5 Dariya News

ਪੰਜਾਬ ਵਿੱਚ ਨਿਸ਼ਾਨੇਬਾਜ਼ੀ ਦੀ ਖੇਡ ਨੂੰ ਪਿੰਡਾਂ ਅਤੇ ਸ਼ਹਿਰਾਂ ਦੇ ਮੁਹੱਲਿਆਂ ਤੱਕ ਪਹੁੰਚਾਇਆ ਜਾਵੇਗਾ-ਮਜੀਠੀਆ

10 ਲੱਖ ਦੀ ਇਨਾਮੀ ਵਾਲੀ ਪੰਜਾਬ ਸਟੇਟ ਅੰਤਰ ਸਕੂਲ ਸ਼ੂਟਿੰਗ ਚੈਪੀਅਨਸ਼ਿਪ ਦੇ ਜੇਤੂਆਂ ਨੂੰ ਕੀਤੀ ਇਨਾਮਾਂ ਦੀ ਵੰਡ

5 ਦਰਿਆ ਨਿਊਜ਼

ਲੁਧਿਆਣਾ 25-Aug-2013

ਪੰਜਾਬ ਵਿੱਚ ਨਿਸ਼ਾਨੇਬਾਜ਼ੀ ਦੀ ਖੇਡ ਨੂੰ ਪਿੰਡਾਂ ਅਤੇ ਸ਼ਹਿਰਾਂ ਦੇ ਮੁਹੱਲਿਆਂ ਤੱਕ ਪਹੁੰਚਾਇਆ ਜਾਵੇਗਾ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਦੇ ਮਾਲ, ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਜਿਲੇ ਦੇ ਗੋਵਿੰਦ ਨੈਸ਼ਨਲ ਕਾਲਜ਼ ਨਾਰੰਗਵਾਲ ਵਿਖੇ ਜਿਲਾ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਕਰਵਾਈ 14ਵੀਂ ਤਿੰਨ ਦਿਨਾਂ ਪੰਜਾਬ ਸਟੇਟ ਅੰਤਰ ਸਕੂਲ ਸ਼ੂਟਿੰਗ ਚੈਪੀਅਨਸ਼ਿਪ ਦੇ ਇਨਾਮ ਵੰਡ ਸਮਾਗਮ ਮੌਕੇ ਹੋਏ ਇੱਕ ਪ੍ਰਭਾਵਸ਼ਾਲੀ ਇੱਕਠ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤੇ ਹਨ। ਮਜੀਠੀਆ, ਜਿਹੜੇ ਕਿ ਪੰਜਾਬ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਨ, ਨੇ ਕਿਹਾ ਕਿ ਨਿਸ਼ਾਨੇਬਾਜ਼ੀ ਨੂੰ ਵਿਆਪਕ ਪੱਧਰ 'ਤੇ ਉਤਸ਼ਾਹਿਤ ਕਰਨ ਦੀ ਲੋੜ ਹੈ, ਕਿਉਕਿ ਦੇਸ਼ ਵਿੱਚ ਨਿਸ਼ਾਨੇਬਾਜ਼ੀ ਦੀ ਲੋੜੀਂਦੀ ਪ੍ਰਤਿਭਾ ਮੌਜ਼ੂਦ ਹੈ ਜਿਹੜੀ ਕਿ ਉਲੰਪਿਕ ਅਤੇ ਹੋਰਨਾ ਅੰਤਰ-ਰਾਸ਼ਟਰੀ ਮੰਚਾਂ 'ਤੇ ਦੇਸ਼ ਦਾ ਝੰਡਾ ਬੁਲੰਦ ਕਰ ਸਕਦੀ ਹੈ। ਸ. ਮਜੀਠੀਆ ਨੇ ਕਿਹਾ ਕਿ ਨਿਸ਼ਾਨੇਬਾਜ਼ੀ ਭਾਰਤ ਵਿੱਚ ਇੱਕ ਮਹੱਤਵਪੂਰਨ ਉਲੰਪਿਕ ਖੇਡ ਹੈ, ਕਿਉਕਿ ਭਾਰਤ ਵੱਲੋਂ ਹੁਣ ਤੱਕ ਉਲੰਪਿਕ ਵਿੱਚ ਜਿੱਤੇ 26 ਤਗਮਿਆਂ ਵਿੱਚੋਂ 4 ਨਿਸ਼ਾਨੇਬਾਜ਼ੀ ਵਿੱਚੋਂ ਆਏ ਹਨ।ਉਹਨਾ ਕਿਹਾ ਕਿ 125 ਕਰੋੜ ਤੋਂ ਵੱਧ ਦੀ ਆਬਾਦੀ ਵਾਲੇ ਇਸ ਦੇਸ਼ ਨੇ ਹੁਣ ਤੱਕ ਉਲੰਪਿਕ ਵਿੱਚ ਕੇਵਲ ਇੱਕ ਵਿਅਕਤੀਗਤ ਸੋਨ ਤਮਗਾ ਜਿੱਤਿਆ ਹੈ, ਜਿਹੜਾ ਕਿ ਅਭਿਨਵ ਬਿੰਦਰਾ ਨੇ 2008 ਦੀਆ ਉਲੰਪਿਕ ਖੇਡਾ ਵਿੱਚ ਨਿਸ਼ਾਨੇਬਾਜ਼ੀ ਵਿੱਚ ਹਾਸਲ ਕੀਤਾ ਸੀ।ਉਹਨਾ ਕਿਹਾ ਕਿ ਲਗਾਤਾਰ ਸੁਧਰਦੀ ਕਾਰਗੁਜ਼ਾਰੀ ਨਾਲ ਨਿਸ਼ਾਨੇਬਾਜ਼ਾਂ ਨੂੰ ਆਉਣ ਵਾਲੇ ਸਾਲਾਂ ਵਿੱਚ ਢੇਰ ਸਾਰੇ ਤਮਗੇ ਜਿੱਤਣ ਦੀ ਆਸ ਪੈਦਾ ਕੀਤੀ ਹੈ, ਪ੍ਰੰਤੂ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਾਡੀਆ ਸਰਕਾਰਾਂ ਉਨਾਂ ਨੂੰ ਉੱਚ ਪੱਧਰ ਦਾ ਬੁਨਿਆਦੀ ਢਾਂਚਾ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ। ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਨੇ ਬਹੁਤ ਸਾਰੇ ਬਹਿਤਰੀਨ ਨਿਸ਼ਾਨੇਬਾਜ਼ ਪੈਦਾ ਕੀਤੇ ਹਨ,ਜਿੰਨਾਂ ਵਿੱਚ ਅਭਿਨਵ ਬਿੰਦਰਾ, ਮਾਨਵਜੀਤ ਸੰਧੂ, ਰੌਜਨ ਸੋਢੀ, ਮਨਸ਼ੇਰ ਸਿੰਘ, ਅਮਨਪ੍ਰੀਤ ਸਿੰਘ, ਅਵਨੀਤ ਕੌਰ ਸਿੱਧੂ, ਪਰਵੀਨ ਸਰਾਓ ਅਤੇ ਹੀਨਾ ਸਿੱਧੂ ਸ਼ਾਮਲ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ 10 ਨਾਮੀ ਖਿਡਾਰੀਆਂ ਨੂੰ ਏ ਕਲਾਸ ਦੀਆ ਸਰਕਾਰੀ ਨੌਕਰੀਆ ਪ੍ਰਦਾਨ ਕੀਤੀਆ ਹਨ, ਜਿਨਾਂ ਵਿੱਚ 4 ਨਿਸ਼ਾਨੇਬਾਜ਼ ਸ਼ਾਮਲ ਹਨ। 

ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਅੰਤਰ-ਰਾਸ਼ਟਰੀ ਪੱਧਰ ਦੇ ਨਿਸ਼ਾਨੇਬਾਜ਼ ਪੈਦਾ ਕਰਨ ਲਈ ਨਿਸ਼ਾਨੇਬਾਜ਼ੀ ਨੂੰ ਪ੍ਰਮੋਟ ਕਰਨ ਲਈ ਵਚਨਬੱਧ ਹੈ। ਉਹਨਾ ਕਿਹਾ ਕਿ ਨਿਸ਼ਾਨੇਬਾਜ਼ੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਪੰਜਾਬ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਨੂੰ ਇਸ ਅੰਤਰ ਸਕੂਲ ਚੈਪੀਅਨਸ਼ਿਪ ਲਈ 10 ਲੱਖ ਦੀ ਇਨਾਮੀ ਰਾਸ਼ੀ ਐਲਾਨੀ ਹੈ ਅਤੇ ਪਹਿਲਾ ਇਨਾਮ 21 ਹਜ਼ਾਰ, ਦੂਜਾ ਇਨਾਮ 14 ਹਜ਼ਾਰ ਅਤੇ ਤੀਸਰਾ ਇਨਾਮ 7 ਹਜ਼ਾਰ ਰੁਪਏ ਸੋਨੇ,ਚਾਦੀ,ਕਾਂਸ਼ੀ ਦੇ ਤਮਗਿਆਂ ਸਮੇਤ ਦਿੱਤੇ ਗਏ ਹਨ।ਉਹਨਾਂ ਕਿਹਾ ਕਿ ਪੰਜਾਬ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਨੇ ਅਮ੍ਰਿਤਸਰ, ਬਠਿੰਡਾ, ਮੋਹਾਲੀ ਅਤੇ ਲੁਧਿਆਣਾ ਵਿਖੇ ਅੰਤਰ-ਰਾਸ਼ਟਰੀ ਪੱਧਰ ਦੀਆ ਸ਼ੂਟਿੰਗ ਰੇਜ਼ਾ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸੇ ਤਰਾਂ ਦੀਆ ਰੇਜ਼ਾਂ ਹੋਰਨਾ ਜਿਲਿਆ ਵਿੱਚ ਵੀ ਸਥਾਪਤ ਕੀਤੀਆ ਜਾਣਗੀਆ। 

ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜੀਅ ਤੋੜ ਕੋਸ਼ਿਸ਼ਾਂ ਕੀਤੀਆ ਹਨ ਅਤੇ ਖੇਡਾ ਦਾ ਬਜਟ 12 ਕਰੋੜ ਤੋਂ ਵਧਾ ਕੇ 142 ਕਰੋੜ ਕਰ ਦਿੱਤਾ ਹੈ।ਉਹਨਾਂ ਕਿਹਾ ਕਿ ਸੂਬੇ ਵਿੱਚ 250 ਕਰੋੜ ਰੁਪਏ ਦੀ ਲਾਗਤ ਨਾਲ ਬਹੁਮੰਤਵੀ ਅੰਤਰ-ਰਾਸ਼ਟਰੀ ਸਟੇਡੀਅਮਾਂ ਅਤੇ ਐਸਟ੍ਰੋਟਰਫਾਂ ਦੀ ਉਸਾਰੀ ਕੀਤੀ ਗਈ ਹੈ।ਸ. ਮਜੀਠੀਆ ਨੇ ਕਿਹਾ ਕਿ ਜਦੋਂ ਦਾ ਖੇਡ ਮਹਿਕਮਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸੰਭਾਲਿਆ ਹੈ, ਉਦੋਂ ਤੋਂ ਪੰਜਾਬ ਵਿੱਚ ਇੱਕ ਖੇਡ ਸੱਭਿਆਚਾਰ ਪੈਦਾ ਹੋਇਆ ਹੈ। ਉਹਨਾਂ ਦੀ ਯੋਗ ਅਗਵਾਈ ਵਿੱਚ ਕਬੱਡੀ ਵਰਗੀ ਅਣਗੌਲੀ ਖੇਡ ਅੱਜ ਵਿਸ਼ਵ ਭਰ ਵਿੱਚ ਪ੍ਰਸਿੱਧ ਹੋ ਚੁੱਕੀ ਹੈ। ਇਸ ਤੋਂ ਇਲਾਵਾ ਪਿੰਡਾਂ ਵਿੱਚ ਜਿੰਮ ਅਤੇ ਖੇਡ ਕਿੱਟਾਂ ਵੱਡੀ ਮਾਤਰਾ ਵਿੱਚ ਵੱਡੀਆ ਗਈਆ ਹਨ, ਤਾ ਜੋ ਪੰਜਾਬ ਦੀ ਜਵਾਨੀ ਰਿਸ਼ਟ-ਪੁਸ਼ਟ ਅਤੇ ਤਾਕਤਵਰ ਬਣ ਸਕੇ।ਉਹਨਾਂ ਇਹ ਵੀ ਕਿਹਾ ਕਿ ਸਕੂਲਾਂ ਨੂੰ ਵਿਦਿਆਰਥੀਆਂ ਦੀ ਪੜਾਈ ਦੇ ਨਾਲ-ਨਾਲ ਉਹਨਾਂ ਦੀ ਸਮੁੱਚੇ ਵਿਕਾਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਅਤੇ ਇਸ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਉਹਨਾ ਕਿਹਾ ਕਿ ਉਹ ਇਸ ਸਬੰਧੀ ਸਕੂਲਾਂ ਨੂੰ ਚਿੱਠੀ ਵੀ ਲਿਖਣ ਜਾ ਰਹੇ ਹਨ। ਉਹਨਾ ਕਿਹਾ ਕਿ ਪੰਜਾਬੀਆਂ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀ ਹੈ, ਕੇਵਲ ਇਸ ਨੂੰ ਉਭਾਰਨ ਦੀ ਲੋੜ ਹੈ। 

ਇਸ ਮੌਕੇ ਅੰਤਰ-ਰਾਸ਼ਟਰੀ ਨਿਸ਼ਾਨੇਬਾਜ਼ ਅਰਜਨ ਅਵਾਰਡੀ ਰੌਜਨ ਸੋਢੀ ਨੇ ਵੀ ਸੰਬੋਧਨ ਕੀਤਾ, ਜਿਨਾਂ ਨੂੰ ਖੇਡ ਰਤਨ ਅਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਰੌਜ਼ਨ ਸੋਢੀ ਨੂੰ ਨੇ ਇਸ ਮੌਕੇ ਉਭਰ ਰਹੇ ਨਿਸ਼ਾਨੇਬਾਜ਼ਾਂ ਨੂੰ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਹਰੇਕ ਚੋਟੀ ਸਰ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪੰਜਾਬੀ ਹੋਣ 'ਤੇ ਮਾਣ ਹੈ। ਸ. ਮਜੀਠੀਆ ਨੇ ਇਸ ਮੌਕੇ ਰੌਜ਼ਨ ਸੋਢੀ ਦਾ ਸਨਮਾਨ ਕੀਤਾ ਅਤੇ ਚੈਪੀਅਨਸ਼ਿਪ ਦੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ।ਇਸ ਮੌਕੇ ਸਲਾਹਕਾਰ ਮੁੱਖ ਮੰਤਰੀ ਪੰਜਾਬ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਬਠਿੰਡਾ ਦੇ ਮੇਅਰ ਸ. ਬਲਜੀਤ ਸਿੰਘ ਬੀੜਬਹਿਮਣ, ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ, ਪੰਜਾਬ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਸਕੱਤਰ ਜਨਰਲ ਸ੍ਰੀ ਦੀਪ ਸਿੱਧੂ, ਸੀਨੀਅਰ ਮੀਤ ਪ੍ਰਧਾਨ ਕਰਨਲ ਜਗਦੀਸ਼ ਸਿੰਘ ਬਰਾੜ, ਸੰਯੁਕਤ ਸਕੱਤਰ ਸ੍ਰੀ ਐਮ.ਐਸ.ਭੋਗਲ, ਜਿਲਾ ਸ਼ੂਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਗਰਚਾ, ਗੋਵਿੰਦ ਨੈਸ਼ਨਲ ਕਾਲਜ਼ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ. ਪ੍ਰਿਤਪਾਲ ਸਿੰਘ ਗਰੇਵਾਲ, ਪ੍ਰਿੰਸੀਪਲ ਸ੍ਰੀ ਹਰਦਲਜੀਤ ਸਿੰਘ ਗੋਸਲ, ਮੈਬਰ ਜਿਲਾ ਪ੍ਰੀਸ਼ਦ ਸ੍ਰੀ ਹਰਪ੍ਰੀਤ ਸਿੰਘ ਸ਼ਿਵਾਲਕ, ਯੂਥ ਅਕਾਲੀ ਆਗੂ ਸ੍ਰੀ ਇੰਦਰ ਮੋਹਨ ਸਿੰਘ ਕਾਦੀਆ, ਬਚਿੱਤਰ ਸਿੰਘ ਅਤੇ ਸ੍ਰੀ ਸੁਰਿੰਦਰ ਪਾਲ ਸਿੰਘ ਟੋਨੀ ਤੋਂ ਇਲਾਵਾ ਖਿਡਾਰੀ ਅਤੇ ਦਰਸ਼ਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।