ਪੰਜਾਬ ਮੰਡੀ ਬੋਰਡ ਵੱਲੋਂ 3698 ਕਰੋੜ ਦੀ ਲਾਗਤ ਨਾਲ 34916 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ , ਚੌੜਾ ਅਤੇ ਮਜਬੂਤ ਕੀਤਾ : ਤੇਜਿੰਦਰ ਪਾਲ ਸਿੰਘ ਸਿੱਧੂ
ਸੜਕ ਦੇ ਬਣਨ ਨਾਲ ਲਾਂਡਰਾਂ ਟੀ ਪੁਆਇੰਟ ਤੇ ਹੋਵੇਗੀ ਆਵਾਜਾਈ ਸੁਖਾਲੀ : ਬੀਬੀ ਪਰਮਜੀਤ ਕੌਰ ਲਾਂਡਰਾਂ
5 Dariya News
ਐਸ.ਏ.ਐਸ. ਨਗਰ (ਮੁਹਾਲੀ) 19-Dec-2016
ਪੰਜਾਬ ਮੰਡੀ ਬੋਰਡ ਵੱਲੋਂ ਰਾਜ ਵਿੱਚ ਲੋਕਾਂ ਨੂੰ ਬਿਹਤਰ ਆਵਾਜਾਈ ਦੀਆ ਸਹੂਲਤਾਂ ਪ੍ਰਦਾਨ ਕਰਨ ਲਈ 3698 ਕਰੋੜ ਰੁਪਏ ਦੀ ਲਾਗਤ ਨਾਲ 34916 ਕਿਲੋਮੀਟਰ ਲਿੰਕ ਸੜਕਾਂ ਮੁਰੰਮਤ , ਚੌੜਾ ਅਤੇ ਮਜਬੂਤ ਕੀਤਾ ਗਿਆ ਹੈ। ਇਨਾਂਹ ਵਿੱਚੋਂ 32268 ਕਿਲੋਮੀਟਰ ਸੜਕਾਂ ਦੀ ਮੁਰੰਮਤ ਕੀਤੀ ਜਾ ਚੁੱਕੀ ਹੈ ਅਤੇ ਬਕਾਇਆ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ। ਜਿਹੜਾ ਕਿ ਜਲਦੀ ਹੀ ਮੁਕੰਮਲ ਹੋ ਜਾਵੇਗਾ। ਇਸ ਗੱਲ ਦੀ ਜਾਣਕਾਰੀ ਸਕੱਤਰ ਮੰਡੀ ਬੋਰਡ ਪੰਜਾਬ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਨੇੜਲੇ ਪਿੰਡ ਲਾਂਡਰਾਂ ਵਿਖੇ 24 ਲੱਖ 12 ਹਜਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਣ ਮੌਕੇ ਦਿੱਤੀ।ਸ੍ਰੀ ਸਿੱਧੂ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਰਾਜ ਵਿੱਚ 61436 ਕਿਲੋਮੀਟਰ ਲਿੰਕ ਸੜਕਾਂ ਅਤੇ 1836 ਮੰਡੀਆ ਅਤੇ ਖਰੀਦ ਕੇਂਦਰਾਂ ਦੀ ਸਾਂਭਸੰਭਾਲ ਕਰਦਾ ਹੈ। ਉਨਾਂ੍ਹ ਦੱਸਿਆ ਕਿ ਰਾਜ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ 1347 ਕਿਲੋਮੀਟਰ ਲਿੰਕ ਸੜਕਾਂ ਨੂੰ 10 ਤੋਂ 18 ਫੁੱਟ ਚੌੜਾ ਅਤੇ ਮਜਬੂਤ ਕਰਨ ਲਈ 867.85 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸ੍ਰੀ ਸਿੱਧੂ ਨੇ ਦੱਸਿਆ ਕਿ ਰਾਜ ਵਿੱਚ ਕਿਸਾਨਾਂ ਦੀ ਸਹੂਲਤ ਲਈ ਦਾਣਾ ਮੰਡੀਆ ਦੀ ਨਵੀ ਉਸਾਰੀ ਅਪਗਰੇਡੇਸ਼ਨ ਕਰਨ ਲਈ ਪੰਜਾਬ ਮੰਡੀ ਬੋਰਡ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ 379.73 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਮੰਡੀਆ ਦੀ ਕਾਇਆ ਕਲਪ ਕੀਤੀ ਗਈ ਹੈ।
ਸ੍ਰੀ ਸਿੱਧੂ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਰਾਜ ਦੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਤਹਿਤ ਕਣਕ, ਝੋਨੇ ਤੋਂ ਹੱਟ ਕੇ ਮੱਕੀ ਦੀ ਬਿਜਾਈ ਲਈ ਉਤਸ਼ਾਹਿਤ ਕਰਨ ਲਈ ਰਾਜ ਵਿੱਚ 19.40 ਕਰੋੜ ਰੁਪਏ ਦੀ ਲਾਗਤ ਵਾਲੇ ਮੱਕੀ ਸੁਕਾਉਣ ਦੇ ਅਧੁਨਿਕ ਪਲਾਂਟ ਲਗਾਏ ਗਏ ਹਨ ਤਾਂ ਜੋ ਕਿਸਾਨਾਂ ਨੂੰ ਵੱਧ ਤੋਂ ਵੱਧ ਭਾਅ ਮਿਲ ਸਕਣ ਅਤੇ ਮੱਕੀ ਦੀ ਫਸਲ ਮੁਨਾਫੇਦਾਰ ਸਾਬਤ ਹੋ ਸਕੇ।ਇਸ ਮੌਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸ਼ਨ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਲਾਂਡਰਾਂ ਵਿਖੇ ਬਣਨ ਵਾਲੀ ਸੜਕ ਨਾਲ ਲਾਂਡਰਾਂ ਟੀ-ਪੁਆਇੰਟ ਤੇ ਆਵਾਜਾਈ ਸੁਖਾਲੀ ਹੋਵੇਗੀ ਅਤੇ ਲਾਂਡਰਾਂ ਤੋਂ ਖਰੜ ਜਾਣ ਲਈ ਅਤੇ ਖਰੜ ਤੋਂ ਮੋਹਾਲੀ ਆਉਣ ਵਾਲੇ ਵਾਹਨ ਇਸ ਸੜਕ ਰਾਹੀਂ ਆ ਜਾ ਸਕਣਗੇ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਵੱਲੋਂ ਬਣਾਈ ਜਾਣ ਵਾਲੀ ਸੜਕ ਇੱਕ ਬਾਈਪਾਸ ਦਾ ਕੰਮ ਕਰੇਗੀ। ਇਸ ਮੌਕੇ ਚੇਅਰਮੈਨ ਬਲਾਕ ਸਮੰਤੀ ਖਰੜ ਰੇਸਮ ਸਿੰਘ ਬੈਰੋਪੁਰ, ਐਸ.ਸੀ. ਮੰਡੀ ਬੋਰਡ ਟੀ.ਐਲ. ਗਰਗ, ਐਕਸੀਅਨ ਇੰਦਰਜੀਤ ਸਿੰਘ ਬਰਾੜ, ਐਸ.ਡੀ.ਓ ਗੁਰਮੀਤ ਸਿੰਘ, ਸਰਪੰਚ ਗੁਲਜਾਰ ਸਿੰਘ ਔਜਲਾ, ਸਾਬਕਾ ਸਰਪੰਚ ਸੁੰਦਰ ਸਿੰਘ ਸਮੇਤ ਪਿੰਡ ਦੇ ਹੋਰ ਪਤਵੰਤੇ ਵੀ ਮੌਜੂਦ ਸਨ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸਕੱਤਰ ਮੰਡੀ ਬੋਰਡ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਨੂੰ ਵਿਸ਼ੇਸ ਤੋਰ ਤੇ ਸਨਮਾਨਿਤ ਵੀ ਕੀਤਾ।