5 Dariya News

ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਜਲਾਲਾਬਾਦ ਤੋਂ ਸੁਖਬੀਰ ਬਾਦਲ ਦੇ ਵਿਰੁੱਧ ਚੋਣ ਪਿੜ ਉਤਾਰਿਆ

ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਲਾਲਾਬਾਦ ਤੋਂ ਚੋਣ ਲੜਨ ਲਈ ਦਿੱਤਾ ਸੱਦਾ, ਕੱਲ ਨੂੰ ਕੋਟਸ਼ਮੀਰ ਦੀ ਰੈਲੀ ਵਿਚ ਕੇਜਰੀਵਾਲ ਕਰਨਗੇ ਕੈਪਟਨ ਦੇ ਵਿਦੇਸ਼ੀ ਖਾਤਿਆਂ ਦਾ ਖੁਲਾਸਾ

5 Dariya News

ਜਲਾਲਾਬਾਦ 20-Nov-2016

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਜਲਾਲਾਬਾਦ ਦੀ ਅਨਾਜ ਮੰਡੀ ਵਿਚ ਜੁੜੇ ਭਾਰੀ ਇਕੱਠ ਤੋਂ ਸਹਿਮਤੀ ਲੈਂਦਿਆਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਲਾਲਾਬਾਦ ਤੋਂ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ। ਇਸਦੇ ਨਾਲ ਹੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਅਤੇ ਸੰਗਤ ਦੇ ਹੁਕਮ ਨੂੰ ਪ੍ਰਵਾਨ ਕਰਦਿਆਂ ਜਿੱਥੇ ਸੁਖਬੀਰ ਬਾਦਲ ਦੇ ਖਿਲਾਫ ਚੋਣ ਲੜਨ ਦਾ ਐਲਾਨ ਕੀਤਾ ਉਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਉਹ ਵੀ ਪਟਿਆਲਾ ਦੀ ਥਾਂ ਜਲਾਲਾਬਾਦ ਆ ਕੇ ਹੀ ਚੋਣ ਲੜਨ। ਅਰਵਿੰਦ ਕੇਜਰੀਵਾਲ ਨੇ ਜਿਸ ਸਮੇਂ ਭਗਵੰਤ ਮਾਨ ਨੂੰ ਜਲਾਲਾਬਾਦ ਤੋਂ ਸੁਖਬੀਰ ਬਾਦਲ ਦੇ ਖਿਲਾਫ ਚੋਣ ਮੈਦਾਨ ਵਿਚ ਉਤਾਰਨ ਦਾ ਮਤਾ ਸੰਗਤ ਅੱਗੇ ਰੱਖਿਆ ਤਾਂ ਪੂਰੇ ਪੰਡਾਲ ਨੇ ਅੱਡੀਆਂ ਚੁੱਕ ਕੇ ਸਵਾਗਤ ਕੀਤਾ ਅਤੇ ਭਗਵੰਤ ਮਾਨ ਨੂੰ ਬਾਦਲ ਦੇ ਖਿਲਾਫ ਚੋਣ ਲੜਨ ਲਈ ਆਪਣੀ ਜੋਸ਼ੀਲੀ ਸਹਿਮਤੀ ਦਿੱਤੀ। ਅਰਵਿੰਦ ਕੇਜਰੀਵਾਲ ਨੇ ਨਾਲ ਹੀ ਕਿਹਾ ਕਿ ਇਹ ਲੜਾਈ ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ ਦੀ ਨਹੀਂ ਬਲਕਿ ਪੂਰੇ ਪੰਜਾਬ ਦੀ ਹੈ। ਇਸ ਲਈ ਜਲਾਲਾਬਾਦ ਦੇ ਲੋਕਾਂ ਨੂੰ ਕਾਂਗਰਸ ਅਤੇ ਅਕਾਲੀਆਂ ਖਿਲਾਫ ਖੁਦ ਲੜਨਾ ਪਵੇਗਾ। ਉਨਾਂ ਕਿਹਾ ਕਿ ਵਾਰ-ਵਾਰ ਸਾਬਿਤ ਹੋ ਚੁੱਕਿਆ ਹੈ ਕਿ ਕੈਪਟਨ ਅਤੇ ਬਾਦਲ ਆਪਸ ਵਿਚ ਇਕ ਦੂਜੇ ਨੂੰ ਬਚਾਉਣ ਲਈ ਰਲ ਕੇ ਚੋਣਾਂ ਲੜਦੇ ਰਹੇ ਹਨ। ਕੇਵਲ ਆਮ ਆਦਮੀ ਪਾਰਟੀ ਹੀ ਪੰਜਾਬ ਦੇ ਲੋਕਾਂ ਲਈ ਲੜ ਰਹੀ ਹੈ। 

ਅਰਵਿੰਦ ਕੇਜਰੀਵਾਲ ਨੇ ਨਾਲ ਹੀ ਇਕ ਹੋਰ ਮਤਾ ਰੱਖਿਆ ਕਿ ਜੇਕਰ ਸੁਖਬੀਰ ਬਾਦਲ ਆਪਣੀ ਹਾਰ ਦੇ ਡਰ ਤੋਂ ਜਲਾਲਾਬਾਦ ਹਲਕਾ ਛੱਡ ਕੇ ਭੱਜ ਜਾਂਦਾ ਹੈ ਤਾਂ ਭਗਵੰਤ ਮਾਨ ਵੀ ਪਿਛਾ ਨਾ ਛੱਡਦਾ ਹੋਇਆ ਉਸੇ ਹਲਕੇ ਤੋਂ ਚੋਣ ਲੜੇਗਾ ਜਿਥੋਂ ਸੁਖਬੀਰ ਬਾਦਲ ਚੋਣ ਲੜੇਗਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਇਕੱਠੇ ਹੋ ਕੇ ਉਨਾਂ ਨੂੰ (ਅਰਵਿੰਦ ਕੇਜਰੀਵਾਲ) ਕਾਲੀਆਂ ਝੰਡੀਆਂ ਦਿਖਾਉਦੇ ਹਨ। ਆਪਸ ਵਿਚ ਇਕ ਦੂਜੇ ਨੂੰ ਅਕਾਲੀ ਕਾਂਗਰਸੀ ਕਦੇ ਵੀ ਕਾਲੀਆਂ ਝੰਡੀਆਂ ਦਿਖਾਉਦੇ ਨਜਰ ਨਹੀਂ ਆਉਦੇ। ਇਸਤੋਂ ਵੀ ਪਤਾ ਚਲਦਾ ਹੈ ਕਿ ਅਕਾਲੀ ਅਤੇ ਕਾਂਗਰਸੀ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਚੋਣਾਂ ਲੜ ਰਹੇ ਹਨ। ਉਨਾਂ ਨਾਲ ਹੀ ਕਿਹਾ ਕਿ ਪੰਜਾਬ ਦੇ ਲੋਕ ਸਭ ਸਮਝ ਰਹੇ ਹਨ ਅਤੇ ਦਿੱਲੀ ਵਾਲਾ ਇਤਿਹਾਸ ਦੋਹਰਾ ਕੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਛੋਟੇ ਅਤੇ ਸਧਾਰਣ ਲੋਕ ਹਾਂ ਸਾਡੇ ਕੋਲ ਸੱਚ ਅਤੇ ਇਮਾਨਦਾਰੀ ਤੋਂ ਸਿਵਾਏ ਕੁਝ ਵੀ ਨਹੀਂ ਹੈ ਲੇਕਿਨ ਬਾਦਲ ਅਤੇ ਕੈਪਟਨ ਕੋਲ ਸਭ ਕੁਝ ਹੈ ਪਰੰਤੂ ਇਮਾਨਦਾਰੀ ਅਤੇ ਸੱਚੀ ਨੀਅਤ ਨਹੀਂ ਹੈ। 

ਉਨਾਂ ਨੇ ਨਾਲ ਹੀ ਐਲਾਨ ਕੀਤਾ ਕਿ ਉਹ ਕੱਲ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਵਿਦੇਸ਼ੀ ਖਾਤਿਆਂ ਦੇ ਨੰਬਰਾਂ ਦਾ ਖੁਲਾਸਾ ਕਰਨਗੇ। ਇਸ ਮੌਕੇ ਭਗਵੰਤ ਮਾਨ ਨੇ ਜਲਾਲਾਬਾਦ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਲੜਾਈ ਤੁਹਾਨੂੰ ਹੀ ਲੜਨੀ ਪਵੇਗੀ, ਪਰੰਤੂ ਬਾਦਲਾਂ ਤੋਂ ਬਿਲਕੁਲ ਵੀ ਡਰਨ ਦੀ ਜਰੂਰਤ ਨਹੀਂ ਹੈ। ਉਨਾਂ ਨੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਆਮ ਉਮੀਦਵਾਰ ਅਕਾਲੀ ਅਤੇ ਕਾਂਗਰਸੀਆਂ ਦੇ ਵੱਡੇ ਵੱਡੇ ਥੰਮਾਂ ਨੂੰ ਡੇਗਣਗੇ। ਇਸ ਮੌਕੇ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਸੰਜੇ ਸਿੰਘ, ਐਮ.ਪੀ ਪ੍ਰੋ. ਸਾਧੂ ਸਿੰਘ , ਐਚ.ਐਸ ਫੂਲਕਾ, ਜਗਮੀਤ ਬਰਾੜ ਸਾਬਕਾ ਐਮਪੀ, ਸੁਖਪਾਲ ਸਿੰਘ ਖਹਿਰਾ, ਐਮ.ਐਲ.ਏ (ਦਿੱਲੀ) ਜਰਨੈਲ ਸਿੰਘ, ਮੋਹਨ ਸਿੰਘ ਫਲੀਆਂਵਾਲਾ, ਜਨਰਲ ਸਕੱਤਰ ਗੁਲਸ਼ਨ ਛਾਬੜਾ, ਗੁਰੂ ਹਰਸਾਏ ਤਂੋ ਉਮੀਦਵਾਰ ਮਲਕੀਤ ਸਿੰਘ ਥਿੰਦ, ਫਾਜਿਲਕਾ ਤੋਂ ਉਮੀਦਵਾਰ ਸਮਰਬੀਰ ਸਿੰਘ, ਮਲੋਟ ਤੋਂ ਉਮੀਦਵਾਰ ਪਿ੍ਰੰਸੀਪਲ ਬਲਦੇਵ ਸਿੰਘ, ਫਰੀਦਕੋਟ ਤੋਂ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ, ਬਲੂਆਣਾ ਤੋਂ ਗਿਰੀਰਾਜ ਰਾਜੌਰਾ, ਮੁਕਤਸਰ ਤੋਂ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਆਦਿ ਹਾਜਰ ਸਨ।