5 Dariya News

ਖੇਤੀਬਾੜੀ ਨੂੰ ਮੁਨਾਫਾਬਖਸ਼ ਧੰਦੇ ਵਿੱਚ ਤਬਦੀਲ ਕਰਨ ਲਈ ਰਾਹ ਦਸੇਰਾ ਸਿੱਧ ਹੋਵੇਗਾ ਕਿਸਾਨ ਵਿਕਾਸ ਚੈਂਬਰ- ਪਰਕਾਸ਼ ਸਿੰਘ ਬਾਦਲ

ਮੁੱਖ ਮੰਤਰੀ ਵੱਲੋਂ ਮੁਹਾਲੀ ਵਿਖੇ 20 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਕਿਸਾਨ ਵਿਕਾਸ ਚੈਂਬਰ ਦਾ ਉਦਘਾਟਨ

5 Dariya News

ਐਸ.ਏ.ਐਸ. ਨਗਰ (ਮੁਹਾਲੀ) 15-Dec-2016

ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਕਿਸਾਨ ਸਲਾਹਕਾਰੀ ਸੰਸਥਾ ਪੰਜਾਬ ਕਿਸਾਨ ਵਿਕਾਸ ਚੈਂਬਰ (ਪੀ.ਕੇ.ਵੀ.ਸੀ.) ਖੇਤੀ ਅਤੇ ਖੇਤੀ ਸਹਾਇਕ ਗਤੀਵਿਧੀਆਂ ਨੂੰ ਮੁਨਾਫਾਬਖਸ਼ ਧੰਦਿਆਂ ਵਿੱਚ ਬਦਲਣ ਲਈ ਕਾਰਗਰ ਭੂਮਿਕਾ ਨਿਭਾਏਗਾ।ਅੱਜ ਇੱਥੇ ਐਰੋਸਿਟੀ ਵਿਖੇ ਦੋ ਏਕੜ ਰਕਬੇ ਵਿੱਚ 20 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੀ ਵਿਕਾਸ ਚੈਂਬਰ ਦਾ ਉਦਘਾਟਨ ਕਰਨ ਤੋਂ ਬਾਅਦ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਗੈਰ-ਸਰਕਾਰੀ ਸੰਸਥਾ ਹੈ ਜੋ ਲੜਖੜਾ ਰਹੀ ਖੇਤੀ ਆਰਥਿਕਤਾ ਨੂੰ ਮੁੜ ਪੈਰਾਂ 'ਤੇ ਲਿਆਉਣ ਲਈ ਢੁਕਵਾਂ ਮੰਚ ਮੁਹੱਈਆ ਕਰਵਾਏਗਾ। ਇੱਥੇ ਦੇਸ਼ ਅਤੇ ਸੂਬਾ ਭਰ ਦੇ ਉੱਘੇ ਖੇਤੀ ਮਾਹਿਰ ਅਤੇ ਅਰਥਸ਼ਾਸ਼ਤਰੀ ਖੇਤੀਬਾੜੀ ਅਤੇ ਸਬੰਧਤ ਧੰਦਿਆਂ ਬਾਰੇ ਨੀਤੀਆਂ ਨੂੰ ਦਰੁਸਤ ਕਰਨ ਲਈ ਆਪਣੇ ਵਿਚਾਰ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਹ ਕਿਸਾਨ ਖੁਦਮੁਖਤਿਆਰ ਸੰਸਥਾ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਕੇਂਦਰੀ ਪੱਧਰ 'ਤੇ ਉਠਾਉਣ ਲਈ ਸਹਾਈ ਹੋਵੇਗਾ। ਸ. ਬਾਦਲ ਨੇ ਕਿਹਾ ਕਿ ਇਹ ਚੈਂਬਰ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.), ਪੀ.ਐਚ.ਡੀ. ਚੈਂਬਰ ਆਫ ਕਾਮਰਸ, ਐਸੋਸੀਏਟਿਡ ਚੈਂਬਰ ਆਫ ਕਾਮਰਸ ਆਫ ਇੰਡੀਆ (ਐਸ਼ੋਚੈਮ) ਅਤੇ ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੀ ਤਰਜ਼ 'ਤੇ ਬਣਾਇਆ ਗਿਆ ਹੈ ਜੋ ਕਿ ਖੇਤੀਬਾੜੀ ਤੇ ਖੇਤੀ ਸਹਾਇਕ ਧੰਦਿਆਂ ਨਾਲ ਸਬੰਧਤ ਨੀਤੀਆਂ ਤੇ ਪ੍ਰੋਗਰਾਮਾਂ ਵਿੱਚ ਕਿਸਾਨਾਂ ਦੀ ਅਰਸਦਾਇਕ ਭੂਮਿਕਾ ਮੁਹੱਈਆ ਕਰਵਾਏਗਾ।

ਸ. ਬਾਦਲ ਨੇ ਉਮੀਦ ਜ਼ਾਹਰ ਕੀਤੀ ਕਿ ਕਿਸਾਨ ਵਿਕਾਸ ਚੈਂਬਰ ਨਾ ਸਿਰਫ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਨੀਤੀਆਂ ਵਿੱਚ ਆਪਣੀ ਪ੍ਰਭਾਵੀ ਦਖ਼ਲਅੰਦਾਜ਼ੀ ਕਰੇਗਾ ਸਗੋਂ ਕੇਂਦਰੀ ਪੱਧਰ 'ਤੇ ਫਸਲਾਂ ਦੇ ਲਾਹੇਵੰਦ ਘੱਟੋ-ਘੱਟ ਸਮਰਥਨ ਮੁੱਲ ਦੀ ਪ੍ਰਾਪਤੀ ਲਈ ਵੀ ਆਪਣੀਆਂ ਸਿਫਾਰਸ਼ਾਂ ਪੇਸ਼ ਕਰੇਗਾ। ਇਸ ਤੋਂ ਇਲਾਵਾ ਖਾਦਾਂ, ਕੀਟਨਾਸ਼ਕਾਂ, ਨਦੀਨਨਾਸ਼ਕਾਂ ਦੇ ਵੀ ਭਾਅ ਨਿਸ਼ਚਤ ਕਰਾਉਣ ਲਈ ਆਪਣਾ ਪੱਖ ਰੱਖੇਗਾ ਤਾਂ ਜੋ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ ਜੋ ਇਸ ਵੇਲੇ ਗੰਭੀਰ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਸ ਚੈਂਬਰ ਵਿੱਚ ਦੇਸ਼ ਦੇ ਖੇਤੀ ਮਾਹਿਰਾਂ ਅਤੇ ਖੇਤੀ ਅਰਥਸ਼ਾਸ਼ਤਰੀਆਂ ਵੱਲੋਂ ਨਵੇਂ ਵਿਚਾਰਾਂ ਤੇ ਨਵੀਨ ਤਕਨੀਕਾਂ ਬਾਰੇ ਵੀ ਸਮੇਂ-ਸਮੇਂ 'ਤੇ ਵਿਚਾਰ ਕੀਤਾ ਜਾਵੇਗਾ ਜਿਸ ਨਾਲ ਕਿਸਾਨਾਂ ਤੇ ਡੇਅਰੀ, ਸ਼ਹਿਦ ਦੀਆਂ ਮੱਖੀਆਂ ਪਾਲਣ, ਸੂਰ ਪਾਲਣ, ਮੱਛੀ ਪਾਲਣ, ਬਾਗਬਾਨੀ ਆਦਿ ਵਰਗੇ ਖੇਤੀ ਸਹਾਇਕ ਧੰਦਿਆਂ ਨਾਲ ਜੁੜੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ। ਇਹ ਗਿਆਨ ਹਾਸਲ ਕਰਕੇ ਉਹ ਆਪਣੀ ਆਰਥਿਕਤਾ ਸੁਧਾਰ ਸਕਣਗੇ ਅਤੇ ਉਨ੍ਹਾਂ ਦੇ ਸਮਾਜਿਕ ਤੇ ਆਰਥਿਕ ਰੁਤਬੇ ਵਿੱਚ ਪਰਿਵਰਤਨ ਆਵੇਗਾ। ਚੈਂਬਰ ਦੇ ਸਰਪ੍ਰਸਤ ਅਤੇ ਪ੍ਰਧਾਨ ਨੂੰ ਆਖਿਆ ਕਿ  ਉਹ ਕਿਸਾਨਾਂ ਦੀ ਆਮਦਨ ਵਧਾਉਣ ਲਈ ਫੂਡ ਪ੍ਰੋਸੈਸਿੰਗ ਦੇ ਖੇਤਰ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ।ਮੁੱਖ ਮੰਤਰੀ ਨੇ ਕਿਹਾ ਕਿ ਇਹ ਗੈਰ-ਸਰਕਾਰੀ ਸੰਸਥਾ ਪੂਰੀ ਤਰ੍ਹਾਂ ਕਿਸਾਨੀ ਭਾਈਚਾਰੇ ਨੂੰ ਸਮਰਪਿਤ ਹੋਵੇਗੀ। ਖੇਤੀਬਾੜੀ ਤੇ ਸਹਾਇਕ ਧੰਦਿਆਂ ਨਾਲ ਸਬੰਧਤ ਉੱਘੇ ਵਿਦਵਾਨਾਂ ਅਤੇ ਮਾਹਿਰਾਂ ਨੂੰ ਇਸ ਸੰਸਥਾ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ ਪੰਜਾਬ ਕਿਸਾਨ ਕਮਿਸ਼ਨਰ ਦੇ ਚੇਅਰਮੈਨ ਡਾ. ਜੀ.ਐਸ. ਕਾਲਕਟ ਜੋ ਕਿ ਇਸ ਦੇ ਸਰਪ੍ਰਸਤ ਵੀ ਹਨ, ਦੀ ਅਗਵਾਈ ਵਿੱਚ ਬੁਲੰਦੀਆਂ ਨੂੰ ਛੂਹੇਗੀ। ਉੱਘੇ ਅਗਾਂਹਵਧੂ ਕਿਸਾਨ ਸ੍ਰੀ ਕੁਲਵੰਤ ਸਿੰਘ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ ਹੈ। 

ਸ. ਬਾਦਲ ਨੇ ਕਿਹਾ ਕਿ ਇਸ ਚੈਂਬਰ ਦੀ ਇਮਾਰਤ ਲਈ 20 ਕਰੋੜ ਰੁਪਏ ਖਰਚ ਕੀਤੇ ਹਨ ਅਤੇ ਇਸ ਦੇ ਖਰਚਿਆਂ ਲਈ 10 ਕਰੋੜ ਰੁਪਏ ਦਾ ਕਾਰਪਸ ਫੰਡ ਬਣਾਇਆ ਹੈ।ਸ. ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਵਿਚਾਰ-ਵਟਾਂਦਰੇ ਲਈ ਮੰਚ ਮੁਹੱਈਆ ਕਰਵਾਉਣ ਵਾਸਤੇ ਇਹ ਸੰਸਥਾ ਬਣਾਈ ਗਈ ਹੈ ਤਾਂ ਜੋ ਆਪਣੇ ਮੁੱਦਿਆਂ ਨੂੰ ਫੌਰੀ ਹੱਲ ਲਈ ਢੁਕਵੇਂ ਪੱਧਰ 'ਤੇ ਉਠਾ ਸਕਣ। ਸ. ਬਾਦਲ ਨੇ ਕਿਹਾ ਕਿ ਇਹ ਚੈਂਬਰ ਖੇਤੀ ਸੈਕਟਰ ਨਾਲ ਜੁੜੇ ਮਾਮਲਿਆਂ ਬਾਰੇ ਉੱਘੇ ਖੇਤੀਬਾੜੀ ਮਾਹਿਰਾਂ ਦੀਆਂ ਸਲਾਹਾਂ ਹਾਸਲ ਕਰਨ ਲਈ ਉਨ੍ਹਾਂ ਦੀਆਂ ਸੇਵਾਵਾਂ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਅਸਰਦਾਇਕ ਤੇ ਨਤੀਜਾਮੁਖੀ ਤਰੀਕੇ ਨਾਲ ਆਪਣੇ ਦਾਅਵਿਆਂ ਨੂੰ ਕੇਂਦਰ ਤੇ ਸੂਬਾ ਸਰਕਾਰ ਕੋਲ ਪੇਸ਼ ਕੀਤਾ ਜਾ ਸਕੇਗਾ।ਇਸੇ ਤਰ੍ਹਾਂ ਹੀ ਅੰਤਰ-ਰਾਜੀ ਮੰਡੀਕਰਨ ਅਤੇ ਬਰਾਮਦ ਨੀਤੀਆਂ ਸਬੰਧੀ ਮੁੱਦਿਆਂ ਬਾਰੇ ਕਾਨੂੰਨੀ ਸਲਾਹ ਹਾਸਲ ਕਰਨ ਲਈ ਕਾਨੂੰਨੀ ਮਾਹਿਰਾਂ ਦੀ ਮਦਦ ਲਈ ਜਾਵੇਗੀ।ਇਸ ਮੌਕੇ 'ਤੇ ਪੰਜਾਬ ਵਿਕਾਸ ਚੈਂਬਰ ਦੇ ਸਰਪ੍ਰਸਤ ਡਾ. ਕਾਲਕਟ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਇਹ ਚੈਂਬਰ ਮੁੱਖ ਮੰਤਰੀ ਦੇ ਦਿਮਾਗ ਦੀ ਕਾਢ ਹੈ ਜੋ ਕਿ ਮੌਜੂਦਾ ਖੇਤੀ ਸੰਕਟ ਹੱਲ ਕਰਨ ਲਈ ਬਹੁਤ ਜ਼ਿਆਦਾ ਫਿਕਰਮੰਦ ਹੋਣ ਦੇ ਨਾਲ-ਨਾਲ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਸਾਡੀ ਨਿਗਰਦੀ ਜਾ ਰਹੀ ਖੇਤੀ ਆਰਥਿਕਤਾ ਨੂੰ ਪੱਕੇ ਪੈਰੀਂ ਕਰਨ ਵਿਚ ਮਦਦ ਮਿਲੇਗੀ। ਡਾ. ਕਾਲਕਟ ਨੇ ਫਸਲੀ ਵਿਭਿੰਨਤਾ ਨੂੰ ਅਪਣਾਉਣ ਲਈ ਉਤਸ਼ਾਹਤ ਕਰਨ ਵਾਸਤੇ ਕਿਸਾਨਾਂ ਨੂੰ ਸਬਸਿਡੀ ਅਧਾਰਿਤ ਥੋੜ੍ਹੀ ਮਿਆਦ ਦੇ ਕਰਜ਼ੇ ਦੇਣ ਦੀ ਲੋੜ  ਦਿੱਤਾ।ਇਸ ਮੌਕੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ, ਵਿਧਾਇਕ ਸ੍ਰੀ ਐਨ.ਕੇ ਸ਼ਰਮਾ, ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ਐਨ.ਐਸ. ਕਲਸੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੱਖ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ, ਸਕੱਤਰ ਮੰਡੀ ਬੋਰਡ ਸ੍ਰੀ ਟੀ.ਪੀ.ਐਸ. ਸਿੱਧੂ, ਸਕੱਤਰ ਸਿੰਜਾਈ ਸ੍ਰੀ ਕਾਹਨ ਸਿੰਘ ਪੰਨੂ, ਖੇਤੀਬਾੜੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ, ਪੰਜਾਬ ਕਿਸਾਨ ਵਿਕਾਸ ਚੈਂਬਰ ਦੇ ਪ੍ਰਧਾਨ ਸ੍ਰੀ ਕੁਲਵੰਤ ਸਿੰਘ, ਨਗਰ ਨਿਗਮ ਮੁਹਾਲੀ ਦੇ ਮੇਅਰ ਸ੍ਰੀ ਕੁਲੰਵਤ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ.ਮਾਂਗਟ ਅਤੇ ਜ਼ਿਲਾ੍ਹ ਪੁਲੀਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਵੱਖ ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਅਗਾਂਹਵਧੂ ਕਿਸਾਨ ਵੀ ਸ਼ਾਮਲ ਹੋਏ।