5 Dariya News

9 ਸੂਤਰੀ ਏਜੰਡਾ 'ਪਵਿੱਤਰ' ਹੋਣ ਦੇ ਅਮਰਿੰਦਰ ਸਿੰਘ ਦੇ ਦਾਅਵੇ ਦਾ ਅਕਾਲੀ ਦਲ ਨੇ ਮਖੌਲ ਉਡਾਇਆ

ਤੁਸੀਂ ਵਿਸ਼ਵਾਸਯੋਗ ਨਹੀਂ, ਆਪਣੀ ਕਹੇ 'ਤੇ ਖਰ੍ਹੇ ਨਹੀਂ ਉਤਰਦੇ : ਮਨਜਿੰਦਰ ਸਿੰਘ ਸਿਰਸਾ

5 Dariya News

ਚੰਡੀਗੜ੍ਹ 27-Dec-2016

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਦਾ 9 ਸੂਤਰੀ ਏਜੰਡਾ 'ਪਵਿੱਤਰ' ਹੋਣ ਦੇ ਦਾਅਵੇ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਤੁਸੀਂ ਵਿਸ਼ਵਾਸਯੋਗ ਨਹੀਂ ਹੋ ਤੇ ਆਪਣੇ ਕਹੇ 'ਤੇ ਕਦੇ ਖਰ੍ਹੇ ਨਹੀਂ ਉਤਰਦੇ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਵਿਅਕਤੀ ਦੇ ਕਰਮ ਹੀ ਹੁੰਦੇ ਹਨ ਜਿਸ ਤੋਂ ਉਸਦਾ ਲੋਕਾਂ ਵਿਚ ਅਕਸ ਬਣਦਾ ਹੈ। ਉਹਨਾ ਕਿਹਾ ਕਿ ਉਹਨਾਂ ਨੇ 2002-07 ਦੌਰਾਨ ਮੁੱਖ ਮੰਤਰੀ ਹੁੰਦਿਆਂ ਤੁਸੀਂ ਲੋਕਾਂ ਨੂੰ ਧੋਖਾ ਦਿੱਤਾ। ਉਹਨਾਂ ਕਿਹਾ ਕਿ ਜੋ ਤੁਸੀਂ 2002 ਦੀਆਂ ਚੋਣਾਂ ਵਿਚ ਵਾਅਦੇ ਕੀਤੇ ਸਨ, ਮੁੱਖ ਮੰਤਰੀ ਦੀ ਜ਼ਿੰਮੇਵਾਰੀ ਮਿਲਦਿਆਂ ਹੀ ਉਸ ਤੋਂ ਉਲਟ ਕੰਮ ਕੀਤੇ। ਉਹਨਾਂ ਕਿਹਾ ਕਿ ਅਜਿਹੇ ਵਿਚ ਲੋਕਾਂ ਨੇ ਮਹਿਸੂਸ ਕਰ ਲਿਆ ਹੈ ਕਿ ਤੁਸੀਂ ਵਾਅਦੇ ਦੇ ਪੱਕੇ ਇਨਸਾਨ ਨਹੀਂ ਹੋ ਤੇ ਆਪਣੇ ਕਹੇ 'ਤੇ ਖਰ੍ਹੇ ਨਹੀਂ ਉਤਰਦੇ, ਇਸ ਲਈ ਹੁਣ ਤੁਹਾਡੇ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।ਸ੍ਰੀ ਸਿਰਸਾ ਨੇ ਕਿਹਾ ਕਿ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਤੁਹਾਡੇ 9 ਨੁਕਾਤੀ ਏਜੰਡੇ ਵਿਚ ਅਜਿਹੀਆਂ ਮੱਦਾਂ ਸ਼ਾਮਲ ਹਨ ਜੋ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਵਿਚ ਵੀ ਨਹੀਂ ਆਉਂਦੀਆਂ। 

ਜਿਵੇਂ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ ਕਿਸੇ ਵੀ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਦੇ ਵੱਸ ਦੀ ਗੱਲ ਨਹੀਂ ਅਤੇ ਤੁਸੀਂ ਖੁਦ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ  ਨੂੰ ਮਿਲ ਕੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਮੰਗ ਕਰਨ ਵਾਲੇ ਵਫਦ ਦਾ ਹਿੱਸਾ ਸੀ, ਤਾਂ ਫਿਰ ਤੁਸੀਂ ਕਰਜ਼ਾ ਮੁਆਫ ਕਰਨ ਦੇ ਦਾਅਵੇ ਕਿਸ ਆਧਾਰ 'ਤੇ ਕਰ ਸਕਦੇ ਹੋ ?ਉਹਨਾਂ ਕਿਹਾ ਕਿ ਏਜੰਡੇ ਵਿਚ ਕੁਝ ਵਾਅਦੇ ਅਜਿਹੇ ਹਨ ਜੋ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਨੇ ਸੂਬੇ ਵਿਚ ਲਾਗੂ ਕੀਤੇ ਹੋਏ ਹਨ ਅਤੇ ਅਜਿਹੇ ਵਿਚ ਤੁਹਾਡੇ ਕੋਲ ਲੋਕਾਂ ਨੂੰ ਦੇਣ ਲਈ ਨਵਾਂ ਕੁਝ ਨਹੀਂ  ਹੈ। ਉਹਨਾਂ ਕਿਹਾ ਕਿ ਅਜਿਹੇ ਵਿਚ ਆਪਣੇ ਏਜੰਡੇ ਨੂੰ 'ਪਵਿੱਤਰ' ਕਰਾਰ ਦੇਣਾ ਇਸ ਸ਼ਬਦ ਦਾ ਹੀ ਅਪਮਾਨ ਕਰਨ ਵਾਲੀ ਗੱਲ ਹੈ।ਅਕਾਲੀ ਆਗੂ ਨੇ ਸਾਬਕਾ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਦੋਸ਼ ਪ੍ਰਤੀਦੋਸ਼ ਲਾਉਣ ਦੀ ਥਾਂ ਉਹਨਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਕਿ ਪਿਛਲੇ 10 ਸਾਲਾਂ ਦੌਰਾਨ ਅਕਾਲੀ ਦਲ-ਭਾਜਪਾ ਗਠਜੋੜ ਨੇ ਬਹੁਤ ਚੰਗਾ ਕੰਮ ਕੀਤਾ ਹੈ ਜੋ ਉਹ ਖੁਦ ਨਹੀਂ ਕਰ ਸਕੇ ਤੇ ਨਾ ਹੀ ਕਰ ਸਕਦੇ ਹਨ। ਉਹਨਾ ਕਿਹਾ ਕਿ ਇਸ ਲਈ ਚੰਗਾ ਹੋਵੇਗਾ ਕਿ ਉਹ ਚੋਣਾਂ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਹੀ ਹਾਰ ਕਬੂਲ ਲੈਣ ਕਿਉਂਕਿ ਰਾਜ ਦੇ ਲੋਕਾਂ ਨੇ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਲਗਾਤਾਰ ਤੀਜੀ ਵਾਰ ਰਾਜ ਚਲਾਉਣ ਦੀ ਜ਼ਿੰਮੇਵਾਰੀ ਦੇਣ ਦਾ ਮਨ ਬਣਾ ਲਿਆ ਹੈ ਤਾਂ ਕਿ ਰਾਜ ਨੂੰ ਵਿਕਾਸ ਦੀ ਨਵੀਂ ਬੁਲੰਦੀ 'ਤੇ ਲਿਜਾਇਆ ਜਾ ਸਕੇ ਤੇ ਲੋਕਾਂ ਦੀ ਭਲਾਈ ਹੋ ਸਕੇ।