5 Dariya News

ਨੋਟਾਂ ਦੇ ਥੈਲੀਆਂ ਇਕੱਠੀਆਂ ਕਰ ਰਿਹਾ ਹੈ ਕੇਜਰੀਵਾਲ: ਅਕਾਲੀ ਦਲ

5 Dariya News

ਚੰਡੀਗੜ੍ਹ 26-Nov-2016

ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਆਪਣੇ ਪਿਆਦਿਆਂ ਦੁਰਗੇਸ਼ ਪਾਠਕ ਅਤੇ ਸੰਜੇ ਸਿੰਘ ਰਾਂਹੀ ਪਾਰਟੀ ਉਮੀਦਵਾਰਾਂ ਨੋਟਾਂ ਦੀਆਂ ਥੈਲੀਆਂ ਇਕੱਠੀਆਂ ਕਰਨ 'ਚ ਜੁਟਿਆ ਹੈ। ਜਿਹੜੇ ਉਮੀਦਵਾਰ ਉਸ ਦੇ ਹੁਕਮ ਦੀ ਅਦੂਲੀ ਕਰਦੇ ਹਨ, ਉਹਨਾਂ ਦੀ ਟਿਕਟਾਂ ਵਾਪਸ ਖੋਹੀਆਂ ਜਾ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਆਪ ਨੇ ਉਹਨਾਂ ਉਮੀਦਵਾਰਾਂ ਦੀਆਂ ਟਿਕਟਾਂ ਖੋਹੀਆਂ ਗਈਆਂ ਹਨ, ਜਿਹਨਾਂ ਦੀ ਜਿੱਤਣ ਦੀ ਯੋਗਤਾ ਨੂੰ ਪਾਰਟੀ ਦੇ ਅੰਦਰੂਨੀ ਸਰਵੇਖਣ ਰਾਂਹੀ ਪਰਖਣ ਮਗਰੋਂ ਹੀ ਟਿਕਟਾਂ ਦਿੱਤੀਆਂ ਗਈਆਂ ਸਨ।ਇਹ ਸ਼ਬਦ ਲੋਕ ਸਭਾ ਮੈਂਬਰ ਸ਼ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੀਨੀਅਰ ਅਕਾਲੀ ਮੰਤਰੀ ਸ਼ ਸ਼ਰਨਜੀਤ ਸਿੰਘ ਢਿੱਲੋਂ ਨੇ ਇੱਥੇ ਇੱਕ ਸਾਂਝਾ ਪ੍ਰੈਸ ਨੋਟ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ  ਆਪ ਲੀਡਰਸ਼ਿਪ ਨੇ ਪਿਛਲੇ 2 ਦਿਨਾਂ ਵਿਚ ਆਪਣੇ ਦੋ ਉੰਮੀਦਵਾਰਾਂ- ਭੋਆ ਹਲਕੇ ਤੋਂ ਵਿਨੋਦ ਕੁਮਾਰ ਅਤੇ ਧਰਮਕੋਟ ਹਲਕੇ ਤੋਂ ਡਾæ ਰਣਜੋਧ ਸਿੰਘ ਸਰਾਂ- ਦੀ ਟਿਕਟ ਕੱਟ ਦਿੱਤੀ ਹੈ।ਵਿਨੋਦ ਕੁਮਾਰ ਨੇ ਪਾਰਟੀ ਅੰਦਰ ਉੱਚ ਲੀਡਰਸ਼ਿਪ ਦੁਆਰਾ ਪੈਸੇ ਇਕੱਠੇ ਕਰਨ ਦੇ ਰੁਝਾਣ ਦਾ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਪਾਠਕ ਅਤੇ ਸੰਜੇ ਸਿੰਘ ਨੇ ਉਸ ਤੋਂ ਇੱਕ ਕਰੋੜ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਜੇਕਰ ਉਹ ਪੈਸੇ ਨਹੀਂ ਦੇ ਸਕਦਾ ਤਾਂ ਕੋਈ ਪਰਿਵਾਰਕ ਕਾਰਣ ਦੱਸ ਕੇ ਚੋਣ ਮੈਦਾਨ ਵਿਚੋਂ ਹਟ ਜਾਵੇ ਤਾਂ ਕਿ ਉਹ ਕਿਸੇ ਪੈਸੇ ਦੇਣ ਵਾਲੇ ਨੂੰ ਉਸ ਦੀ ਥਾਂ ਉਮੀਦਵਾਰ ਬਣਾ ਦੇਣ। ਉਹਨਾਂ ਕਿਹਾ ਕਿ ਸਰਾਂ ਨੇ ਭਾਂਵੇ ਅਜੇ ਆਪਣੀ ਜ਼ੁਬਾਨ ਨਹੀਂ ਖੋਲ੍ਹੀ, ਪਰ ਜਲਦੀ ਹੀ ਅਜਿਹਾ ਕੋਈ ਖੁਲਾਸਾ ਕਰਨ ਦਾ ਸੰਕੇਤ ਦਿੱਤਾ ਹੈ।

ਅਕਾਲੀ ਆਗੂਆਂ ਨੇ ਕਿਹਾ ਕਿ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਮਗਰੋਂ ਆਪ ਦੀ ਪੈਸੇ ਇੱਕਠੇ ਕਰਨ ਦੀ ਰਣਨੀਤੀ ਬਾਰੇ ਆਪ ਮੁਖੀ ਕੇਜਰੀਵਾਲ ਨੇ ਵੀ ਇਸ਼ਾਰਾ ਕਰ ਦਿੱਤਾ ਸੀ ਕਿ ਇਹ ਸੂਚੀ ਆਰਜ਼ੀ ਹੈ ਅਤੇ ਕੋਈ ਵੀ ਉਮੀਦਵਾਰ ਬਦਲਿਆ ਜਾ ਸਕਦਾ ਹੈ। ਉਸ ਦਾ ਸੰਕੇਤ ਸਪੱਸ਼ਟ ਸੀ ਕਿ ਜਿਹੜੇ ਉਮੀਦਵਾਰ ਪਾਰਟੀ ਦਾ ਹੁਕਮ ਮੰਨ ਕੇ ਉਹਨਾਂ ਅੱਗੇ ਮਾਇਆ ਦੇ ਥੈਲੇ ਨਹੀਂ ਖੋਲ੍ਹਣਗੇ, ਉਹਨਾਂ ਦੀ ਟਿਕਟ ਬਦਲ ਦਿੱਤੀ ਜਾਵੇਗੀ।ਦੋ ਉਮੀਦਵਾਰਾਂ ਦੀ ਟਿਕਟ ਕੱਟਣ ਅਤੇ ਬਾਕੀਆਂ ਨੂੰ ਮਿਲੀ ਸੰਕੇਤਕ ਧਮਕੀ ਦੇਣ ਮਗਰੋਂ ਆਮ ਆਦਮੀ ਪਾਰਟੀ ਅੰਦਰ ਗੁੱਸੇ ਅਤੇ ਬੇਚੈਨੀ ਦੀ ਭਾਵਨਾ ਪਨਪਣ ਲੱਗੀ ਹੈ। ਪਾਰਟੀ ਉਮੀਦਵਾਰਾਂ ਨੂੰ ਡਰ ਸਤਾ ਰਿਹਾ ਹੈ ਕਿ ਜੇਕਰ ਉਹ ਹਾਈਕਮਾਂਡ ਅੱਗੇ ਨੋਟਾਂ ਦੇ ਥੈਲੇ ਨਾ ਵਿਛਾ ਸਕੇ ਤਾਂ ਉਹਨਾਂ ਦੀ ਛਾਂਟੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਆਪ ਆਗੂਆਂ ਵੱਲੋਂ ਪਾਰਟੀ ਉਮੀਦਵਾਰਾਂ ਨੂੰ ਹਿਟਲਰੀ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ ਕਿ ਜਾਂ ਤਾਂ ਪੈਸੇ ਦਿਓ ਜਾਂ ਫਿਰ ਪਾਰਟੀ ਦੀ ਟਿਕਟ ਵਾਪਸ ਕਰ ਦਿਓ।ਉਹਨਾਂ ਕਿਹਾ ਕਿ ਜਦੋਂ ਵੀਰਵਾਰ ਨੂੰ ਵਿਨੋਦ ਕੁਮਾਰ ਨੇ ਆਪ ਅੰਦਰ ਫੈਲ ਰਹੇ ਭ੍ਰਿਸ਼ਟਾਚਾਰ ਦਾ ਖੁਲਾਸਾ ਕੀਤਾ ਸੀ ਤਾਂ ਪਾਰਟੀ ਦਾ ਜੁਆਬ ਸੀ ਕਿ ਮਾੜੀ ਕਾਰਗੁਜ਼ਾਰੀ ਕਾਰਣ ਉਸ ਦੀ ਟਿਕਟ ਪਹਿਲਾਂ ਹੀ ਵਾਪਸ ਲੈ ਲਈ ਗਈ ਸੀ। ਸਰਾਂ ਨੂੰ ਵੀ ਵਧੀਆ ਕਾਰਗੁਜ਼ਾਰੀ ਨਾ ਹੋਣ ਦਾ ਦੋਸ਼ ਲਾ ਕੇ ਚੋਣ ਮੈਦਾਨ ਵਿਚੋਂ ਹਟਾਇਆ ਗਿਆ ਹੈ। ਆਪ ਲੀਡਰਸ਼ਿਪ ਦੀ ਨਜ਼ਰ ਵਿਚ ਇਹਨਾਂ ਉਮੀਦਵਾਰਾਂ ਦੀ ਕਾਰਗੁਜ਼ਾਰੀ ਇਸ ਨੁਕਤੇ ਤੋਂ ਮਾੜੀ ਸੀ ਕਿ ਦੋਵਾਂ ਨੇ ਨੋਟਾਂ ਦੇ ਥੈਲੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ।