5 Dariya News

ਪਿੰਡ ਨੱਥੋਵਾਲ ਦੇ ਗੋਲਡ ਕੱਪ ਹਾਕੀ ਟੂਰਨਾਮੈਂਟ 'ਚ ਪਿੰਡ ਜੱਸੋਵਾਲ ਕੁਲਾਰ ਦੀ ਟੀਮ ਜੇਤੂ ਰਹੀ

ਪਿੰਡ ਘੋਲੀਆ ਦੀ ਟੀਮ ਰਹੀ ਦੂਜੇ ਸਥਾਨ 'ਤੇ, ਪੰਜਾਬ ਦੀਆਂ ਮਸ਼ਹੂਰ 32 ਟੀਮਾਂ ਨੇ ਲਿਆ ਹਿੱਸਾ

5 Dariya News (ਅਜੇ ਪਾਹਵਾ)

ਰਾਏਕੋਟ 29-Nov-2016

ਸ਼ਹੀਦਾਂ ਅਤੇ ਫੌਜੀਆਂ ਦੇ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਨੱਥੋਵਾਲ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਤਿੰਨ ਰੋਜ਼ਾ ਗੋਲਡ ਕੱਪ ਹਾਕੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੀਆਂ 32 ਨਾਮੀਂ ਟੀਮਾਂ ਨੇ ਭਾਗ ਲਿਆ। ਪਿੰਡ ਜੱਸੋਵਾਲ ਕੁਲਾਰ ਦੀ ਟੀਮ ਨੇ ਫਾਈਨਲ ਮੁਕਾਬਲੇ ਵਿੱਚ ਪਿੰਡ ਘੋਲੀਆ ਦੀ ਟੀਮ ਨੂੰ 1-0 ਗੋਲ ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ।ਸ਼ਹੀਦ ਕੁਲਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿੱਚ ਹੋਏ ਟੂਰਨਾਮੈਂਟ ਦੀਆਂ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰ. ਅਮਰਦੀਪ ਸਿੰਘ ਬੈਂਸ ਅਤੇ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲਾ ਲੋਕ ਸੰਪਰਕ ਅਫ਼ਸਰ, ਲੁਧਿਆਣਾ ਨੇ ਕੀਤੀ।ਮੁੱਖ ਪ੍ਰਬੰਧਕ ਰਾਜ ਖਾਨ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ ਖ਼ਿਡਾਰੀ ਦਲਜੀਤ ਸਿੰਘ ਮੀਨੀਆਂ ਨੂੰ ਬੈੱਸਟ ਪਲੇਅਰ ਚੁਣਿਆ ਗਿਆ। ਜੇਤੂ ਰਹਿਣ ਵਾਲੀ ਪਿੰਡ ਜੱਸੋਵਾਲ ਕੁਲਾਰ ਦੀ ਟੀਮ ਨੂੰ 25 ਹਜ਼ਾਰ ਰੁਪਏ ਅਤੇ ਉੱਪ ਜੇਤੂ ਟੀਮ ਨੂੰ 18 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਦੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਉਨਾਂ ਦੱਸਿਆ ਕਿ ਸਾਲਾਨਾ ਹੋਣ ਵਾਲੇ ਇਸ ਟੂਰਨਾਮੈਂਟ ਨੂੰ ਲਗਾਤਾਰ ਤਿੰਨ ਵਾਰ ਜਿੱਤਣ ਵਾਲੀ ਟੀਮ ਨੂੰ ਗੋਲਡ ਕੱਪ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਵਾਰ ਟੂਰਨਾਮੈਂਟ ਦਾ ਪਹਿਲਾ ਇਨਾਮ ਕਾਕਾ ਅਵਨਿੰਦਰ ਸਿੰਘ ਬੁੱਟਰ ਕੈਨੇਡਾ ਦੇ ਪਰਿਵਾਰ ਵੱਲੋਂ ਦਿੱਤਾ ਗਿਆ। ਜਦਕਿ ਦੂਜਾ ਇਨਾਮ ਬਲਜਿੰਦਰ ਸਿੰਘ ਬੱਬਾ ਦੁਬਈ, ਗੁਰਮੀਤ ਸਿੰਘ ਹਠੂਰ ਕੈਨੇਡਾ ਅਤੇ ਸੁਖਦੀਪ ਸਿੰਘ ਹਠੂਰ ਕੈਨੇਡਾ ਦੇ ਪਰਿਵਾਰਾਂ ਵੱਲੋਂ ਦਿੱਤਾ ਗਿਆ ਸੀ।ਰਾਜ ਖਾਨ ਨੇ ਦੱਸਿਆ ਕਿ ਇਸ ਟੂਰਨਾਮੈਂਟ ਨੂੰ ਕਰਾਉਣ ਦਾ ਮਕਸਦ ਰਾਸ਼ਟਰੀ ਖੇਡ ਹਾਕੀ ਨੂੰ ਮੁੜ ਸੁਰਜੀਤ ਕਰਨਾ ਸੀ, ਜਿਸ ਵਿੱਚ ਉਹ ਸਫ਼ਲ ਰਹੇ ਹਨ। ਇਸ ਮੌਕੇ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸ੍ਰ. ਅਮਨਦੀਪ ਸਿੰਘ ਗਿੱਲ, ਨੌਜਵਾਨ ਆਗੂ ਸ੍ਰ. ਪਰਮਪ੍ਰੀਤ ਸਿੰਘ ਸਿੱਧੂ ਮੂੰਮ, ਜਗਪ੍ਰੀਤ ਸਿੰਘ ਬੁੱਟਰ, ਗਗਨਦੀਪ ਸਿੰਘ ਸਤਿਕਰਤਾਰ ਮਨੀ ਚੇਂਜਰ, ਦੀਪਾ ਬੱਸੀਆਂ ਕੈਨੇਡਾ, ਜਗਦੀਪ ਸਿੰਘ, ਸੁਖਵਿੰਦਰ ਸਿੰਘ, ਬਲਵੀਰ ਸਿੰਘ ਬੀਰਾ, ਸੁਖਵਿੰੰਦਰ ਸਿੰਘ ਸੁੰਦਰ ਅਤੇ ਹੋਰ ਹਾਜ਼ਰ ਸਨ।