ਨੇਹਾ ਕਤਲ ਕਾਂਡ ਵਿੱਚ ਸ਼ਾਮਲ ਸਮਾਣਾ ਨਾਕਾ ਪੁਲਿਸ ਪਾਰਟੀ ਤੇ ਬਾਈ ਨਾਮ ਹੋਵੇ ਪਰਚਾ ਦਰਜ
ਪੀੜਤ ਪਰਿਵਾਰ ਨੂੰ ਦਿੱਤਾ ਜਾਵੇ ਇੱਕ ਕਰੋੜ ਮੁਆਵਜਾ ਤੇ ਸਰਕਾਰੀ ਨੌਕਰੀ: ਯੂ.ਐਚ.ਆਰ.ਓ.
5 Dariya News (ਅਜੈ ਪਾਹਵਾ)
ਲੁਧਿਆਣਾ 30-Nov-2016
ਯੂਨੀਵਰਸਲ ਹਿਊਮਨ ਰਾਈਟਸ ਔਰਗੇਨਾਈਜੇਸ਼ਨ ਦੇ ਪ੍ਰਧਾਨ ਸ: ਸਤਨਾਮ ਸਿੰਘ ਧਾਲੀਵਾਲ, ਚੈਅਰਮੇਨ ਬੀ.ਪੀ. ਸਿੰਘ ਗਿੱਲ, ਮੀਤ ਪ੍ਰਧਾਨ ਸ: ਮਨਜੀਤ ਸਿੰਘ ਨਾਂਗਲਾ, ਜਥੇਬੰਦਕ ਸਕੱਤਰ ਰਵਿੰਦਰ ਸਿੰਘ ਵੜੈਚ, ਸੂਬੇਦਾਰ ਜਲਵੰਤ ਸਿੰਘ ਚਾਹਲ ਅਤੇ ਬੀਬੀ ਪਰਮਜੀਤ ਕੌਰ ਜੋਤੀ ਨੇ ਐਤਵਾਰ ਸਵੇਰੇ ਵਾਪਰੇ ਨਾਭਾ ਜੇਲ੍ਹ ਕਾਂਡ ਤੋਂ ਬਾਅਦ ਬੌਖਲਾਹਟ ਵਿੱਚ ਆਈ ਸਮਾਣਾ ਪੁਲਿਸ ਪਾਰਟੀ ਵੱਲੋਂ ਸਮਾਣਾ ਨਜਦੀਕ ਪਿੰਡ ਧਰਮਹੇੜੀ ਵਿਖੇ ਲੱਗੇ ਪੁਲਿਸ ਨਾਕੇ ਤੇ ਸਿਵਫਟ ਕਾਰ ਤੇ ਵਿਆਹ ਦੇ ਪ੍ਰੋਗਰਾਮ ਤੇ ਆਪਣੀਆਂ ਦੋ ਸਹੇਲੀਆਂ ਨਾਲ ਪਿੰਡ ਅਰਨੋ ਜਾ ਰਹੀ ਨੇਹਾ ਸ਼ਰਮਾ ਨਾਮ ਦੀ ਅੋਰਕੇਸਟਰਾ ਡਾਂਸਰ ਨੂੰ ਗੋਲੀਆਂ ਮਾਰ ਕੇ ਮਾਰਨ ਅਤੇ ਇੱਕ ਹੋਰ ਰਾਹਗੀਰ ਨੂੰ ਜਖਮੀ ਕਰਨ ਦੀ ਘਟਨਾ ਤੇ ਡੂੰਘੇ ਦੁਖ ਦਾ ਇਜਹਾਰ ਕਰਦਿਆਂ ਕਿਹਾ ਕਿ ਇਹ ਬਹੁਤ ਵੱਡੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ| ਇਸ ਤਰ੍ਹਾਂ ਦੀਆਂ ਘਟਨਾਵਾਂ ਪੁਲਿਸ ਦੀ ਸ਼ਾਖ ਤੇ ਨਿਰਾ ਧੱਬਾ ਹੀ ਨਹੀਂ ਲਗਾਉਂਦੀਆਂ ਸਗੋਂ ਪੁਲਿਸ ਦੇ ਸਹੀ ਮਿਸ਼ਨ ਤੋਂ ਧਿਆਨ ਭਟਕਾਉਂਦੀਆਂ ਹਨ| ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ| ਮਿਤੀ: 29-04-2010 ਨੂੰ ਐਨ.ਆਰ.ਆਈ. ਬੁੱਧ ਸਿੰਘ ਨੂੰ ਬਾਘਾ ਪੁਰਾਣਾ ਪੁਲਿਸ ਪਾਰਟੀ ਵੱਲੋਂ ਗੋਲੀਆਂ ਮਾਰ ਕੇ ਜਖਮੀ ਕਰਨ ਅਤੇ ਮਿਤੀ: 16 ਜੂਨ,2015 ਨੂੰ ਅਕਾਲੀ ਲੀਡਰ ਮੁਖਜੀਤ ਸਿੰਘ ਵੇਰਕਾ ਨੂੰ ਵੇਰਕਾ ਨੇੜੇ ਪਿੰਡ ਮੁਧਾਲ ਵਿਖੇ ਅੰਮ੍ਰਿਤਸਰ ਪੁਲਿਸ ਪਾਰਟੀ ਵੱਲੋਂ ਗੋਲੀਆਂ ਮਾਰ ਕੇ ਮਾਰਨ ਵਰਗੀਆਂ ਵੀ ਘਟਨਾਵਾਂ ਵਾਪਰ ਚੁੱਕੀਆਂ ਹਨ| ਇਸ ਤਰ੍ਹਾਂ ਦੀਆਂ ਪੁਲਿਸ ਵਧੀਕੀ ਦੀਆਂ ਘਟਨਾਵਾਂ 84 ਦੇ ਦਹਾਕੇ ਨੂੰ ਦੋਹਰਾਉਂਦੀਆਂ ਹਨ| ਉਨ੍ਹਾਂ ਸਮਾਣਾ ਪੁਲਿਸ ਵੱਲੋਂ ਅਣਪਛਾਤੇ ਪੁਲਿਸ ਵਾਲੇ ਤੇ 302 ਦਾ ਪਰਚਾ ਦਰਜ ਕਰਨ ਦੀ ਘਟਨਾ ਨੂੰ ਹੱਸੋਹੀਣਾ ਤੇ ਸ਼ਰਮਸਾਰ ਦੱਸਦਿਆਂ ਕਿਹਾ ਕਿ ਸਾਡੇ ਪੰਜਾਬ ਰਾਜ ਵਿੱਚ ਕਿਹੋ ਜਿਹਾ ਮਾਪਦੰਡ ਅਪਣਾਇਆ ਜਾਂਦਾ ਹੈ? ਇੱਕ ਪਾਸੇ ਤਾਂ ਨਾਭਾ ਜੇਲ੍ਹ ਕਾਂਡ ਦੇ ਵਿੱਚ ਚੰਡੀਗੜ੍ਹ ਬੈਠੇ ਏ.ਡੀ.ਜੀ.ਪੀ. ਸ਼੍ਰੀ ਐਮ.ਕੇ ਤਿਵਾੜੀ ਨੂੰ ਵੀ ਬਿਨ੍ਹਾਂ ਕਸੂਰ ਜੇਲ੍ਹ ਬਰੇਕ ਕਾਂਡ ਦਾ ਦੋਸ਼ੀ ਬਣਾ ਕੇ ਸੈਂਸਪੇਂਡ ਕਰ ਦਿੱਤਾ ਗਿਆ, ਦੂਜੇ ਪਾਸੇ ਮੈਕਸੀਮਮ ਸਿਕਓਰਟੀ ਜੇਲ੍ਹ ਨਾਭਾ ਦੀ ਬਾਹਰੀ ਸੁਰੱਖਿਆ ਨਾ ਮੁਹੱਈਆ ਕਰਾਉਣ ਲਈ ਜਿੰਮੇਵਾਰ ਜਿਲ੍ਹਾ ਪੁਲਿਸ ਮੁੱਖੀ ਨੂੰ ਅੱਖੋ ਪਰੋਖੇ ਕਰ ਦਿੱਤਾ ਗਿਆ|
ਉਨ੍ਹਾਂ ਕਿਹਾ ਕਿ ਜੇਕਰ ਜਿਲ੍ਹਾ ਪੁਲਿਸ ਮੁਖੀ ਵੱਲੋਂ ਜੇਲ੍ਹ ਨੂੰ ਬਾਹਰੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੁੰਦੀ ਅਤੇ ਖੂਫੀਆ ਵਿਭਾਗ ਜੇਲ੍ਹ ਦੇ ਬਾਹਰ ਆਪਣੀ ਜਿੰਮੇਵਾਰੀ ਪੂਰੀ ਨਿਭਾਉਂਦੀ ਤਾਂ ਇਹ ਅਣਸੁਖਾਵੀਂ ਘਟਨਾ ਨਾ ਵਾਪਰਦੀ| ਇਸੇ ਤਰ੍ਹਾਂ ਹੀ ਸਮਾਣਾ ਪੁਲਿਸ ਪਾਰਟੀ ਨੂੰ ਨੇਹਾ ਕਤਲ ਕਾਂਡ ਵਿੱਚ ਕਲੀਨ ਚਿਟ ਦੇ ਕੇ ਇੱਕ ਅਣਪਛਾਤੇ ਮੁਲਾਜਮ ਤੇ 302 ਦਾ ਪਰਚਾ ਦਰਜ ਕਰ ਦਿੱਤਾ ਗਿਆ| ਉਨ੍ਹਾਂ ਕਿਹਾ ਕਿ ਜੇਕਰ ਸ਼੍ਰੀ ਐਮ.ਕੇ. ਤਿਵਾੜੀ ਏ.ਡੀ.ਜੀ.ਪੀ. ਜੇਲ੍ਹ ਨਾਭਾ ਜੇਲ੍ਹ ਕਾਂਡ ਵਿੱਚ ਵਾਪਰਨ ਦੀਆਂ ਅਣਗਹਿਲੀਆਂ ਲਈ ਸ਼ਾਮਲ ਹੋ ਸਕਦਾ ਹੈ ਤਾਂ ਨੇਹਾ ਕਤਲ ਕਾਂਡ ਵਿੱਚ ਮੌਕੇ ਹਾਜਰੀਨ ਪੁਲਿਸ ਪਾਰਟੀ ਮੁਖੀ ਅਤੇ ਹੋਰ ਮੁਲਾਜਮ ਕਿਸ ਤਰ੍ਹਾਂ ਸ਼ਾਮਲ ਨਹੀਂ ਹਨ| ਉਨ੍ਹਾਂ ਸਰਕਾਰ ਕੋਲੋਂ ਨੇਹਾ ਸ਼ਰਮਾ ਕਤਲ ਕਾਂਡ ਵਿੱਚ ਸਾਰੀ ਪੁਲਿਸ ਪਾਰਟੀ ਤੇ ਐਫ.ਆਈ.ਆਰ.ਦਰਜ ਕਰਨ, ਪੀੜਤ ਪਰਿਵਾਰ ਨੂੰ ਵੀ ਇੱਕ ਕਰੋੜ ਰੁਪੈ ਮੁਆਵਜਾ ਦੇਣ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ| ਉਨ੍ਹਾਂ ਇਹ ਵੀ ਕਿਹਾ ਕਿ ਪੀੜਤ ਪਰਿਵਾਰ ਨੂੰ ਦਿੱਤਾ ਜਾਣ ਵਾਲਾ ਇੱਕ ਕਰੋੜ ਰੁਪੈ ਮੁਆਵਜਾ ਨੇਹਾ ਸ਼ਰਮਾ ਕਤਲ ਕਾਂਡ ਵਿੱਚ ਸ਼ਾਮਲ ਪੁਲਿਸ ਪਾਰਟੀ ਤੋਂ ਵਸੂਲਿਆ ਜਾਵੇ, ਤਾਂ ਜੋ ਅਗਾਂਹ ਵਾਸਤੇ ਪੁਲਿਸ ਦੀ ਅਕਸ ਵਿਗਾੜਨ ਵਾਲੀਆਂ ਘਟਨਾਵਾਂ ਨਾ ਵਾਪਰਨ| ਜੇਕਰ ਸਮਾਣਾ ਨਾਕਾ ਪੁਲਿਸ ਪਾਰਟੀ ਤੇ ਬਾਈ ਨਾਮ ਪਰਚਾ ਨਾ ਦਰਜ ਕੀਤਾ ਗਿਆ ਤਾਂ ਸੰਸਥਾ ਇਸ ਮਾਮਲੇ ਨੂੰ ਹਾਈ ਕੋਰਟ ਤੱਕ ਲੈ ਕੇ ਜਾਵੇਗੀ|