5 Dariya News

ਕਬੱਡੀ ਵਿੱਚ ਭਾਰਤ ਦੀ ਬਾਦਸ਼ਾਹਤ ਕਾਇਮ, ਪੁਰਸ਼ ਤੇ ਮਹਿਲਾ ਟੀਮਾਂ ਬਣੀਆਂ ਵਿਸ਼ਵ ਚੈਂਪੀਅਨ

ਪੁਰਸ਼ਾਂ ਦੇ ਫਾਈਨਲ ਵਿੱਚ ਭਾਰਤ ਨੇ ਇੰਗਲੈਂਡ ਨੂੰ 62-20 ਨਾਲ ਹਰਾ ਕੇ ਲਗਾਤਾਰ ਛੇਵੀਂ ਵਾਰ ਖਿਤਾਬ ਜਿੱਤਿਆ

5 Dariya News

ਜਲਾਲਾਬਾਦ 17-Nov-2016

ਸਰਕਲ ਸਟਾਈਲ ਕਬੱਡੀ ਵਿੱਚ ਭਾਰਤ ਨੇ ਆਪਣੀ ਬਾਦਸ਼ਾਹਤ ਕਾਇਮ ਰੱਖਦਿਆਂ ਪੁਰਸ਼ ਤੇ ਮਹਿਲਾ ਦੋਵਾਂ ਵਰਗ ਦਾ ਵਿਸ਼ਵ ਖਿਤਾਬ ਆਪਣੀ ਝੋਲੀ ਪਾਇਆ। ਜਲਾਲਾਬਾਦ ਦੇ ਮਲਟੀਪਰਪਜ਼ ਸਪੋਰਟਸ ਸਟੇਡੀਅਮ ਵਿਖੇ ਦਰਸ਼ਕਾਂ ਦੇ ਭਾਰੀ ਇਕੱਠ ਵਿੱਚ ਅੱਜ ਡਾ.ਬੀ.ਆਰ.ਅੰਬੇਦਕਰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ ਸਮਾਪਤੀ ਸਮਾਰੋਹ ਤੋਂ ਪਹਿਲਾਂ ਪੁਰਸ਼ ਤੇ ਮਹਿਲਾ ਵਰਗ ਦੇ ਫਾਈਨਲ ਅਤੇ ਤੀਜੀ ਪੁਜੀਸ਼ਨ ਵਾਲੇ ਮੈਚ ਖੇਡੇ ਗਏ। ਜਲਾਲਾਬਾਦ ਨੂੰ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ਮੁਕਾਬਲਿਆਂ ਅਤੇ ਸਮਾਪਤੀ ਸਮਾਰੋਹ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ। ਵਿਸ਼ਵ ਕੱਪ ਦੇ ਸ਼ਾਨਦਾਰ ਫਾਈਨਲ ਨਾਲ ਸਰਹੱਦੀ ਜ਼ਿਲੇ ਫਾਜ਼ਿਲਕਾ ਦਾ ਇਹ ਛੋਟਾ ਜਿਹਾ ਸ਼ਹਿਰ ਜਲਾਲਾਬਾਦ ਕੌਮਾਂਤਰੀ ਖੇਡ ਨਕਸ਼ੇ 'ਤੇ ਚਮਕ ਗਿਆ। ਪੰਜਵੇਂ ਵਿਸ਼ਵ ਕੱਪ ਦੇ ਮੈਚਾਂ ਦੌਰਾਨ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜੋ ਜਲਾਲਾਬਾਦ ਤੋਂ ਵਿਧਾਇਕ ਹਨ, ਨੇ ਦਰਸ਼ਕਾਂ ਨੂੰ ਵਾਅਦਾ ਕੀਤਾ ਸੀ ਕਿ ਅਗਲੇ ਵਿਸ਼ਵ ਕੱਪ ਦਾ ਫਾਈਨਲ ਜਲਾਲਾਬਾਦ ਵਿਖੇ ਕਰਵਾਇਆ ਜਾਵੇਗਾ ਜਿਸ ਨੂੰ ਅੱਜ ਪੂਰਾ ਕੀਤਾ ਗਿਆ।ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅੱਜ ਦੇ ਫਾਈਨਲ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਜਦੋਂ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸਮਾਪਤੀ ਸਮਾਰੋਹ ਤੇ ਫਾਈਨਲ ਮੁਕਾਬਲਿਆਂ ਦੀ ਪ੍ਰਧਾਨਗੀ ਕੀਤੀ। ਅੱਜ ਦੇ ਫਾਈਨਲ ਮੈਚਾਂ ਅਤੇ ਸਮਾਪਤੀ ਸਮਾਰੋਹ ਲਈ ਤਨਜ਼ਾਨੀਆ ਦੇ ਕਾਰਜਕਾਰੀ ਹਾਈ ਕਮਿਸ਼ਨਰ ਮਿਸਟਰ ਮੁਹੰਮਦ ਹਿਜ਼ਾ ਮੁਹੰਮਦ ਉਚੇਚੇ ਤੌਰ 'ਤੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਹੋਏ ਸਨ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੁਰਸ਼ ਵਰਗ ਦੇ ਫਾਈਨਲ ਵਿੱਚ ਖੇਡ ਰਹੀਆਂ ਭਾਰਤ ਤੇ ਇੰਗਲੈਂਡ ਅਤੇ ਮਹਿਲਾ ਵਰਗ ਦੇ ਫਾਈਨਲ ਵਿੱਚ ਖੇਡ ਰਹੀਆਂ ਭਾਰਤ ਤੇ ਅਮਰੀਕਾ ਦੀਆਂ ਟੀਮਾਂ ਨਾਲ ਜਾਣ-ਪਛਾਣ ਕੀਤੀ। ਅੱਜ ਦੇ ਮੁਕਾਬਲਿਆਂ ਸਟੇਡੀਅਮ ਖਚਾਖਚ ਭਰਿਆ ਹੋਇਆ ਅਤੇ ਸਾਰੇ 4 ਮੈਚਾਂ ਵਿੱਚ ਦਰਸ਼ਕਾਂ ਨੇ ਇਕ-ਇਕ ਰੇਡ 'ਤੇ ਜ਼ੋਰਦਾਰ ਤਾੜੀਆਂ ਨਾਲ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਸਟੇਡੀਅਮ ਵਿੱਚ ਸਾਰਾ ਸਮਾਂ ਤਾੜੀਆਂ ਦੀ ਗੜਗੜਾਹਟ ਗੂੰਜਦੀ ਰਹੀ। ਦੋਵੇਂ ਫਾਈਨਲ ਸਮੇਂ ਦੋਵੇਂ ਮੁਲਕਾਂ ਦੇ ਰਾਸ਼ਟਰੀ ਗਾਣ ਉਪਰੰਤ ਦਰਸ਼ਕਾਂ ਨੇ ਤਾੜੀਆਂ ਮਾਰ ਕੇ ਦੋਵੇਂ ਟੀਮਾਂ ਨੂੰ ਖੂਬ ਦਾਦ ਦਿੱਤੀ।

ਰੰਗਾਰੰਗ ਸਮਾਪਤੀ ਸਮਾਰੋਹ ਤੋਂ ਪਹਿਲਾਂ ਹੋਏ ਪੁਰਸ਼ਾਂ ਦੇ ਫਾਈਨਲ ਵਿੱਚ ਭਾਰਤ ਨੇ ਇੰਗਲੈਂਡ ਨੂੰ 62-20 ਨਾਲ ਹਰਾ ਕੇ ਲਗਾਤਾਰ ਛੇਵੀਂ ਵਾਰ ਵਿਸ਼ਵ ਕੱਪ 'ਤੇ ਕਬਜ਼ਾ ਜਮਾਉਂਦਿਆਂ ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਵੀ ਜਿੱਤਿਆ। ਦੂਜੇ ਪਾਸੇ ਮਹਿਲਾ ਵਰਗ ਦੇ ਫਾਈਨਲ ਵਿੱਚ ਭਾਰਤ ਦੀ ਟੀਮ ਨੇ ਅਮਰੀਕਾ ਨੂੰ 45-10 ਨਾਲ ਹਰਾ ਕੇ ਲਗਾਤਾਰ ਪੰਜਵੀਂ ਵਾਰ ਵਿਸ਼ਵ ਖਿਤਾਬ ਜਿੱਤਦਿਆਂ ਇਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ। ਇਸ ਤਰ੍ਹਾਂ ਵਿਸ਼ਵ ਕੱਪ ਜਿੱਤਣ ਵਿੱਚ ਭਾਰਤ ਦੀਆਂ ਦੋਵੇਂ ਪੁਰਸ਼ ਤੇ ਮਹਿਲਾ ਟੀਮਾਂ ਨੇ 100 ਫੀਸਦੀ ਰਿਕਾਰਡ ਬਰਕਰਾਰ ਰੱਖਿਆ। ਪਹਿਲੀ ਵਾਰ ਫਾਈਨਲ ਵਿੱਚ ਪੁੱਜੀ ਇੰਗਲੈਂਡ ਦੀ ਪੁਰਸ਼ ਟੀਮ ਨੇ ਉਪ ਜੇਤੂ ਰਹਿੰਦਿਆਂ ਇਕ ਕਰੋੜ ਰੁਪਏ ਦਾ ਇਨਾਮ ਅਤੇ ਮਹਿਲਾ ਵਰਗ ਵਿੱਚ ਵੀ ਪਹਿਲੀ ਵਾਰ ਫਾਈਨਲ ਖੇਡਣ ਵਾਲੀ ਅਮਰੀਕਾ ਦੀ ਟੀਮ ਨੇ ਉਪ ਜੇਤੂ ਦਾ ਖਿਤਾਬ ਜਿੱਤਦਿਆਂ 51 ਲੱਖ ਰੁਪਏ ਦਾ ਇਨਾਮ ਜਿੱਤਿਆ।ਇਸ ਤੋਂ ਪਹਿਲਾਂ ਪੁਰਸ਼ ਵਰਗ ਦੇ ਤੀਜੀ ਪੁਜੀਸ਼ਨ ਦੇ ਖੇਡੇ ਗਏ ਮੈਚ ਵਿੱਚ ਅਮਰੀਕਾ ਨੇ ਇਰਾਨ  ਫਸਵੇਂ ਮੁਕਾਬਲੇ ਵਿੱਚ 43-38 ਨਾਲ ਹਰਾ ਕੇ ਤੀਜਾ ਸਥਾਨ ਅਤੇ ਮਹਿਲਾ ਵਰਗ ਵਿੱਚ ਨਿਊਜ਼ੀਲੈਂਡ ਨੇ ਕੀਨੀਆ ਨੂੰ 42-21 ਨਾਲ ਹਰਾ ਕੇ ਤੀਜਾ ਸਥਾਨ ਮੱਲਿਆ। ਪੁਰਸ਼ ਵਰਗ ਵਿੱਚ ਤੀਜੇ ਸਥਾਨ 'ਤੇ ਰਹੀ ਅਮਰੀਕਾ ਟੀਮ ਨੂੰ 51 ਲੱਖ ਰੁਪਏ ਜਦੋਂ ਕਿ ਮਹਿਲਾ ਵਰਗ ਵਿੱਚ ਤੀਜਾ ਸਥਾਨ ਹਾਸਲ ਕਰਨ ਵਾਲੀ ਨਿਊਜ਼ੀਲੈਂਡ ਟੀਮ ਨੇ 25 ਲੱਖ ਰੁਪਏ ਦਾ ਇਨਾਮ ਜਿੱਤਿਆ।ਪੁਰਸ਼ ਵਰਗ ਦਾ ਫਾਈਨਲ ਮੁਕਾਬਲਾ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਜਿਸ ਵਿੱਚ ਭਾਰਤੀ ਟੀਮ ਦੇ ਰੇਡਰ ਤੇ ਜਾਫੀ ਆਪਣੀ ਪੂਰੀ ਫਾਰਮ ਵਿੱਚ ਖੇਡੇ ਅਤੇ ਭਾਰਤ ਨੂੰ ਆਸਾਨ ਜਿੱਤ ਨਾਲ ਲਗਾਤਾਰ ਛੇਵੀਂ ਵਾਰ ਵਿਸ਼ਵ ਚੈਂਪੀਅਨ ਬਣਾਇਆ। ਭਾਰਤ ਨੇ ਫਾਈਨਲ ਮੈਚ 62-20 ਨਾਲ ਜਿੱਤਿਆ। ਭਾਰਤ ਵੱਲੋਂ ਰੇਡਰ ਸੰਦੀਪ ਸੁਰਖਪੁਰ ਤੇ ਸੁਲਤਾਨ ਨੇ 10-10 ਅੰਕ ਲਏ ਜਦੋਂ ਕਿ ਭਾਰਤ ਦੇ ਕਪਤਾਨ ਖੁਸ਼ੀ ਨੇ ਰਿਕਾਰਡ ਨੂੰ 16 ਜੱਫੇ ਲਾ ਕੇ ਕਪਤਾਨੀ ਖੇਡ ਦਿਖਾਈ। ਭਾਰਤ ਦੇ ਇਕ ਹੋਰ ਸਟਾਰ ਜਾਫੀ ਗੁਰਪ੍ਰੀਤ ਸਿੰਘ ਗੋਪੀ ਮਾਣਕੀ ਨੇ ਵੀ 5 ਜੱਫੇ ਲਾਏ। ਇੰਗਲੈਂਡ ਵੱਲੋਂ ਰੇਡਰ ਨਰਵਿੰਦਰ ਬਦੇਸ਼ਾ ਨੇ 5 ਤੇ ਗੁਰਦਿੱਤ ਬਦੇਸ਼ਾ ਨ 4 ਅੰਕ ਬਟੋਰੇ ਜਦੋਂ ਕਿ ਜਾਫੀ ਸੰਦੀਪ ਸੰਧੂ ਨੰਗਲ ਅੰਬੀਆ ਨੇ 4 ਜੱਫੇ ਲਾਏ।

ਮਹਿਲਾ ਵਰਗ ਦੇ ਫਾਈਨਲ ਵਿੱਚ ਆਸ ਅਨੁਸਾਰ ਅਤੇ ਭਾਰਤੀ ਟੀਮ ਨੇ ਆਪਣੀ ਜੇਤੂ ਲੈਅ ਨੂੰ ਕਾਇਮ ਰੱਖਦਿਆਂ ਅਮਰੀਕਾ ਨੂੰ 45-10 ਨਾਲ ਹਰਾ ਕੇ ਲਗਾਤਾਰ ਪੰਜਵਾਂ ਵਿਸ਼ਵ ਖਿਤਾਬ ਜਿੱਤਿਆ। ਭਾਰਤ ਵੱਲੋਂ ਰੇਡਰ ਸੁਮਨ ਗਿੱਲ ਨੇ 6, ਸੁਖਜਿੰਦਰ ਕੌਰ ਨੇ 5 ਤੇ ਹਰਵਿੰਦਰ ਕੌਰ ਨੇ 4 ਅੰਕ ਲਏ ਜਦੋਂ ਕਿ ਜਾਫੀ ਰਣਦੀਪ ਕੌਰ ਨੇ 6 ਤੇ ਮਨਦੀਪ ਕੌਰ ਛੀਨਾ ਨੇ 5 ਜੱਫੇ ਲਾਏ। ਅਮਰੀਕਾ ਦੀ ਟੀਮ ਵੱਲੋਂ ਗੁਰਅੰਮ੍ਰਿਤ ਖਾਲਸਾ ਨੇ 3 ਅੰਕ ਲਏ ਅਤੇ ਜਾਫ ਲਾਈਨ ਵਿੱਚੋਂ ਕੈਂਡਿਸ ਨੇ 2 ਤੇ ਮਾਇਆ ਨੇ 1 ਜੱਫਾ ਲਾਇਆ।ਪੁਰਸ਼ ਦੇ ਤੀਜੇ ਸਥਾਨ ਵਾਲੇ ਮੈਚ ਵਿੱਚ ਅਮਰੀਕਾ ਨੇ ਇਰਾਨ ਨੂੰ 43-38 ਹਰਾਇਆ। ਇਸ ਤੋਂ ਪਹਿਲਾਂ ਲੀਗ ਮੈਚ ਵਿੱਚ ਇਰਾਨ ਨੇ ਅਮਰੀਕਾ ਨੂੰ ਹਰਾਇਆ ਸੀ ਪਰ ਤੀਜੇ ਸਥਾਨ ਵਾਲੇ ਮੈਚ ਵਿੱਚ ਅਮਰੀਕਾ ਨੇ ਜਬਰਦਸਤ ਖੇਡ ਦਿਖਾਉਂਦਿਆਂ ਜਿੱਤ ਪ੍ਰਾਪਤ ਕਰ ਕੇ 51 ਲੱਖ ਰੁਪਏ ਦਾ ਇਨਾਮ ਜਿੱਤਿਆ। ਅਮਰੀਕਾ ਦੀ ਟੀਮ ਨੇ ਇਰਾਨ ਨੂੰ ਫਸਵੇਂ ਮੁਕਾਬਲੇ ਵਿੱਚ 43-38 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਇਰਾਨ ਨੂੰ ਇਸ ਮੈਚ ਲਈ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਅਤੇ ਇਰਾਨ ਨੇ ਸ਼ੁਰੂਆਤ ਵਿੱਚ ਥੋੜੀ ਲੀਡ ਵੀ ਬਣਾ ਲਈ ਪਰ ਅਮਰੀਕਾ ਦੇ ਰੇਡਰਾਂ ਤੇ ਜਾਫੀਆਂ ਵੱਲੋਂ ਦਿਖਾਈ ਜੁਝਾਰੂ ਖੇਡ ਨੇ ਮੈਚ ਨੂੰ ਕਈ ਮੌਕਿਆਂ 'ਤੇ ਬਰਾਬਰੀ ਉਪਰ ਲੈ ਆਂਦਾ ਅਤੇ ਅਤੇ ਅਮਰੀਕਾ ਨੇ ਜਿੱਤ ਹਾਸਲ ਕਰਦਿਆਂ ਤੀਜਾ ਸਥਾਨ ਹਾਸਲ ਕਰ ਲਿਆ। ਅਮਰੀਕਾ ਵੱਲੋਂ ਰੇਡਰ ਇੰਦਰਦੀਪ ਸਿੰਘ ਜੱਜ ਨੇ 11 ਤੇ ਬਲਜੀਤ ਸਿੰਘ ਨੇ 9 ਅੰਕ ਲਏ ਜਦੋਂ ਕਿ ਜਾਫੀ ਨਵਪ੍ਰੀਤ ਜੌਹਲ ਨੇ 8 ਅਤੇ ਗੁਰਮਨ ਤੇ ਹਰਜਿੰਦਰ ਸਿੰਘ ਨੇ 3-3 ਜੱਫੇ ਲਾਏ। ਇਰਾਨ ਵੱਲੋਂ ਰੇਡਰ ਸ਼ੇਆਨ ਨੇ 8 ਅਤੇ ਬਹਿਨਾਮ ਤੇ ਮਾਈਸਨ ਨੇ 5-5 ਅੰਕ ਬਟੋਰੇ ਅਤੇ ਜਾਫ ਲਾਈਨ ਵਿੱਚੋਂ ਹਾਮਿਦ ਨੇ 6 ਤੇ ਅਲੀਰੇਜ਼ਾ ਨੇ 4 ਜੱਫੇ ਲਾਏ।ਮਹਿਲਾ ਵਰਗ ਦੇ ਤੀਜੇ ਸਥਾਨ ਵਾਲੇ ਮੈਚ ਵਿੱਚ ਪਿਛਲੇ ਸਾਲ ਦੀ ਉਪ ਜੇਤੂ ਨਿਊਜ਼ੀਲੈਂਡ ਦੀ ਟੀਮ ਨੇ ਪਹਿਲੀ ਵਾਰ ਸੈਮੀ ਫਾਈਨਲ ਤੱਕ ਸਫਰ ਤੈਅ ਕਰਨ ਵਾਲੀ ਕਿਸੇ ਅਫਰੀਕਨ ਮੁਲਕ ਦੀ ਟੀਮ ਕੀਨੀਆ ਨੂੰ 42-21 ਨਾਲ ਹਰਾਇਆ। ਇਸ ਮੈਚ ਦਾ ਸਕੋਰ ਭਾਵੇਂ ਇਕਪਾਸੜ ਰਿਹਾ ਪਰ ਕੀਨੀਆ ਦੀਆਂ ਖਿਡਾਰਨਾਂ ਨੇ ਸੰਘਰਸ਼ਪੂਰਨ ਖੇਡ ਦਿਖਾ ਕੇ ਦਰਸ਼ਕਾਂ ਦੇ ਦਿਲ ਜਿੱਤੇ। ਨਿਊਜ਼ੀਲੈਂਡ ਵੱਲੋਂ ਰੇਡਰ ਪਰੇਸੀ ਨੇ 8, ਜਾਇਲਾ ਨੇ 6 ਤੇ ਮੈਰੀ ਨੇ 4 ਅੰਕ ਲਏ ਜਦੋਂ ਕਿ ਜਾਫੀਆਂ ਵਿੱਚੋਂ ਕੈਥਲੀਨਾ ਨੇ 6, ਟਾਈਲਾ ਫੋਰਡ ਨੇ 5 ਤੇ ਮੈਰੀ ਨੇ 4 ਜੱਫੇ ਲਾਏ। ਕੀਨੀਆ ਵੱਲੋਂ ਰੇਡਰ ਸੋਫੀਆ ਨੇ 6 ਤੇ ਲਿਲੀਅਨ ਨੇ 5 ਅੰਕ ਲਏ ਅਤੇ ਮੈਸੀ ਨੇ 5 ਤੇ ਕੈਮੀਲਾ ਨੇ 3 ਜੱਫੇ ਲਾਏ।ਇਸ ਮੌਕੇ ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ, ਵਿਧਾਇਕ ਸ. ਗੁਰਤੇਜ ਸਿੰਘ ਘੁੜਿਆਣਾ, ਉਪ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਸਤਿੰਦਰਜੀਤ ਸਿੰਘ ਮੰਟਾ, ਖੇਡ ਵਿਭਾਗ ਦੇ ਸਕੱਤਰ ਸ੍ਰੀ ਵੀ.ਪੀ.ਸਿੰਘ, ਡਾਇਰੈਕਟਰ ਸ੍ਰੀ ਰਾਹੁਲ ਗੁਪਤਾ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ. ਤੇਜਿੰਦਰ ਸਿੰਘ ਮਿੱਡੂਖੇੜਾ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਮਨਵੇਸ਼ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਐਸ.ਐਸ.ਪੀ. ਡਾ.ਨਰਿੰਦਰ ਭਾਰਗਵ, ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਰੁਪਿੰਦਰ ਰਵੀ ਤੇ ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ ਵੀ ਹਾਜ਼ਰ ਸਨ।