5 Dariya News

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਦਲਿਤ ਭਾਈਚਾਰੇ ਨਾਲ ਸਬੰਧਿਤ ਹੋਵੇਗਾ ਉਪ ਮੁੱਖ ਮੰਤਰੀ : ਅਰਵਿੰਦ ਕੇਜਰੀਵਾਲ

5 Dariya News

ਗੋਰਾਇਆ (ਜਲੰਧਰ) 25-Nov-2016

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਉਪ ਮੁੱਖ ਮੰਤਰੀ ਦਾ ਅਹੁਦਾ ਦਲਿਤ ਭਾਈਚਾਰੇ ਨਾਲ ਸਬੰਧਿਤ ਚੁਣੇ ਗਏ ਨੁਮਾਇੰਦੇ ਨੂੰ ਦਿੱਤਾ ਜਾਵੇਗਾ।19 ਬਿੰਦੂਆਂ ਵਾਲਾ ਦਲਿਤ ਚੋਣ ਮਨੋਰਥ ਪੱਤਰ ਜਾਰੀ ਕਰਨ ਮੌਕੇ ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਸਿਆਸੀ ਪਾਰਟੀਆਂ ਨੇ ਪੰਜਾਬ ਵਿੱਚ ਦਲਿਤਾਂ ਨੂੰ ਸਿਰਫ ਵੋਟ ਬੈਂਕ ਖਾਤਿਰ ਇਸਤੇਮਾਲ ਕੀਤਾ ਹੈ, ਜਦਕਿ ਉਨਾਂ ਨੂੰ ਨੁਮਾਇੰਦਗੀ ਨਹੀਂ ਦਿੱਤੀ ਗਈ।ਕੇਜਰੀਵਾਲ ਨੇ ਕਿਹਾ, ਮੈਂ ਐਲਾਨ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਦਲਿਤਾਂ ਨੂੰ ਬਣਦਾ ਮਾਣ-ਸਤਿਕਾਰ ਦੇਵੇਗੀ ਅਤੇ ਪੰਜਾਬ ਵਿੱਚ ਪਹਿਲੀ ਵਾਰ ਉਪ ਮੁੱਖ ਮੰਤਰੀ ਦੀ ਕੁਰਸੀ ਕਿਸੇ ਦਲਿਤ ਨੂੰ ਦਿੱਤੀ ਜਾਵੇਗੀ। ” ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀਆਂ 70 ਸੀਟਾਂ ਵਿੱਚੋਂ 12 ਰਾਖਵੀਆਂ ਹਨ ਤੇ ਉਨਾਂ ਸਾਰੀਆਂ ਸੀਟਾਂ ਦੀ ਨੁਮਾਇੰਦਗੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਪਾਰਟੀ ਨੇ ਦਲਿਤਾਂ ਲਈ ਵੱਖਰਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੋਵੇ। 

ਉਨਾਂ ਕਿਹਾ ਕਿ ਇਹ ਸਿਰਫ ਇੱਕ ਚੋਣ ਦਸਤਾਵੇਜ ਨਹੀਂ ਹੈ, ਬਲਕਿ ਆਮ ਆਦਮੀ ਪਾਰਟੀ ਦਾ ਦਲਿਤਾਂ ਨਾਲ ਇੱਕ ਇਕਰਾਰਨਾਮਾ ਹੈ।ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਫਾਈ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਠੇਕੇ ‘ਤੇ ਕੰਮ ਕਰ ਰਹੇ ਸਾਰੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ।ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਦਲਿਤਾਂ ਦੇ ਸਮੁੱਚੇ ਉਥਾਨ ਲਈ ਸਿੱਖਿਆ ਦੇ ਮਿਆਰ ਨੂੰ ਨਿਜੀ ਸਕੂਲਾਂ ਵਾਂਗ ਉਚਾ ਚੁੱਕਿਆ ਜਾਵੇਗਾ। ਇਸੇ ਤਰਾਂ ਦਲਿਤ ਦੇ ਵਾਰਡਾਂ ਵਿੱਚ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਹੈਲਥ ਸਿਸਟਮ ਦਾ ਢਾਂਚਾ ਵਿਗੜਿਆ ਹੋਇਆ ਹੈ। ਉਨਾਂ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਦੀ ਤਰਜ ‘ਤੇ ਪੰਜਾਬ ਦੇ ਪਿੰਡਾਂ ਵਿੱਚ ‘ਪਿੰਡ ਕਲੀਨਿਕ’ ਖੋਲੇ ਜਾਣਗੇ, ਜਿੱਥੇ ਦਵਾਈਆਂ ਅਤੇ ਟੈਸਟ ਮੁਫਤ ਮੁਹੱਈਆ ਹੋਣਗੇ।