ਫੂਡ ਪ੍ਰਾਸੈਸਿੰਗ ਸਨਅਤ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣੇਗਾ: ਕੈਰੋਂ
ਮੰਤਰੀ ਨੇ ਪ੍ਰਦੇਸ਼ ਫੂਡ ਪ੍ਰਾਸੈਸਿੰਗ ਵਿਕਾਸ ਕੌਂਸਲ ਦੀ ਪਲੇਠੀ ਬੈਠਕ ਨੂੰ ਕੀਤਾ ਸੰਬੋਧਨ
5 ਦਰਿਆ ਨਿਊਜ਼
ਚੰਡੀਗੜ੍ਹ 25-Aug-2013
ਫੂਡ ਪ੍ਰਾਸੈਸਿੰਗ ਸਨਅਤ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣੇਗਾ ਅਤੇ ਇਸ ਦਿਸ਼ਾ ਵਿੱਚ ਸੂਬਾ ਸਰਕਾਰ ਵੱਲੋਂ ਬਹੁਤ ਜਲਦ ਨਵੀਂ ਫੂਡ ਪ੍ਰਾਸੈਸਿੰਗ ਨੀਤੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਅਤੇ ਫੂਡ ਪ੍ਰਾਸੈਸਿੰਗ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਪ੍ਰਦੇਸ਼ ਫੂਡ ਪ੍ਰਾਸੈਸਿੰਗ ਵਿਕਾਸ ਕੌਂਸਲ (ਐਸ.ਐਫ.ਪੀ.ਡੀ.ਸੀ.) ਦੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਹ ਅੱਜ ਇਥੇ ਕੌਂਸਲ ਦੀ ਇਸ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।ਉਨ੍ਹਾਂ ਦੱਸਿਆ ਕਿ ਕੌਂਸਲ ਦੀ ਸਥਾਪਨਾ ਫੂਡ ਪ੍ਰਾਸੈਸਿੰਗ ਬਾਰੇ ਕੌਮੀ ਮਿਸ਼ਨ (ਐਨ.ਐਮ.ਐਫ.ਪੀ.) ਹੇਠ ਕੀਤੀ ਗਈ ਹੈ। ਕੌਮੀ ਐਗਰੌ ਬਾਇਓ ਤਕਨਾਲੋਜੀ ਸੰਸਥਾ (ਐਨ.ਏ.ਬੀ.ਆਈ.), ਬੈਂਕਾਂ, ਉਦਯੋਗਿਕ ਤੇ ਕਿਸਾਨ ਐਸੋਸੀਏਸ਼ਨ ਦੇ ਨੁਮਾਇੰਦਿਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਪ੍ਰਾਸੈਸਿੰਗ ਮਾਹਿਰਾਂ ਅਤੇ ਸੂਬੇ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਕੌਂਸਲ ਦੇ ਮੈਂਬਰ ਵਜੋਂ ਲਿਆ ਗਿਆ ਹੈ।ਸ. ਕੈਰੋਂ ਨੇ ਕਿਹਾ ਕਿ ਫੂਡ ਪ੍ਰਾਸੈਸਿੰਗ ਸਨਅਤ ਦੀ ਤਰੱਕੀ ਅਤੇ ਸੂਬੇ ਵਿੱਚ ਖੁਰਾਕ ਪਦਾਰਥਾਂ ਦੇ ਨਿਰਯਾਤ ਵਿੱਚ ਕੇਂਦਰ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਸੂਬਾ ਸਰਕਾਰ ਵੱਲੋਂ ਇਸ ਸਨਅਤ ਨੂੰ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿੰਦਿਆਂ ਇਹ ਦਾਅਵਾ ਵੀ ਕੀਤਾ ਕਿ ਸਾਂਝੀਆਂ ਕੋਸ਼ਿਸ਼ਾ ਨਾਲ ਫੂਡ ਪ੍ਰਾਸੈਸਿੰਗ ਖੇਤਰ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਸਕਦਾ ਹੈ।
ਮੰਤਰੀ ਨੇ ਕਿਹਾ ਕਿ ਫੂਡ ਪ੍ਰਾਸੈਸਿੰਗ ਖੇਤਰ ਨੂੰ ਉਤਸ਼ਾਹਤ ਕਰਨ ਲਈ ਸੂਬਾ ਸਰਕਾਰ ਵਚਨਬੱਧ ਹੈ ਪਰ ਨਾਲ ਹੀ ਇਸ ਖੇਤਰ ਨਾਲ ਜੁੜੇ ਉਤਪਾਦਕਾਂ ਦੀ ਵੀ ਆਪਣੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕੌਂਸਲ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਇਸ ਖੇਤਰ ਦੀਆਂ ਔਕੜਾਂ ਤੋਂ ਭਲੀਭਾਂਤ ਜਾਣੂੰ ਹੈ ਅਤੇ ਸਰਕਾਰ ਵੱਲੋਂ ਬਹੁਤ ਜਲਦ ਨਵੀਂ ਫੂਡ ਪ੍ਰਾਸੈਸਿੰਗ ਨੀਤੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਇਸ ਕੌਂਸਲ ਦਾ ਮੁੱਖ ਕੰਮ ਫੂਡ ਪ੍ਰਾਸੈਸਿੰਗ ਸਨਅਤ ਨੂੰ ਹੁਲਾਰਾ ਦੇਣ ਲਈ ਨੀਤੀਆਂ ਬਣਾਉਣ ਵਿੱਚ ਸਲਾਹ ਦੇਣਾ ਹੈ। ਕੌਂਸਲ ਦੀ ਸਥਾਪਨਾ ਨਾਲ ਇਸ ਖੇਤਰ ਨਾਲ ਜੁੜੇ ਹਰ ਵਰਗ ਦੇ ਨੁਮਾਇੰਦੇ ਦੀ ਸ਼ਮੂਲੀਅਤ ਨਾਲ ਫੂਡ ਪ੍ਰਾਸੈਸਿੰਗ ਸਨਅਤ ਨੂੰ ਹੋਰ ਬਲ ਮਿਲੇਗਾ। ਇਸ ਤੋਂ ਇਲਾਵਾ ਕੌਂਸਲ ਫੂਡ ਪ੍ਰਾਸੈਸਿੰਗ ਬਾਰੇ ਕੌਮੀ ਮਿਸ਼ਨ ਨੂੰ ਲਾਗੂ ਕਰਨ ਵਿੱਚ ਨਿਗਰਾਨ ਦੀ ਭੂਮਿਕਾ ਨਿਭਾਏਗੀ। ਕੌਂਸਲ ਲੋੜ ਅਨੁਸਾਰ ਸੂਬਾ ਤੇ ਕੇਂਦਰ ਸਰਕਾਰ ਕੋਲ ਆਪਣੀਆਂ ਸਿਫਾਰਸ਼ਾਂ ਵੀ ਭੇਜੇਗੀ। ਕੌਂਸਲ ਦੇ ਸਮੂਹ ਨੁਮਾਇੰਦਿਆਂ ਨੇ ਇਹ ਮੰਨਿਆ ਕਿ ਪੰਜਾਬ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਫੂਡ ਪ੍ਰਾਸੈਸਿੰਗ ਸਨਅਤ ਅਹਿਮ ਰੋਲ ਨਿਭਾ ਸਕਦੀ ਹੈ।ਦੁੱਧ ਉਤਪਾਦ ਨਾਲ ਜੁੜੇ ਬੁਲਾਰਿਆਂ ਨੇ ਦੁੱਧ ਖੇਤਰ ਵਿੱਚ ਟੈਕਸ ਢਾਂਚੇ ਨੂੰ ਤਰਕਸੰਗਤ ਕਰਨ ਦੀ ਗੱਲ ਕੀਤੀ। ਕੌਂਸਲ ਦੇ ਹੋਰ ਨੁਮਾਇੰਦਿਆਂ ਨੇ ਕਿਹਾ ਇਸ ਖੇਤਰ ਖਾਸ ਕਰ ਕੇ ਟਮਾਟਰ, ਗਾਜਰ, ਚੁਕੰਦਰ ਆਦਿ ਸਬਜ਼ੀਆਂ ਵਿੱਚ ਨਿਰਯਾਤ ਦੀਆਂ ਬਹੁਤ ਸੰਭਾਵਨਾਵਾਂ ਹਨ। ਇਸ ਮੌਕੇ ਪੰਜਾਬ ਬਾਇਓ ਤਕਨਾਲੋਜੀ ਇਨਕਿਊਬੇਸ਼ਨ ਕੇਂਦਰ ਵੱਲੋਂ ਮੁਹਾਲੀ ਵਿਖੇ ਫੂਡ/ਐਗਰੋ ਉਤਪਾਦਾਂ ਦੇ ਅਤਿ ਆਧੁਨਿਕ ਟੈਸਟ ਦੀ ਸਹੂਲਤਾਂ ਵਾਲੀ ਸਥਾਪਤ ਕੀਤੀ ਆਰਟ ਲੈਬਾਰਟਰੀ ਨੇ ਕੌਂਸਲ ਦੇ ਨੁਮਾਇੰਦਿਆਂ ਦਾ ਵਿਸ਼ੇਸ਼ ਧਿਆਨ ਖਿੱਚਿਆ। ਸੰਸਥਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਐਸ.ਐਸ.ਮਰਵਾਹਾ ਨੇ ਵੀ ਸੰਬੋਧਨ ਕੀਤਾ।