ਪੰਜਾਬ ਦੇ ਲੋਕਾਂ ਨੇ ਦੇਸ਼ 'ਚ ਕੁਦਰਤੀ ਆਫ਼ਤਾਂ ਦੀ ਮਾਰ ਹੇਠ ਆਏ ਲੋਕਾਂ ਦੀ ਹਮੇਸ਼ਾ ਡਟ ਕੇ ਮਦਦ ਕੀਤੀ : ਕੈਰੋਂ
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ ਸ੍ਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਉਤਰਾਖੰਡ ਲਈ ਰਾਹਤ ਸਮੱਗਰੀ ਦੀ ਤੀਜੀ ਖੇਪ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
5 ਦਰਿਆ ਨਿਊਜ਼
ਐਸ.ਏ.ਐਸ.ਨਗਰ 23-Aug-2013
ਜਦੋਂ ਵੀ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਕੁਦਰਤੀ ਆਫ਼ਤ ਆਈ ਤਾਂ ਪੰਜਾਬ ਦੇ ਲੋਕਾਂ ਨੇ ਕੁਦਰਤੀ ਆਫ਼ਤਾਂ ਦੀ ਮਾਰ ਹੇਠ ਆਏ ਲੋਕਾਂ ਦੀ ਹਮੇਸ਼ਾ ਡੱਟ ਕੇ ਮਦਦ ਕੀਤੀ। ਪੰਜਾਬ ਸਰਕਾਰ ਵੱਲੋਂ ਆਪਣੀਆਂ ਪੁਰਾਣੀਆਂ ਪ੍ਰੰਪਰਾਵਾਂ ਨੂੰ ਕਾਇਮ ਰੱਖਦਿਆਂ ਰਾਜ ਦੇ ਲੋਕਾਂ ਦੇ ਸਹਿਯੋਗ ਨਾਲ ਉਤਰਾਖੰਡ 'ਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਲਈ 125 ਟਰੱਕ ਰਾਹਤ ਸਮੱਗਰੀ ਦੇ ਭੇਜੇ ਜਾਣਗੇ । ਇਸ ਗੱਲ ਦੀ ਜਾਣਕਾਰੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ ਸ੍ਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਦੁਸ਼ਹਿਰਾ ਗਰਾਂਊਂਡ ਤੋਂ ਉਤਰਾਖੰਡ ਦੇ ਹੜ੍ਹ ਪੀੜਤਾਂ ਲਈ ਭੇਜੀ ਜਾਣ ਵਾਲੀ ਰਾਹਤ ਸਮੱਗਰੀ ਦੀ ਤੀਜੀ ਖੇਪ ਜਿਸ ਵਿੱਚ 11 ਟਰੱਕ ਜਿਹਨਾਂ ਵਿੱਚ 1000 ਕੁਇੰਟਲ ਚਾਵਲ ਜੋ ਕਿ ਥੈਲੀਆਂ ਵਿੱਚ ਭਰੇ ਹੋਏ ਹਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਰਾਹਤ ਸਮੱਗਰੀ ਦੇ 36 ਟਰੱਕ ਉਤਰਾਖੰਡ ਦੇ ਹੜ੍ਹ ਪੀੜਤਾਂ ਲਈ ਭੇਜੇ ਜਾ ਚੁੱਕੇ ਹਨ।
ਸ੍ਰ ਕੈਰੋਂ ਨੇ ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਉਤਰਾਖੰਡ ਸਰਕਾਰ ਨਾਲ ਰਾਹਤ ਸਮੱਗਰੀ ਭੇਜਣ ਲਈ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ ਅਤੇ ਰਾਹਤ ਸਮੱਗਰੀ ਉੱਥੋਂ ਦੀਆਂ ਲੋੜਾਂ ਦੇ ਮੁਤਾਬਿਕ ਹੀ ਭੇਜੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜੋ ਉਤਰਾਖੰਡ ਦੇ ਹੜ੍ਹ ਪੀੜ੍ਹਤਾਂ ਲਈ ਰਾਹਤ ਸਮੱਗਰੀ ਭੇਜੀ ਜਾਂਦੀ ਹੈ ਉਸਦੀ ਵੰਡ ਅਤੇ ਸਪਲਾਈ ਦਾ ਸਮੁੱਚਾ ਕੰਮ ਵੀ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੀਆਂ ਬਣਾਈਆਂ ਗਈਆਂ ਅਫ਼ਸਰਾਂ ਦੀਆਂ ਟੀਮਾਂ ਵੱਲੋਂ ਸੰਭਾਲਿਆ ਹੋਇਆ ਹੈ ਅਤੇ ਜੋ ਕਿ ਪਿਛਲੇ 2 ਮਹੀਨਿਆਂ ਤੋਂ ਆਪਣੀ ਡਿਊਟੀ ਨਿਭਾ ਰਹੀਆਂ ਹਨ ਅਤੇ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਸ੍ਰ ਕੈਰੋਂ ਨੇ ਦੱਸਿਆ ਕਿ ਇਸ ਤੋਂ ਬਾਅਦ ਚੌਥੀ ਖੇਪ ਵਿੱਚ 11 ਟਰੱਕ ਆਟੇ ਦੀਆਂ ਥੈਲੀਆਂ ਨਾਲ ਭਰੇ ਹੋਏ ਭੇਜੇ ਜਾਣਗੇ।
ਪੱਤਰਕਾਰਾਂ ਵੱਲੋਂ ਇਸ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਆਖਿਆ ਕਿ ਇਸ ਸੀਜ਼ਨ ਦੌਰਾਨ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਵੇਗੀ ਜਿਸ ਲਈ ਪੁੱਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਸ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨਾਂ ਵੇਚਣ ਦੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਡੀਆ ਵਿੱਚ ਪੁੱਜਿਆ ਕਿਸਾਨਾਂ ਦੇ ਝੋਨੇ ਦਾ ਦਾਣਾ ਦਾਣ ਖਰੀਦਿਆ ਜਾਵੇਗਾ। ਇਸ ਮੌਕੇ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਸ੍ਰੀ ਡੀ ਐਸ. ਗਰੇਵਾਲ , ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਸ੍ਰੀ ਐਸ.ਐਸ.ਜੌਹਲ, ਪੰਜਾਬ ਰਾਇਸ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਤਰਸ਼ੇਮ ਸਿੰਘ ਸੈਣੀ, ਐਸ.ਡੀ.ਐਮ ਸ੍ਰੀ ਲਖਮੀਰ ਸਿੰਘ, ਸ੍ਰੀ ਅਮਿਤ ਤਲਵਾੜ ਜੀ.ਐਮ ਪਨਸਪ, ਜੁਆਇੰਟ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਡਾ. ਭੁਪਿੰਦਰਪਾਲ ਸਿੰਘ ਅਤੇ ਇੰਦਰਦੀਪ ਸਿੰਘ , ਡਿਪਟੀ ਡਾਇਰੈਕਟਰ ਸ੍ਰੀ ਜਸਵਿੰਦਰ ਸਿੰਘ, ਸ੍ਰੀ ਐਚ.ਐਸ. ਮੋਖਾ, ਸਿਮਰਜੋਤ ਕੌਰ, ਕੇ.ਸੀ ਕਾਜਲ, ਡੀ.ਐਫ. ਐਸ.ਸੀ. ਸ੍ਰੀ ਸਰਬਜੀਤ ਸਿੰਘ, ਡੀ.ਐਫ ਐਸ.ਓ ਸ੍ਰ ਕੁਲਦੀਪ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।