ਸੈਂਕੜੇ ਬਸਪਾ ਵਰਕਰਾਂ ਨੇ ਸ਼ਹਿਰ ਵਿੱਚ ਮਾਰਚ ਕੱਢਣ ਤੋਂ ਬਾਅਦ ਬਾਬਾ ਸ਼ਾਹਿਬ ਦੇ ਬੁੱਤ ਤੇ ਸਰਧਾਂਜਲੀ ਭੇਂਟ ਕੀਤੀ
5 Dariya News (ਅਜੇ ਪਾਹਵਾ)
ਲੁਧਿਆਣਾ 06-Dec-2016
ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ ਅੱਜ ਪ੍ਰੀਨਿਰਵਾਣ ਦਿਵਸ ਸੀ। ਉਨਾਂ ਨੂੰ ਸਰਧਾਂਜਲੀ ਦੇਣ ਦੇ ਮਕਸਦ ਨਾਲ ਅੱਜ ਬਹੁਜਨ ਸਮਾਜ ਪਾਰਟੀ ਦੇ ਸੈਂਕੜੇ ਵਰਕਰਾਂ ਨੇ ਹੱਥ ਵਿੱਚ ਨੀਲੇ ਝੰਡੇ ਫੜ ਕੇ ਸ਼ਹਿਰ ਵਿੱਚ ਸਕੂਟਰ ਮੋਟਰ ਸਾਈਕਲ ਮਾਰਚ ਕੱਢਿਆ ਅਤੇ ਅੰਬੇਡਕਰ ਚੌਂਕ ਸਥਿਤ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ ਤੇ ਜਾ ਫੁੱਲ ਮਾਲਾਵਾਂ ਭੇਂਟ ਕੀਤੀ। ਬਸਤੀ ਯੋਧੋਵਾਲ ਤੋਂ ਸੁਰੂ ਹੋਇਆ ਏਹ ਮਾਰਚ ਸਮਰਾਲਾ ਚੌਂਕ, ਚੀਮਾਂ ਚੌਂਕ, ਗਿੱਲ ਚੌਂਕ, ਬੱਸ ਸਟੈਂਡ, ਭਰਤ ਨਗਰ ਚੌਂਕ, ਕੈਲਾਸ ਸਿਨੇਮਾ ਚੌਂਕ, ਘੰਟਾ ਘਰ ਚੌਂਕ ਅਤੇ ਸਲੇਮਟਾਬਰੀ ਜੀ ਟੀ ਰੋਡ ਤੋਂ ਹੁੰਦਾ ਹੋਇਆ ਜਲੰਧਰ ਬਾਈਪਾਸ ਪਹੁੰਚਿਆ। ਜਿਥੇ ਸਾਰੇ ਵਰਕਰਾਂ ਨੇ ਬਾਬਾ ਸਾਹਿਬ ਨੂੰ ਸਰਧਾਂਜਲੀ ਦਿੰਦਿਆਂ ਪ੍ਰਣ ਕੀਤਾ ਕਿ ਜਿਥੇ ਉਹ ਸਮਾਜਿਕ ਕਦਰਾਂ ਕੀਮਤਾਂ ਦੀ ਲੜਾਈ ਇਮਾਨਦਾਰੀ ਨਾਲ ਲੜਨਗੇ ਉਥੇ ਹੀ ਸੱਤਾ ਪ੍ਰਾਪਤੀ ਲਈ ਭੈਣ ਕੁਮਾਰੀ ਮਾਇਆਵਤੀ ਵੱਲੋਂ ਲੜੇ ਜਾ ਰਹੇ ਸੰਘਰਸ਼ ਨੂੰ ਮੰਜਿਲ ਤੱਕ ਪਹੁੰਚਾਉਣ ਲਈ ਆਪਾ ਵਾਰ ਦੇਣਗੇ। ਆਗੂਆਂ ਨੇ ਕਿਹਾ ਕਿ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਲਿਤਾਂ ਤੇ ਪਿਛੜਿਆਂ ਦੇ ਮਸੀਹਾ ਸਨ ਜਿਨਾਂ ਦੇ ਉਧਾਰ ਲਈ ਉਨਾਂ ਅਪਣਾ ਜੀਵਨ ਕੁਰਬਾਨ ਕਰ ਦਿੱਤਾ। ਆਗੂਆਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਇਨਾਂ ਨੂੰ ਜੋ ਵੀ ਸੰਵਿਧਾਨਿਕ ਤਾਕਤਾਂ ਅਤੇ ਅਧਿਕਾਰ ਦਿੱਤੇ ਸਨ ਉਨਾਂ ਨੂੰ 65 ਸਾਲਾਂ ਤੋਂ ਸੱਤਾ ਤੇ ਬੇਈਮਾਨ ਆਗੂਆਂ ਨੇ ਖੋਹਿਆ ਹੈ। ਇਸ ਕਾਰਨ ਹੀ ਅੱਜ ਵੀ ਇਨਾਂ ਵਰਗਾਂ ਦੀ ਹਾਲਤ ਬਦ ਤੋਂ ਬਦਤਰ ਹੈ।
ਉਨਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਇਸ ਦੇ ਲਈ ਬਰਾਬਰ ਦੀਆਂ ਦੋਸ਼ੀ ਹਨ ਅਤੇ ਜੇਕਰ ਗੱਲ ਸੂਬਿਆਂ ਦੀ ਕੀਤੀ ਜਾਵੇ ਤਾਂ ਪੰਜਾਬ ਵਰਗੇ ਸੂਬੇ ਵਿੱਚ ਅਕਾਲੀ ਦਲ ਨੇ ਵੀ ਇਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਦਲਿਤਾਂ ਤੇ ਪਿਛੜਿਆਂ ਦਾ ਕਲਿਆਣ ਕਰਨ ਦੀ ਬਜਾਏ ਹਾਸੀਏ ਤੇ ਧੱਕ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਏਹ ਪਾਰਟੀਆਂ ਬਾਬਾ ਸਾਹਿਬ ਦਾ ਦੇਸ਼ ਭਰ ਵਿੱਚ ਪੂਰਾ ਸਾਲ ਜਨਮ ਦਿਨ ਮਨਾ ਰਹੀਆਂ ਹਨ ਅਤੇ ਦੂਸਰੇ ਪਾਸੇ ਦਲਿਤਾਂ ਅਤੇ ਪਿਛੜਿਆਂ ਤੇ ਅਣਮਨੁੱਖੀ ਤਸੱਦਦ ਹੋ ਰਹੇ ਹਨ ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਦਲਿਤਾਂ ਤੇ ਪਿਛੜਿਆਂ ਨੂੰ ਉੱਪਰ ਚੁੱਕਣ ਲਈ ਬਾਬਾ ਸਾਹਿਬ ਦੇ ਸਿਧਾਤਾਂ ਅਤੇ ਵਿਚਾਰਧਾਰਾ ਤੇ ਪਹਿਰਾ ਦੇਣ ਵਾਲੀ ਬਸਪਾ ਨੂੰ ਸੱਤਾ ਦੀਆਂ ਚਾਬੀਆਂ ਸੌਂਪਣੀਆਂ ਬਹੁਤ ਜਰੂਰੀ ਹਨ। ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਅੱਗੇ ਹੋ ਕੇ ਹੁਣ ਆਪਾ ਵਿਰੋਧੀ ਪਾਰਟੀਆਂ ਨੂੰ ਚੱਲਦਾ ਕਰ ਦੇਣਾ ਚਾਹੀਦਾ ਹੈ ਅਤੇ ਦੇਸ਼ ਤੇ ਸੂਬਿਆਂ ਦੀ ਵਾਗਡੋਰ ਬਸਪਾ ਨੂੰ ਸੌਂਪ ਦੇਣੀ ਚਾਹੀਦੀ ਹੈ। ਇਸ ਮੌਕੇ ਜੋਨ ਕੋਆਡੀਨੇਟਰ ਬਲਵਿੰਦਰ ਬਿੱਟਾ, ਮੰਡਲ ਕੋਆਡੀਨੇਟਰ ਸ਼ਿਵਚੰਦ ਗੋਗੀ, ਜਿਲ•ਾ ਪ੍ਰਧਾਨ ਜੀਤਰਾਮ ਬਸਰਾ ਅਤੇ ਨਿਰਮਲ ਸਿੰਘ ਸਾਇਆਂ, ਲਾਭ ਸਿੰਘ ਭਾਮੀਆਂ, ਸੁਰਿੰਦਰ ਕੁਮਾਰ ਮੇਹਰਬਾਨ, ਮਾਸਟਰ ਰਾਮਾਨੰਦ, ਲਾਲਜੀ ਪ੍ਰਤਾਪ, ਪ੍ਰਗਣ ਬਿਲਗਾ, ਪ੍ਰਵੀਨ ਕੁਮਾਰ, ਬੂਟਾ ਸਿੰਘ ਸੰਗੋਵਾਲ, ਟੀਟੂ ਅੰਬੇਡਕਰ, ਰਾਜਿੰਦਰ ਮੂਲਨਿਵਾਸੀ, ਕਮਲਜੀਤ ਕੌਰ ਅਟਵਾਲ, ਹਰਮਨ ਹੀਰ, ਜਸਪਾਲ ਭੋਰਾ, ਚਰਨ ਸਿੰਘ, ਦੀਦਾਰ ਸਿੰਘ, ਕੇਵਲ ਸਿੰਘ, ਕੇਤਨ ਕੁਮਾਰ, ਵਿੱਕੀ ਕੁਮਾਰ, ਧਰਮਿੰਦਰ ਸਿੰਘ, ਜਸਪਾਲ ਬੀਰੂ, ਪਵਨ ਧਾਂਦਰਾ, ਬਹਗਤ ਰੱਤੂ, ਇੰਦਰੇਸ਼ ਕੁਮਾਰ ਅਤੇ ਹੋਰ ਹਾਜਰ ਸਨ।