ਕਾਂਗਰਸ-ਅਕਾਲੀ ਗਠਬੰਧਨ ਨੇ ਪੰਜਾਬ ਨੂੰ ਰਲ ਕੇ ਲੁਟਿਆ- ਅਰਵਿੰਦ ਕੇਜਰੀਵਾਲ
ਨੋਟਬੰਦੀ ਗਲਤ ਫੈਸਲਾ, ਗਲਤ ਨੀਅਤ ਅਤੇ ਗਲਤ ਢੰਗ ਨਾਲ ਲਾਗੂ ਕੀਤਾ ਨਿਰਣਾ
5 Dariya News (ਅਜੇ ਪਾਹਵਾ)
ਲੁਧਿਆਣਾ 11-Dec-2016
‘‘ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦਾ ਗਠਬੰਧਨ ਸੱਚ ਅਤੇ ਇਮਾਨਦਾਰੀ ਉਤੇ ਅਧਾਰਿਤ ਅਤੇ ਦੋਵਾਂ ਪਾਰਟੀਆਂ ਦਾ ਮੁੱਖ ਮੁੱਦਾ ਪੰਜਾਬ ਵਿਚੋਂ ਬਾਦਲਾਂ ਨੂੰ ਭਜਾ ਕੇ ਇਕ ਨਵੇਂ ਪੰਜਾਬ ਦਾ ਨਿਰਮਾਣ ਕਰਨਾ ਹੈ। ਜਿਸ ਵਿਚ ਹਰ ਵਿਅਕਤੀ ਸੁੱਖ ਅਤੇ ਸ਼ਾਂਤੀ ਨਾਲ ਜੀ ਸਕੇ।’’ ਇਨਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿਖੇ ਬਾਦਲ ਭਜਾਓ ਪੰਜਾਬ ਬਚਾਓ ਰੈਲੀ ਦੌਰਾਨ ਕੀਤਾ।ਰੈਲੀ ਦੌਰਾਨ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਕੇਜਰੀਵਾਲ ਦਾ ਸਨਮਾਨ ਕੀਤਾ। ਆਪਣੇ ਸੰਬੋਧਨ ਦੌਰਾਨ ਰਿਕਾਰਡ ਤੋੜ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਮਿਲ ਕੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਨੂੰ ਲੁੱਟ ਰਹੇ ਹਨ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਮਿਲ ਕੇ ਇਨਾਂ ਲੋਟੁਆਂ ਨੂੰ ਸੂਬੇ ਤੋਂ ਬਾਹਰ ਕਰਨ ਲਈ ਯਤਨ ਕਰ ਰਹੀ ਹੈ। ਉਨਾਂ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਮਿਲਕੇ ਪੰਜਾਬ ਵਿਚ ਨਜਾਇਜ ਵਪਾਰ ਕਰ ਰਹੇ ਹਨ।ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਅਕਾਲੀ ਅਤੇ ਕਾਂਗਰਸੀ ਆਗੂਆਂ ਕੋਲੋਂ ਰੇਤਾ, ਸ਼ਰਾਬ, ਟਰਾਂਸਪੋਰਟ ਆਦਿ ਦੇ ਨਜਾਇਜ ਕੰਮਾਂ ਦਾ ਹਿਸਾਬ ਲਿਆ ਜਾਵੇਗਾ। ਬੈਂਸ ਭਰਾਵਾਂ ਦੀ ਭਿ੍ਰਸ਼ਟਾਚਾਰ ਖਿਲਾਫ ਜੰਗ ਦੀ ਤਾਰੀਫ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਇਸੇ ਤਰਾਂ ਇਕੱਠੇ ਹੋ ਕੇ ਪੰਜਾਬ ਵਿਰੋਧੀ ਤਾਕਤਾਂ ਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਵਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਨਾਂ ਦੁਆਰਾ ਕੀਤਾ ਗਿਆ ਨੋਟਬੰਦੀ ਦਾ ਫੈਸਲਾ ਸਰਾ-ਸਰ ਗਲਤ ਅਤੇ ਇਹ ਗਲਤ ਨੀਅਤ ਨਾਲ ਲਾਗੂ ਕੀਤਾ ਫੈਸਲਾ ਹੈ। ਜਿਸ ਕਾਰਨ ਹੁਣ ਤੱਕ ਪੂਰੇ ਦੇਸ਼ ਵਿਚ ਅਨੇਕਾਂ ਮੌਤਾਂ ਹੋ ਚੁੱਕੀਆਂ ਹਨ। ਉਨਾਂ ਕਿਹਾ ਕਿ ਪੂਰੇ ਭਾਰਤ ਵਿਚ ਲੋਕ ਆਪਣੇ ਕੰਮਕਾਰ ਛੱਡ ਕੇ ਬੈਂਕਾਂ ਦੇ ਸਾਹਮਣੇ ਲਾਇਨਾਂ ਵਿਚ ਖੜੇ ਹੋਣ ਲਈ ਮਜਬੂਰ ਹੋ ਗਏ ਹਨ। ਕੇਜਰੀਵਾਲ ਨੇ ਕਿਹਾ ਕਿ ਮੋਦੀ ਨੇ ਅਜਿਹਾ ਆਪਣੇ ਉਦਯੋਗਪਤੀ ਮਿੱਤਰਾਂ ਨੂੰ ਲਾਭ ਪਹੁੰਚਾਉਣ ਲਈ ਕੀਤਾ ਹੈ ਅਤੇ ਇਹ ਕੁਲ ਮਿਲਾ ਕੇ 8 ਲੱਖ ਕਰੋੜ ਦਾ ਘੋਟਾਲਾ ਹੈ।ਕੇਜਰੀਵਾਲ ਨੇ ਕਿਹਾ ਕਿ ਇਕ ਪਾਸੇ ਤਾਂ ਬੀਜੇਪੀ ਦੇ ਆਗੂ ਆਪਣੇ ਘਰਾਂ ਵਿਚ ਵਿਆਹਾਂ ‘ਤੇ 500-500 ਕਰੋੜ ਰੁਪਏ ਖਰਚ ਕਰ ਰਹੇ ਹਨ ਅਤੇ ਦੂਜੇ ਪਾਸੇ ਮੋਦੀ ਆਮ ਲੋਕਾਂ ਨੂੰ 2.5 ਲੱਖ ਵਿਚ ਧੀਆਂ ਦੇ ਵਿਆਹ ਕਰਨ ਦਾ ਫਰਮਾਨ ਜਾਰੀ ਕਰ ਰਹੇ ਹਨ। ਉਨਾਂ ਕਿਹਾ ਕਿ ਅਜੋਕੇ ਸਮੇਂ ਵਿਚ ਮਹਿੰਗਾਈ ਨੂੰ ਮੁੱਖ ਰਖਦਿਆਂ 2.5 ਲੱਖ ਰੁਪਏ ਵਿਚ ਵਿਆਹ ਕਰਨਾ ਨਾਮੁਨਕਿਨ ਹੈ। ਆਪ ਆਗੂ ਨੇ ਕਿਹਾ ਕਿ ਜੇਕਰ ਭਾਜਪਾ ਦੇ ਆਗੂ ਆਪਣੀਆਂ ਧੀਆਂ ਦੇ ਵਿਆਹ 2.5 ਲੱਖ ਵਿਚ ਕਰਨ ਨੂੰ ਤਿਆਰ ਹਨ ਤਾਂ ਆਮ ਜਨਤਾ ਵੀ ਅਜਿਹਾ ਕਰਨ ਨੂੰ ਤਿਆਰ ਹੈ। ਮੋਦੀ ਉਤੇ ਚੁਟਕੀ ਲੈਂਦਿਆਂ ਕੇਜਰੀਵਾਲ ਨੇ ਕਿਹਾ ਕਿ ਮੋਦੀ ਝੂਠੀ ਸ਼ੋਹਰਤ ਅਤੇ ਆਪਣੀ ਗਲਤ ਫੈਸਲਾ ਨੂੰ ਸਹੀ ਸਿੱਧ ਕਰਨ ਦੇ ਮਨਸੂਬੇ ਨਾਲ ਆਪਣੀ 90 ਸਾਲਾ ਮਾਤਾ ਨੂੰ ਵੀ ਲਾਈਨ ਵਿਚ ਲਗਾਉਣ ਤੋਂ ਗੁਰੇਜ ਨਹੀਂ ਕਰਦਾ।
ਇਸ ਮੌਕੇ ਬੋਲਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਨਾਂ ਨੇ ਕਦੇ ਵੀ ਪੰਜਾਬ ਦੇ ਹੱਕਾਂ ਲਈ ਕੁਰਬਾਨੀ ਦੇਣ ਤੋਂ ਗੁਰੇਜ ਨਹੀਂ ਕੀਤਾ ਅਤੇ ਹਮੇਸ਼ਾ ਹੱਕ ਅਤੇ ਸੱਚ ਦੀ ਲੜਾਈ ਲੜਦੇ ਆਏ ਹਨ। ਅਰਵਿੰਦ ਕੇਜਰੀਵਾਲ ਦੀ ਤਾਰੀਫ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਵਿਚ ਬਾਦਲਾਂ ਦੇ ਭਿ੍ਰਸ਼ਟ ਰਾਜ ਨੂੰ ਖਤਮ ਕਰਨ ਲਈ 2 ਸੱਚੀਆਂ ਪਾਰਟੀਆਂ ਇਕੱਠੀਆਂ ਹੋਈਆਂ ਹਨ ਅਤੇ ਇਸ ਮੁਕਾਮ ਨੂੰ ਹਾਸਿਲ ਕਰਕੇ ਹੀ ਰਹਿਣਗੀਆਂ। ਉਨਾਂ ਪ੍ਰਣ ਲਿਆ ਕਿ 2017 ਦੀਆਂ ਚੋਣਾਂ ਤੋਂ ਬਾਅਦ ਸਰਕਾਰ ਵਿਚ ਆਉਦਿਆਂ ਹੀ ਬਾਦਲ ਅਤੇ ਉਨਾਂ ਦੇ ਚੇਲਿਆਂ ਦੁਆਰਾ ਚਲਾਏ ਜਾ ਰਹੇ ਨਜਾਇਜ ਰੇਤਾ-ਬਜਰੀ ਦੇ ਵਪਾਰ ਨੂੰ ਬੰਦ ਕਰ ਦੇਣਗੇ।ਇਸ ਮੌਕੇ ਬੋਲਦਿਆਂ ਸੰਜੇ ਸਿੰਘ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਮਿਲਕੇ ਇਹ ਗੱਲ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਕੋਲ ਸਰਕਾਰ ਚਲਾਉਣ ਦਾ ਤਜਰਬਾ ਨਹੀਂ ਪਰੰਤੂ ਸੱਚ ਇਹ ਹੈ ਕਿ ਦਿੱਲੀ ਵਿਚ ਇਮਾਨਦਾਰੀ ਨਾਲ ਸਰਕਾਰ ਚਲਾ ਕੇ ਆਪ ਨੇ ਭਿ੍ਰਸ਼ਟਾਚਾਰ ਦਾ ਖਾਤਮਾ ਕੀਤਾ ਹੈ। ਉਨਾਂ ਕਿਹਾ ਕਿ ਹਾਂ ਇਹ ਸੱਚ ਹੈ ਕਿ ਆਪ ਆਗੂਆਂ ਕੋਲ ਰੇਤ, ਨਸ਼ਾ ਅਤੇ ਟਰਾਂਸਪੋਰਟ ਮਾਫੀਆ ਚਲਾਉਣ ਦਾ ਤਜਰਬਾ ਨਹੀਂ ਜੋ ਕਿ ਸਿਰਫ ਅਕਾਲੀ ਅਤੇ ਕਾਂਗਰਸੀ ਆਗੂ ਹੀ ਕਰ ਸਕਦੇ ਹਨ।ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਚਐਸ ਫੂਲਕਾ, ਹਰਜੋਤ ਬੈਂਸ, ਗੁਰਪ੍ਰੀਤ ਸਿੰਘ ਭੱਟੀ, ਅਹਿਬਾਬ ਸਿੰਘ ਗਰੇਵਾਲ, ਭੋਲਾ ਗਰੇਵਾਲ ਆਦਿ ਵੀ ਹਾਜਰ ਸਨ।