ 'ਤੇ ਜਲਦ ਹੀ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਜਿੱਥੇ ਬਟਰਫਲਾਈ ਪਾਰਕ ਵਿੱਚ ਅਜਿਹੇ ਫੁੱਲ ਅਤੇ ਪੌਦੇ ਲਗਾਏ ਗਏ, ਜਿਨ੍ਹਾਂ 'ਤੇ ਰੰਗ ਬਿਰੰਗੀਆਂ ਤਿਤਲੀਆਂ ਆ ਕੇ ਮੰਡਰਾਇਆ ਕਰਨਗੀਆਂ, ਉਥੇ ਬੋਟੈਨੀਕਲ ਗਾਰਡਨ ਵਿੱਚ ਅਜਿਹੀਆਂ ਜੜ੍ਹੀਆਂ ਬੂਟੀਆਂ ਅਤੇ ਦਰੱਖ਼ਤ ਲਗਾਏ ਗਏ ਹਨ, ਜੋ ਕਿ ਲੋਕਾਂ ਨੂੰ ਮੈਡੀਕਲੀ ਬਹੁਤ ਲਾਹੇਵੰਦ ਸਾਬਿਤ ਹੋਣਗੇ। ਇਹ ਦੋਵੇਂ ਪਾਰਕ ਅਤੇ ਗਾਰਡਨ ਕਰੀਬ 17 ਏਕੜ ਖੇਤਰ ਵਿੱਚ ਤਿਆਰ ਕਰਵਾਏ ਗਏ ਹਨ। ਇਸ ਮੌਕੇ ਉਨ੍ਹਾਂ ਦੋਵੇਂ ਪ੍ਰੋਜੈਕਟਾਂ ਦਾ ਦੌਰਾ ਵੀ ਕੀਤਾ ਅਤੇ ਲੋਕਾਂ ਨਾਲ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਗੁਰਚਰਨ ਸਿੰਘ ਮੇਹਰਬਾਨ ਅਤੇ ਹੋਰ ਕਈ ਪ੍ਰਮੁੱਖ ਸਖ਼ਸੀਅਤਾਂ ਹਾਜ਼ਰ ਸਨ।