5 Dariya News

ਆਰਕੈਸਟਰਾ ਵਾਲੀ ਦੀ ਨਹੀਂ, ਸਾਡੀ ਜਮੀਰ ਦੀ ਮੌਤ ਹੋਈ ਹੈ

5 Dariya News (ਭਵਨਦੀਪ ਸਿੰਘ ਪੁਰਬਾ)

09-Dec-2016

ਪਿਛਲੇ ਦਿਨੀਂ ਮੌੜ ਮੰਡੀ ਵਿਖੇ ਅਸ਼ੀਰਵਾਦ ਰਿਜੋਰਟ ਵਿਚ ਵਿਆਹ ਦੌਰਾਨ ਚੱਲੀ ਗੋਲੀ 'ਚ ਆਰਕੈਸਟਰਾ ਕੁਲਵਿੰਦਰ ਕੌਰ ਦੀ ਗੋਲੀ ਲੱਗਣ ਕਾਰਨ ਹੋਈ ਹੱਤਿਆ ਬਾਰੇ ਤੁਸੀਂ ਸੁਣਿਆ ਹੀ ਹੋਵੇਗਾ। ਇਸ ਸਬੰਧੀ ਸਭ ਤੋਂ ਪਹਿਲਾਂ ਤਾਂ ਇਹ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਕੁਲਵਿੰਦਰ ਕੌਰ ਗਰਭਵਤੀ ਹੋਣ ਦੇ ਬਾਵਜੂਦ ਸਟੇਜ ਤੇ ਡਾਂਸ ਕਰ ਰਹੀ ਸੀ। ਆਪਣੇ ਪਿਛੋਕੜ ਤੇ ਝਾਤੀ ਮਾਰੀਏ ਅਜੇ ਕੁੱਝ ਸਾਲ ਪਹਿਲਾਂ ਦੀ ਹੀ ਗੱਲ ਹੈ ਕਿ ਸਾਡੇ ਪਿੰਡ, ਸਾਡੇ ਮੁਹੱਲੇ ਵਿੱਚ ਕੋਈ ਗਰਭਵਤੀ ਅੋਰਤ ਦਿਸਦੀ ਸੀ ਤਾਂ ਸਾਡੇ ਘਰ ਦੇ ਅਤੇ ਆਂਢ-ਗੁਆਂਢ ਦੇ ਲੋਕ ਉਸ ਨੂੰ ਉਚੀ – ਨੀਂਵੀ ਥਾਂ ਤੇ ਵੀ ਨਹੀਂ ਸੀ ਚੱਲਣ ਦਿੰਦੇ। ਸਾਰੇ ਉਸ ਅੋਰਤ ਨੂੰ ਸਤਿਕਾਰ ਦੀ ਨਿਗਾ ਨਾਲ ਵੇਖਦੇ ਸਨ ਅਤੇ ਉਸ ਦੀ ਹਰ ਸੁਖ ਸਹੂਲਤ ਦਾ ਖਿਆਲ ਕਰਦੇ ਸਨ।ਇਥੋਂ ਤੱਕ ਕਿ ਜੇਕਰ ਸਾਡੇ ਨੇੜ-ਤੇੜ ਕਿਤੇ ਕੋਈ ਕੁੱਤੀ ਸੂਣ ਵਾਲੀ ਹੁੰਦੀ ਸੀ ਤਾਂ ਸਾਡੀਆਂ ਅੋਰਤਾਂ ਉਸ ਨੂੰ ਰੋਟੀ ਪਾਉਣਾ ਨਹੀਂ ਸੀ ਭੁਲਦੀਆਂ ਅਤੇ ਅੱਜ ਅਸੀਂ ਇੰਨੇਂ ਨਿਰਦਈ ਹੋ ਗਏ ਕਿ ਇੱਕ ਔਰਤ ਨੂੰ ਆਪਣਾ ਘਰ-ਬਾਰ ਚਲਾਉਣ ਲਈਂ ਗਰਭਵਤੀ ਹੁੰਦੇ ਹੋਏ ਵੀ ਸਟੇਜਾਂ ਤੇ ਡਾਂਸ਼ ਕਰਨਾ ਪੈ ਰਿਹਾ ਹੈ ਅਤੇ ਉਸ ਦੀ ਸਹਾਇਤਾ ਕਰਨ ਦੀ ਬਜਾਏ ਭੀੜ ਖੜੀ ਇਹ ਤਮਾਸ਼ਾ ਵੇਖ ਰਹੀ ਹੈ ਕਿ ਕੋਈ ਮੁਸਟੰਡਾ ਗਰਭਵਤੀ ਔਰਤ ਨੂੰ ਨਾਲ ਨਚਾਉਣ ਲਈ ਉਸ ਤੇ ਗੋਲੀਆਂ ਚਲਾ ਰਿਹਾ ਹੈ। ਇਸ ਗੋਲੀ ਨਾਲ ਇੱਕ ਆਰਕੈਸਟਰਾ ਵਾਲੀ ਦੀ ਨਹੀਂ, ਸਾਡੀ ਜਮੀਰ ਦੀ ਮੌਤ ਹੋਈ ਹੈ …। 

ਪਹਿਲੀ ਸ਼ਰਮ ਆਉਣੀ ਚਾਹੀਦੀ ਹੈ ਉਸ ਦਾ ਪਤੀ ਤੇ ਭਰਾ ਕਹਾਉਣ ਵਾਲੇ ਮਰਦਾ ਨੂੰ। ਜਾਂ ਤਾਂ ਉਹਨਾ ਦੀ ਜਮੀਰ ਮਰ ਚੁੱਕੀ ਹੈ ਜਾਂ ਉਹ ਇਨ੍ਹੇ ਨਸ਼ਈ ਹੋ ਗਏ ਹਨ ਕਿ ਉਨ੍ਹਾ ਨੁੰ ਆਪਣੇ ਘਰ-ਬਾਰ ਚਲਾਉਣ ਲਈ ਆਪਣੀਆਂ ਗਰਭਵਤੀ ਜਨਾਨੀਆਂ ਤੋਂ ਡਾਂਸ਼ ਕਰਵਾਉਣਾ ਪੈ ਰਿਹਾ ਹੈ। ਦੂਸਰੀ ਨੱਕ ਡਬੋ ਕੇ ਮਰ ਜਾਣ ਅਜਿਹੇ ਦੱਲਿਆ ਨੂੰ ਜਿਹੜੇ ਪੈਸੇ ਵਾਸਤੇ, ਆਪਣੇ ਸਵਾਰਥ ਲਈ ਗਰਭਵਤੀ ਅੋਰਤ ਨੂੰ ਡਾਂਸ ਕਰਵਾਉਦੇ ਹਨ। ਪਿਛਲੇ ਜਮਾਨੇ ਵਿੱਚ ਤਵਾਇਫ ਜਾ ਕੋਠੇ ਤੇ ਨੱਚਣ ਵਾਲੀਆਂ ਜਨਾਨੀਆਂ ਨੂੰ ਸਿਰਫ ਭੋਗ-ਵਿਲਾਸ ਦਾ ਸਾਧਣ ਸਮਝਿਆ ਜਾਂਦਾ ਸੀ। ਅੱਜ ਆਰਕੈਸਟਰਾ ਵਾਲੀਆਂ ਦੀ ਵੀ ਉਹੀ ਪਹਿਚਾਨ ਬਣ ਚੁੱਕੀ ਹੈ। ਕਦੇ ਕਿਸੇ ਨੇ ਸੋਚਿਆ ਕਿ ਉਨ੍ਹਾ ਵਿਚਾਰੀਆਂ ਦੀ ਕੀ ਮਜਬੂਰੀ ਹੋਵੇਗੀ ਜਿਹੜਾ ਉਹ ਇਨ੍ਹਾ ਸ਼ਰਮ ਭਰਿਆ ਕੰਮ ਕਰ ਰਹੀਆਂ ਹਨ।ਸਟੇਜਾਂ ਤੇ ਡਾਂਸ ਕਰਦੀਆਂ ਕੁੜੀਆਂ ਨੂੰ ਲਲਚਾਈਆ ਨਜਰਾਂ ਨਾਲ ਵੇਖਣ ਵਾਲਿਓ! ਜਰਾ ਸੋਚੇ, ਉਹ ਵਿਚਾਰੀਆਂ ਆਪਣਾ ਦੀਨ ਇਮਾਨ ਗਵਾ ਕੇ ਤੁਹਾਡੀਆਂ ਖੁਸ਼ੀਆਂ ਨੂੰ ਚਾਰ ਚੰਨ ਲਗਾਉਣ ਆਈਆਂ ਹਨ। ਖੁਸ਼ੀਂ ਦੇ ਮੌਕੇ ਸਾਡੀਆਂ ਘਰ ਦੀਆਂ ਜਨਾਨੀਆਂ, ਸਾਡੀਆਂ ਭੈਣਾ ਵੀ ਸਾਡੇ ਨਾਲ ਡਾਂਸ ਕਰਦੀਆ ਹਨ, ਸਾਡੇ ਨਾਲ ਨੱਚਦੀਆਂ ਟੱਪਦੀਆਂ ਹਨ ਉਨ੍ਹਾ ਨੂੰ ਵੇਖ ਕੇ ਮਨ ਵਿੱਚ ਗੰਦੇ ਵਿਚਾਰ ਕਿਉਂ ਨਹੀਂ ਆਉਦੇ ? ਆਪਣੀ ਰੋਜੀ-ਰੋਟੀ ਚਲਾਉਣ ਲਈ ਕੁੱਝ ਪੈਸੇ ਲੈ ਕੇ ਸਟੇਜਾਂ ਤੇ ਨੱਚਣਾ ਉਨ੍ਹਾ ਦੀ ਪਤਾ ਨਹੀਂ ਕੀ ਮਜਬੂਰੀ ਹੋਉ, ਕੋਈ ਸ਼ੌਕ ਨਾਲ ਅਜਿਹਾ ਪ੍ਰਫੈਸ਼ਨ ਨਹੀਂ ਚੁਣਦਾ। ਉਨ੍ਹਾ ਨੇ ਸਟੇਜਾਂ ਤੇ ਨੱਚਣਾ ਹੈ ਅਤੇ ਤੁਸੀਂ ਥੱਲੇ ਆਪਣੇ ਯਾਰਾਂ ਦੋਸਤਾਂ, ਭੈਣਾ-ਭਰਾਵਾਂ ਨਾਲ ਖੁਸ਼ੀ ਮਨਾਉਣੀ ਇਹ ਤਾਂ ਸੱਭਿਅਕ ਗੱਲ ਹੈ ਪਰ ਤੁਸੀਂ ਤਾਂ ਸਟੇਜਾਂ ਤੇ ਚੜ੍ਹ ਕੇ ਉਨ੍ਹਾਂ ਨੂੰ ਖਾ ਜਾਣਾ ਲੋਚਦੇ ਆ। ਇਹ ਕੀ ਗੱਲ ਹੋਈ ਕਿ ਜੇਕਰ ਡਾਨਸਰ ਜਾਂ ਪ੍ਰਬੰਧਕ ਤੁਹਾਨੂੰ ਸਟੇਜਾਂ ਤੇ ਨਾ ਚੜਨ ਦੇਣ ਤਾਂ ਗੋਲੀ ਚਲਾ ਦਿਓ? 

ਇਸ ਦੁਖਿਆਰੇ ਘਟਨਾ ਕ੍ਰਮ ਵਿੱਚ ਮੌਤ ਚਾਹੇ ਹੁਣ ਇੱਕ ਲਾਚਾਰ ਕੁੜੀ ਅਤੇ ਉਸ ਦੇ ਹੋਣ ਵਾਲੇ ਬੱਚੇ ਦੀ ਹੋਈ ਹੈ। ਪਰ ਵਿਆਹਾਂ ਵਿੱਚ ਗੋਲੀਆਂ ਚੱਲਣਾ ਆਮ ਜਿਹੀ ਗੱਲ ਹੋ ਗਈ ਹੈ। ਕੋਣ ਚਲਾਉਂਦਾ ਹੈ ਇਹ ਗੋਲੀਆਂ ? ਕੋਈ ਬਾਹਰੋਂ ਆ ਕੇ ਨਹੀਂ ਚਲਾਉਂਦਾ। ਅਸੀਂ ਆਪ ਹੀ ਅਜਿਹੇ ਘਟੀਆ ਕਾਰੇ ਕਰਦੇ ਹਾਂ। 'ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ' ਲੱਖ ਲਾਹਨਤਾ ਅਜਿਹੇ ਸ਼ੋਂਕ ਤੇ। ਸਾਡੇ ਕੁੱਝ ਅਖੋਤੀ ਗਾਇਕਾ ਨੇ ਸਾਡੀ ਪੀੜੀ ਦੀ ਸੋਚ ਨੂੰ ਘਟਿਆ ਪਾਸੇ ਮੌੜ ਕੇ ਰੱਖ ਦਿੱਤਾ। ਸਾਡੀਆਂ ਧੀਆਂ ਭੈਣਾਂ ਦੇ ਹੱਥਾ ਵਿੱਚ ਹਥਿਆਰ ਫੜਾ ਦਿੱਤੇ। ਔਰਤ ਜਿਸ ਨੂੰ ਕੋਮਲਤਾ, ਸ਼ਾਤੀ ਤੇ ਪਿਆਰ ਦੀ ਮੂਰਤ ਕਿਹਾ ਜਾਦਾ ਸੀ ਜੇਕਰ ਉਸ ਦੇ ਹੱਥਾਂ ਵਿੱਚ ਵੀ ਹਥਿਆਰ ਆ ਗਏ ਤਾਂ ਪਿਆਰ ਤਾਂ ਦੁਨੀਆਂ ਤੋਂ ਹੀ ਖਤਮ ਹੋ ਜਾਵੇਗਾ। ਔਰਤ ਹੀ ਤਾਂ ਪਿਆਰ ਕਰਨਾ ਸਖਾਉਂਦੀ ਹੈ। ਸਭ ਤੋਂ ਪਹਿਲਾ ਉਹ ਆਪਣੇ ਪਿਤਾ ਨੂੰ ਪਿਆਰ ਦਿੰਦੀ ਹੈ, ਫਿਰ ਭਰਾਵਾਂ ਨੂੰ, ਫਿਰ ਪਤੀ ਨੂੰ ਉਸ ਤੋਂ ਬਾਅਦ ਆਪਣੇ ਬੱਚਿਆ ਨੂੰ। ਜਦੋਂ ਕੋਈ ਅੋਰਤ ਆਪਣੇ ਕੋਲ ਹਥਿਆਰ ਰੱਖਣਾ ਸ਼ੁਰੂ ਕਰ ਦਿੰਦੀ ਹੈ ਤਾਂ ਉਸ ਨੂੰੰ ਕੋਈ ਵੀ ਪਸੰਦ ਨਹੀ ਕਰਦਾ, ਸਾਡੇ ਅਖੋਤੀ ਗਾਇਕਾ ਨੇ ਤਾਂ ਪਿਆਰ ਦੀ ਮੂਰਤ ਦੇ ਹੱਥਾਂ ਵਿੱਚ ਵੀ ਹਥਿਆਰ ਫੜਾ ਦਿੱਤੇ।

ਜਦੋਂ ਸਾਡੇ ਬੱਚੇ ਸੁਣਨਗੇ ਕਿ 'ਜਿਥੇਂ ਹੁੰਦੀ ਏ ਪਾਬੰਦੀ ਹਥਿਆਰ ਦੀ ਨੀ ਉਥੇ ਜੱਟ ਫਾਇਰ ਕਰਦਾ' ਤਾਂ ਉਹਨਾ ਦੀ ਸੋਚ ਵੀ ਉਧਰ ਹੀ ਜਾਉਗੀ ਕਿ ਪੈਲਿਸ ਵਿੱਚ ਹਥਿਆਰਾਂ ਦੀ ਪਾਬੰਧੀ ਹੈ ਇਥੇਂ ਹੀ ਫਾਇਰ ਕਰਨਾ ਹੈ। ਕਿਉ ਨਹੀਂ ਲਾਗੂ ਹੁੰਦੇ ਇਹ ਕਾਨੂੰਨ। ਇਹ ਸਰਕਾਰ ਦੀ ਨਲਾਈਕੀ ਹੈ। ਹੁਣ ਇੱਕ ਮਾਸੁਮ ਨੇ ਬਲੀ ਦੇ ਦਿੱਤੀ ਸਰਕਾਰ ਦੀਆਂ ਕੁੱਝ ਅੱਖਾਂ ਖੁਲ੍ਹ ਜਾਣਗੀਆਂ। ਕੁੱਝ ਦਿਨਾਂ ਬਾਅਦ ਫਿਰ ਉਹੀ ਸਭ ਕੁੱਝ। ਸਾਡੀਆਂ ਸਰਕਾਰਾ ਆਪਣੀ ਸੱਤਾ ਕਾਇਮ ਰੱਖਣ ਲਈ ਬਿਨਾ ਸੋਚੇ ਸਮਝੇ ਅੱਖਾਂ ਮੀਟ ਕੇ ਆਪਣੇ ਨਜਦੀਕੀਆਂ ਨੂੰ ਹਥਿਆਰਾਂ ਦੇ ਲਾਈਸੰਸ ਦੇਈ ਜਾ ਰਹੀਅਂ ਹਨ।ਰੱਬ ਨਾ ਕਰੇ! ਜੇਕਰ ਕੋਈ ਅਜਿਹਾ ਵਕਤ ਆ ਜਾਵੇ ਕਿ ਲੋਕ ਸਰਕਾਰ ਦੇ ਵਿਰੁੱਧ ਹੋ ਜਾਣ ਤਾਂ ਸਰਕਾਰ ਇਸ ਮਾਹੋਲ ਨੂੰ ਸੰਭਾਲ ਨਹੀਂ ਸਕੇਗੀ। ਜਿਨ੍ਹੇ ਅਸਲੇ ਦੇ ਲਾਈਸੰਸ ਸਰਕਾਰ ਨੇ ਜਾਰੀ ਕਰ ਦਿੱਤੇ ਹਨ। ਜਿਨ੍ਹਾ ਅਸਲਾ ਲੋਕਾ ਕੋਲ ਹੈ ਉਨ੍ਹਾਂ ਤਾਂ ਪੁਲਿਸ ਕੋਲ ਨਹੀਂ ਹੋਵੇਗਾ। ਫਿਰ ਕਿਵੇਂ ਸੰਭਾਲਿਆ ਜਾਉ ਇਹ ਉਲਝਿਆ ਤਾਨਾ।ਇਸ ਦੁਨੀਆਂ ਤੇ ਸਭ ਕੁੱਝ ਸੰਭਵ ਹੈ ਬੱਸ! ਜਰੂਰਤ ਹੈ ਕਿਸੇ ਮੁਹਿੰਮ ਦੇ ਸ਼ੁਰੂਆਤ ਦੀ। ਮੇਰਾ ਦੋਸਤ ਅਤੇ ਵੱਡਾ ਵੀਰ ਫਿਲਮ ਆਰਟਿਸਟ ਮਨਿੰਦਰ ਮੋਗਾ ਨੇ ਇਸ ਮੰਦਭਾਗੀ ਘਟਨਾ ਸਬੰਧੀ ਹਾਅ! ਦਾ ਨਾਹਰਾ ਮਾਰਦਿਆਂ ਇੱਕ ਪੈਗਾਮ ਦਿੱਤਾ ਹੈ ਆਪਣਿਆ ਦੇ ਨਾਮ। ਜਿਸ ਵਿੱਚ ਉਸ ਨੇ ਇਨ੍ਹਾ ਦੁਖਆਰੀਆਂ ਧੀਆਂ ਭੈਣਾਂ ਦੀ ਰੱਖਿਆ ਲਈ ਇੱਕ ਮੁਹਿੰਮ ਛੇੜੀ ਹੈ ਜਿਸ ਲਈ ਉਹ ਵਧਾਈ ਦਾ ਪਾਤਰ ਹੈ। 

ਉਸ ਨੇ ਆਪਣੇ ਸੰਦੇਸ਼ ਵਿੱਚ ਲਿਖਿਆ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਨਸਾਨੀਅਤ ਸੱਚ ਵਿਚ ਮਰ ਚੁੱਕੀ ਹੈ। ੪ ਦਸੰਬਰ ੨੦੧੬ ਨੂੰ ਬਠਿੰਡਾ ਵਿਚ ਹੋਈ ਘਟਨਾ ਜਿਸ ਵਿਚ ਇੱਕ ਗਰਭਵਤੀ ੨੫ ਸਾਲਾਂ ਸਟੇਜ ਡਾਂਸਰ ਲੜਕੀ ਦੀ ਲਾੜੇ ਦੇ ਦੋਸਤ ਵੱਲੋਂ ਚਲਾਈ ਗਈ ਗੋਲੀ ਨਾਲ ਹੋਈ ਮੋਤ ... ਭੀੜ ਦਾ ਤਮਾਸ਼ਾ ... ਤੇ ਲੋਕਾਂ ਵੱਲੋਂ ਮਰੇ ਹੋਏ ਜਾਨਵਰ ਦੀ ਤਰਾਂ ਉਸ ਲੜਕੀ ਨੂੰ ਸਟੇਜ ਤੋਂ ਘਸੀਟਨਾ ... ਇਨਸਾਨੀਅਤ ਦੇ ਮਰਨ ਦੀ ਗਵਾਹੀ ਹੈ ... ਇਹ ਵਿਚਾਰੀਆਂ ਤਾਂ ਪਤੀ ... ਭਰਾ  ਦੇ ਫਰਜ ਨਿਭਾਓਦੀਆਂ ਹਨ ਜੋ ਆਪ  ਨਸ਼ਿਆਂ ਵਿਚ ਡੁਬੇ ਹਨ ... ਕੀ ਤੁਹਾਡਾ ਮਨ ਮੰਨਦਾ ਕਿ ਤੁਹਾਡੀ ਧੀ ... ਭੈਣ ਸ਼ਰਾਬੀਆਂ ਸਾਹਮਣੇ ਸਟੇਜ ਤੇ ਨੱਚੇ ... ਜੇ ਨਹੀਂ ਮੰਨਦਾ ਤਾਂ ਇਨਾਂ ਦੀ ਮਜ਼ਬੂਰੀ ਸਮਝੀਏ ... ਇਹਨਾ ਲਈ ਕਿਸੇ ਕਾਨੂੰਨ ਦੀ ਨਹੀ, ਸਾਡੇ ਸਾਥ ਦੀ ਲੋੜ ਹੈ ... ਮੇਰੀ ਇਸ ਮੁਹਿੰਮ ਵਿਚ ਮੇਰਾ ਸਾਥ ਦਿਉ ... ਬਸ ਇੱਕ ਤਰੀਕੇ ਨਾਲ ... ਕਿਸੇ ਫੰਕਸ਼ਨ ਵਿਚ ਜਾਦੇਂ ਹੋ ... ਕਿਸੇ ਦੇ ਹੱਥ  ਵਿਚ ਹਥਿਆਰ ਦੇਖੋ ਤਾਂ ਬਸ ਆਪਣੇ ਪਰਿਵਾਰ ਸਮੇਤ ਬਿਨਾ ਸ਼ਗਨ ਦਿਤੇ ਵਾਪਿਸ ਆ  ਜਾਉ ...  ਚਾਹੇ ਤੁਹਾਡੇ ਕਿੰਨੇ ਹੀ ਨਜਦੀਕੀ ਕਿਉਂ ਨਾ ਹੋਣ ... ਕਿਉਂਕਿ ਹਵਾ ਕਦੇ ਨਹੀਂ ਦੱਸਦੀ ਕਿ ਗੋਲੀ ਕਿਧਰ ਨੂੰ ਚਲਣੀ ਹੈ ... ਮਰਨ ਵਾਲੇ ਵਿਚ ਆਪਣੀ  ਧੀ, ਨੂੰਹ, ਭੈਣ, ਭਰਾ, ਪੁੱਤਰ, ਪਿਉ ਵੀ ਹੋ ਸਕਦਾ। ਇਹੋ ਜਿਹੇ ਫੰਕਸ਼ਨ ਦਾ ਬਾਈਕਾਟ ਤੁਹਾਡੇ ਪਰਿਵਾਰ ਦੀ ਲ਼ਾਈਫ ਇਨਸ਼ੋਰੇਨਸ ਪਾਲਿਸੀ ਹੈ। ... ਮੇਰੇ ਮੈਸੇਜ ਨਾਲ ਜੁੜੋ ... ਇਸ ਨੂੰ  ਬਹੁਤਾ ਨਹੀਂ  ਤਾ ਇੰਨੇ ਨੰਬਰਾਂ ਨੂੰ ਹੀ ਭੇਜ ਦਿਉ ਜਿੰਨੇ ਤੁਹਾਡੇ ਪਰਿਵਾਰ ਦੇ ਮੈਂਬਰ ਹਨ ... ਤੁਸੀਂ ਜੁੜੋ ਲੋਕ ਵੀ ਜੁੜਣਗੇ ... ਤੇ ਇਸ ਮੈਸੇਜ ਨੂੰ ਇਨਾ ਕੁ ਸ਼ੇਅਰ ਕਰਨਾ ਕਿ ਗੋਲੀਆਂ ਵਾਲੇ ਵਿਆਹ ਵਿਚ ਕੋਈ ਬਾਰਾਤੀ ਨਾ ਹੋਏ ... ਸਾਰੇ ਕੰਮ ਸਰਕਾਰ ਨੇ ਨਹੀਂ ਕਰਨੇ ... ਕੁਝ ਆਪ ਵੀ ਕਰਨੇ ਚਾਹੀਦੇ ... ਜੇ ਤੁਸੀਂ ਵੀ ਆਪਣੇ ਪਰਿਵਾਰ ਨਾਲ ਪਿਆਰ ਕਰਦੇ ਹੋ .. ਤਾਂ ਇਸ ਸੁਨੇਹੇ ਦਾ ਹਿਸਾ ਬਣੋ … ਤੁਸੀ ਜਾਗੋ ... ਲੋਕ ਵੀ ਜਾਗਣਗੇ  ... ਸਮਾਜ ਵੀ ਜਾਗੇਗਾ ... ਦੋਸਤੋ ਵਸਦੇ ਰਹੋਂ।