5 Dariya News

ਹਰਸਿਮਰਤ ਕੌਰ ਬਾਦਲ ਵਲੋਂ ਮੌੜ 'ਚ ਨਵੇਂ ਤਹਿਸੀਲ ਕੰਪਲੈਕਸ ਅਤੇ 66 ਕੇ.ਵੀ. ਸਬ-ਸਟੇਸ਼ਨ ਦਾ ਉਦਘਾਟਨ

ਲੋਕਾਂ ਨਾਲ ਕੀਤੇ ਹਰ ਵਾਅਦੇ 'ਤੇ ਖਰੀ ਉਤਰੀ ਪੰਜਾਬ ਸਰਕਾਰ : ਜਨਮੇਜਾ ਸਿੰਘ ਸੇਖੋਂ

5 Dariya News

ਮੌੜ (ਬਠਿੰਡਾ) 13-Dec-2016

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ. ਜਨਮੇਜਾ ਸਿੰਘ ਸੇਖੋਂ ਨੇ ਮੌੜ ਸ਼ਹਿਰ ਅੰਦਰ 6.70 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਆਧੁਨਿਕ ਸਹੂਲਤਾਂ ਨਾਲ ਲੈਸ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਕੰਪਲੈਕਸ ਲੋਕਾਂ ਦੇ ਰੋਜ਼ਮਰਾ ਦੇ ਕੰਮਾਂ ਲਈ ਵੱਡੀ ਸਹੂਲਤ ਵਜੋਂ ਸਥਾਪਤ ਹੋਵੇਗਾ।ਚਾਰ ਏਕੜ ਰਕਬੇ 'ਚ ਫੈਲੇ ਦੋ ਮੰਜ਼ਿਲਾ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨ ਉਪਰੰਤ ਸ਼੍ਰੀਮਤੀ ਬਾਦਲ ਨੇ ਦੱਸਿਆ ਕਿ ਨਵਾਂ ਤਹਿਸੀਲ ਕੰਪਲੈਕਸ ਵੱਖ-ਵੱਖ ਅਧਿਕਾਰੀਆਂ ਦੇ ਦਫ਼ਤਰਾਂ, ਲੋਕਾਂ ਦੀ ਸਹੂਲਤ ਲਈ ਵੇਟਿੰਗ ਰੂਮ ਆਦਿ ਨਾਲ ਲੈਸ ਹੈ ਜਿਸ ਦਾ ਮੌੜ ਅਤੇ ਲਾਗਲੇ ਪਿੰਡਾਂ ਦੇ ਵਸਨੀਕਾਂ ਨੂੰ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਤਹਿਸੀਲ ਕੰਪਲੈਕਸ ਦੇ ਨਾਲ-ਨਾਲ ਮੌੜ ਵਿਚ 66 ਕੇ.ਵੀ. ਸਬ-ਸਟੇਸ਼ਨ ਦੀ ਸ਼ੁਰੂਆਤ ਵੀ ਕੀਤੀ ਗਈ ਜਿਸ ਨਾਲ ਲੋਕਾਂ ਨੂੰ ਪਾਵਰ ਸਪਲਾਈ ਸਬੰਧੀ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਭਲਾਈ ਅਤੇ ਸਹੂਲਤ ਲਈ ਹਰ ਯਤਨ ਕੀਤਾ ਹੈ ਅਤੇ ਵਿਕਾਸ ਦੇ ਖੇਤਰ ਵਿਚ ਨਵੀਂਆਂ ਮੰਜ਼ਿਲਾਂ ਸਰ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ ਦੌਰਾਨ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਦੇਸ਼ ਦੇ ਸਿਖਰਲੇ ਪ੍ਰੋਜੈਕਟ ਦਿੱਤੇ ਗਏ ਜਿਨ੍ਹਾਂ ਦੀ ਸਥਾਪਤੀ ਪੰਜਾਬ ਵਿਚ ਵਿਕਾਸ ਦੀ ਰਫ਼ਤਾਰ ਨੂੰ ਨਵੀਂ ਦਿਸ਼ਾ ਦੇਵੇਗੀ। 

ਇਸ ਮੌਕੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਖੇਤਰ ਵਿਚ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਜਿਸ ਸਦਕਾ ਸਿੱਖਿਆ, ਸਿਹਤ ਸੇਵਾਵਾਂ, ਸੜਕ ਨੈਟਵਰਕ, ਬਿਜਲੀ ਆਦਿ ਵਿਚ ਪੰਜਾਬ ਨੇ ਨਵੇਂ ਮਾਅਰਕੇ ਮਾਰੇ ਹਨ। ਉਨ੍ਹਾਂ ਵਿਰੋਧੀ ਪਾਰਟੀਆਂ ਵਲੋਂ ਕੀਤੇ ਜਾ ਰਹੇ ਪ੍ਰਚਾਰ ਸਬੰਧੀ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਪੰਜਾਬ ਅੰਦਰ ਰਿਕਾਰਡ ਵਿਕਾਸ ਦਰਜ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਵਿਰੋਧੀ ਪਾਰਟੀਆਂ ਦੇ ਸੱਤਾ ਪ੍ਰਾਪਤੀ ਲਈ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਅਤੇ ਕੋਝੇ ਮਨਸੂਬਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕੋ ਸਿੱਕੇ ਦੇ ਦੋ ਪਾਸੇ ਹਨ।ਲੋਕ ਨਿਰਮਾਣ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਨੇ ਪਿਛਲੇ 10 ਸਾਲ ਦੌਰਾਨ ਵਿਕਾਸ ਦੇ ਖੇਤਰ ਵਿਚ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਕੇ ਵਿਰੋਧੀਆਂ ਨੂੰ ਮੁੱਦਾਹੀਣ ਕਰ ਦਿੱਤਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ਼੍ਰੀ ਘਣਸ਼ਿਆਮ ਥੋਰੀ, ਐਸ.ਡੀ.ਐਮ. ਸ਼੍ਰੀ ਲਤੀਫ਼ ਅਹਿਮਦ ਆਦਿ ਹਾਜ਼ਰ ਸਨ।